ਬਿਓਰੋ। ਉੱਤਰਾਖੰਡ ਦੇ ਰੁਦਰਪੁਰ ਤੋਂ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਕਥਿਤ ਤੌਰ ‘ਤੇ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਦਿਨ-ਦਿਹਾੜੇ 2 ਸਕੇ ਭਰਾਵਾਂ ਦਾ ਉਹਨਾਂ ਦੇ ਪਿਤਾ ਦੀਆਂ ਅੱਖਾਂ ਦੇ ਸਾਹਮਣੇ ਤਾਬੜਤੋੜ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਕ, ਗੁਰਭੇਜ ਸਿੰਘ ਅਤੇ ਗੁਰਕੀਰਤਨ ਸਿੰਘ ਨਾਮੀ ਦੋਵੇਂ ਭਰਾ ਰੁਦਰਪੁਰ ਦੇ ਨਜ਼ਦੀਕੀ ਪਿੰਡ ਪ੍ਰੀਤਨਗਰ ਦੇ ਰਹਿਣ ਵਾਲੇ ਸਨ। ਵਾਰਦਾਤ ਵੇਲੇ ਦੋਵੇਂ ਭਰਾ ਖੇਤਾਂ ‘ਚ ਕੰਮ ਕਰ ਰਹੇ ਸਨ ਅਤੇ ਉਹਨਾਂ ਦੇ ਪਿਤਾ ਸਾਹਮਣੇ ਹੀ ਦਰਖਤ ਦੀ ਛਾਂ ਹੇਠਾਂ ਬੈਠੇ ਸਨ। ਪਿਤਾ ਦੋਵੇਂ ਪੁੱਤਰਾਂ ਨੂੰ ਰੋਟੀ ਖਾਣ ਲਈ ਘਰ ਚੱਲਣ ਨੂੰ ਕਹਿ ਰਹੇ ਸਨ ਕਿ ਅਚਾਨਕ ਹਮਲਾਵਰਾਂ ਨੇ ਉਥੇ ਪਹੁੰਚ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਲੱਗਣ ਦੇ ਚਲਦੇ ਇੱਕ ਪੁੱਤਰ ਨੇ ਮੌਕੇ ‘ਤੇ ਦਮ ਤੋੜ ਦਿੱਤਾ, ਤਾਂ ਦੂਜੇ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ।
SGPC ਨੇ ਮੰਗੀ ਸਖਤ ਕਾਰਵਾਈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸ ਮਾਮਲੇ ਦੀ ਨਿੰਦਾ ਕਰਦਿਆਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਨਾਲ ਹੀ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਏ ਜਾਣ ਲਈ ਵੀ ਕਿਹਾ ਹੈ। ਉਹਨਾਂ ਵੱਲੋਂ ਸਿੱਖ ਮਿਸ਼ਨ ਕਾਸ਼ੀਪੁਰ ਦੇ ਇੰਚਾਰਜ ਅਤੇ ਪ੍ਰਚਾਰਕਾਂ ਨੂੰ ਘਟਨਾ ਸਥਾਨ ’ਤੇ ਜਾਣ ਦੀ ਡਿਊਟੀ ਵੀ ਲਗਾਈ ਗਈ ਹੈ।
ਦੋਸ਼ੀ ਜਲਦ ਗ੍ਰਿਫ਼ਤਾਰ ਹੋਣ- ਸੁਖਬੀਰ
Two young Sikh brothers were shot dead in broad daylight on their farmland in an Uttarakhand village. Since the incident has created restlessness & panic among the community,I strongly urge CM @TIRATHSRAWAT to ensure that perpetrators of this crime are arrested without any delay.
— Sukhbir Singh Badal (@officeofssbadal) June 16, 2021
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਪੂਰੇ ਮਾਮਲੇ ਦੀ ਸਖਤ ਸ਼ਬਦਾਂ ‘ਚ ਨਿੰਦਾ ਕੀਤੀ ਹੈ। ਉਹਨਾਂ ਨੇ ਟਵੀਟ ਕਰਕੇ ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਤੋਂ ਮੰਗ ਕੀਤੀ ਹੈ ਕਿ ਇਸ ਗੁਨਾਹ ਦੇ ਦੋਸ਼ੀ ਬਿਨ੍ਹਾਂ ਕਿਸੇ ਦੇਰੀ ਦੇ ਗ੍ਰਿਫ਼ਤਾਰ ਕੀਤੇ ਜਾਣ।