ਬਠਿੰਡਾ। ਬੁੱਧਵਾਰ ਨੂੰ ਬਠਿੰਡਾ ਦੇ ਪਿੰਡ ਨਰੂਆਣਾ ‘ਚ ਦੋਹਰੇ ਕਤਲ ਦਾ ਮਾਮਲਾ ਸਾਹਮਣੇ ਆਇਆ। ਇਥੇ ਗੈਂਗਸਟਰ ਕੁਲਬੀਰ ਨਰੂਆਣਾ ਨੂੰ ਉਸਦੇ ਹੀ ਕਰੀਬੀ ਰਹੇ ਮਨਪ੍ਰੀਤ ਸਿੰਘ ਮੰਨਾ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਦੌਰਾਨ ਗੈਂਗਸਟਰ ਦੇ ਸਾਥੀ ਚਮਕੌਰ ਸਿੰਘ ਨੂੰ ਵੀ ਗੱਡੀ ਹੇਠਾਂ ਕੁਚਲ ਕੇ ਮਾਰ ਦਿੱਤਾ ਗਿਆ।
ਘਰ ਅੰਦਰ ਵੜ ਕੇ ਹੀ ਦਿੱਤਾ ਅੰਜਾਮ
ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਮਨਪ੍ਰੀਤ ਸਿੰਘ ਮੰਨਾ ਵੱਲੋਂ ਗੈਂਗਸਟਰ ਨਰੂਆਣਾ ਦੇ ਘਰ ਅੰਦਰ ਵੜ ਕੇ ਹੀ ਕਤਲ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਵਾਰਦਾਤ ਦਾ ਸਮਾਂ ਵੀ ਸਵੇਰੇ ਕਰੀਬ 7.30 ਵਜੇ ਦਾ ਚੁਣਿਆ ਗਿਆ। ਯਾਨੀ ਉਹ ਸਮਾਂ, ਜਦੋਂ ਕੋਈ ਸ਼ਖਸ ਅਜਿਹੀ ਕਿਸੇ ਘਟਨਾ ਦਾ ਜਵਾਬ ਦੇਣ ਲਈ ਬਿਲਕੁੱਲ ਤਿਆਰ ਨਾ ਹੋਵੇ।
ਮੁਲਜ਼ਮ ਨੂੰ ਵੀ ਵੱਜੀ ਗੋਲੀ, ਗ੍ਰਿਫ਼ਤਾਰ
ਜਾਣਕਾਰੀ ਮੁਤਾਬਕ, ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਗੈਂਗਸਟਰ ਨਰੂਆਣਾ ਦੇ ਦੋਸਤਾਂ ਨੇ ਮੁਲਜ਼ਮ ਮੰਨਾ ‘ਤੇ ਗੋਲੀਆਂ ਚਲਾਈਆਂ, ਜਿਹਨਾਂ ‘ਚੋਂ ਇੱਕ ਉਸਨੂੰ ਜਾ ਵੱਜੀ ਅਤੇ ਉਹ ਜ਼ਖਮੀ ਹੋ ਗਿਆ। ਹਾਲਾਂਕਿ ਬਾਵਜੂਦ ਇਸਦੇ ਉਹ ਭੱਜ ਨਿਕਲਣ ‘ਚ ਕਾਮਯਾਬ ਹੋ ਗਿਆ, ਪਰ ਵਾਰਦਾਤ ਦੇ ਕੁਝ ਹੀ ਸਮੇਂ ਬਾਅਦ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ‘ਚ ਕਾਮਯਾਬ ਹੋ ਗਈ।
ਕੁਝ ਦਿਨ ਪਹਿਲਾਂ ਵੀ ਹੋਇਆ ਸੀ ਹਮਲਾ
ਦੱਸ ਦਈਏ ਕਿ ਗੈਂਗਸਟਰ ਨਰੂਆਣਾ ‘ਤੇ 10-15 ਦਿਨ ਪਹਿਲਾਂ ਵੀ ਕੁਝ ਵਿਰੋਧੀਆਂ ਨੇ ਫ਼ਾਇਰਿੰਗ ਕੀਤੀ ਸੀ। ਹਾਲਾਂਕਿ ਨਰੂਆਣਾ ਦੀ ਗੱਡੀ ਬੁਲੇਟ ਪਰੂਫ ਹੋਣ ਦੇ ਚਲਦੇ ਉਹ ਵਾਲ-ਵਾਲ ਬੱਚ ਗਿਆ।