December 3, 2022
(Amritsar)
ਅੰਮ੍ਰਿਤਸਰ ਵਿੱਚ ਕੋਰਟ ਕੰਪਲੈਕਸ ‘ਚੋਂ 2 ਹਵਾਲਾਤੀ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਏ। ਹਾਲਾਂਕਿ ਉਹਨਾਂ ‘ਚੋਂ ਇੱਕ ਨੂੰ ਪੁਲਿਸ ਨੇ ਕਾਬੂ ਕਰ ਲਿਆ, ਪਰ ਦੂਜਾ ਭੱਜਣ ‘ਚ ਕਾਮਯਾਬ ਰਿਹਾ। ਘਟਨਾ 2 ਦਸੰਬਰ ਦੁਪਹਿਰ ਦੀ ਹੈ। ਪਰ ਜੋ ਜਾਣਕਾਰੀ ਹੁਣ ਸਾਹਮਣੇ ਆ ਰਹੀ ਹੈ, ਉਹ ਪੁਲਿਸ ‘ਤੇ ਕਈ ਸਵਾਲ ਖੜ੍ਹੇ ਕਰਦੀ ਹੈ। ਪੁਲਿਸ ਦੀ ਗ੍ਰਿਫ਼ਤ ‘ਚੋਂ ਭੱਜਿਆ ਨਿਤਿਨ ਨਾਹਰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਗੁਰਗਾ ਦੱਸਿਆ ਜਾ ਰਿਹਾ ਹੈ, ਜਿਸ ਨੂੰ ਲਾਰੈਂਸ ਧਮਕਾਉਣ ਅਤੇ ਫਿਰੌਤੀਆਂ ਦੇ ਮਾਮਲਿਆਂ ਵਿੱਚ ਇਸਤੇਮਾਲ ਕਰਦਾ ਹੈ।
ਪੁਲਿਸ ਦੀ ਵੱਡੀ ਲਾਪਰਵਾਹੀ
ਨਿਤਿਨ ਦੇ ਖਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜਨ ਭਰ ਦੇ ਕਰੀਬ ਮਾਮਲੇ ਦਰਜ ਹਨ। ਅਜਿਹੇ ਸ਼ਾਤਰ ਅਪਰਾਧੀ ਅਤੇ ਉਸਦੇ ਦੂਜੇ ਮੈਂਬਰ ਸਾਹਿਲ ਦੇ ਨਾਲ ਤਰਨਤਾਰਨ ਪੁਲਿਸ ਨੇ ਸਿਰਫ਼ ਇੱਕ ਹੀ ਪੁਲਿਸ ਮੁਲਾਜ਼ਮ ਨੂੰ ਸੁਰੱਖਿਆ ਲਈ ਭੇਜਿਆ। ਇਸੇ ਦਾ ਫ਼ਾਇਦਾ ਚੁੱਕ ਕੇ ਉਹ ਭੱਜ ਨਿਕਲਿਆ।
ਗੋਇੰਦਵਾਲ ਜੇਲ੍ਹ ‘ਚ ਬੰਦ ਸੀ ਨਿਤਿਨ
ਨਿਤਿਨ ਨੂੰ ਪੰਜਾਬ ਪੁਲਿਸ ਨੇ ਗੋਇੰਦਵਾਲ ਜੇਲ੍ਹ ਵਿੱਚ ਬੰਦ ਕਰਕੇ ਰੱਖਿਆ ਹੋਇਆ ਸੀ। ਮੋਹਾਲੀ ਤੋਂ ਇਲਾਵਾ ਉਸ ‘ਤੇ ਤਰਨਤਾਰਨ ਵਿੱਚ ਵੀ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਹੈ। ਇਥੋਂ ਪੁਲਿਸ ਉਸ ਨੂੰ ਪੇਸ਼ੀ ਲਈ ਅੰਮ੍ਰਿਤਸਰ ‘ਚ ਕੋਰਟ ਕੰਪਲੈਕਸ ਵਿਖੇ ਲਿਆਈ ਸੀ।