ਚੰਡੀਗੜ੍ਹ, September 3, 2022
IPS ਗੌਰਵ ਯਾਦਵ ਹੀ ਪੰਜਾਬ ਦੇ DGP ਬਣੇ ਰਹਿਣਗੇ। ਸੂਬੇ ਦੀ ‘ਆਪ’ ਸਰਕਾਰ ਨੇ UPSC ਦੀ ਮਨਜ਼ੂਰੀ ਨਾਲ ਲੱਗੇ DGP ਭਵਰਾ ਨੂੰ ਟਰਾੰਸਫਰ ਕੀਤੇ ਜਾਣ ਦੇ ਆਰਡਰ ਜਾਰੀ ਕਰ ਦਿੱਤੇ ਹਨ। DGP ਵੀਕੇ ਭਵਰਾ ਨੂੰ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਲਾਇਆ ਗਿਆ ਹੈ। ਭਵਰਾ 4 ਸਤੰਬਰ ਨੂੰ ਛੁੱਟੀ ਤੋੰ ਵਾਪਸ ਪਰਤ ਰਹੇ ਹਨ।
ਕਾੰਗਰਸ ਸਰਕਾਰ ਵੀ ਅਜਿਹਾ ਕਰ ਚੁੱਕੀ
ਜ਼ਿਕਰਯੋਗ ਹੈ ਕਿ ਇਸ ਤੋੰ ਪਹਿਲਾੰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾੰਗਰਸ ਸਰਕਾਰ ਵੀ ਅਜਿਹਾ ਕਰ ਚੁੱਕੀ ਹੈ। ਕੈਪਟਨ ਦੀ ਕੁਰਸੀ ਜਾਣ ਤੋੰ ਬਾਅਦ ਤਤਕਾਲੀ DGP ਦਿਨਕਰ ਗੁਪਤਾ ਛੁੱਟੀ ‘ਤੇ ਚਲੇ ਗਏ ਸਨ, ਜਿਸ ਤੋੰ ਬਾਅਦ ਪੰਜਾਬ ਸਰਕਾਰ ਨੇ ਪਹਿਲਾੰ ਇਕਬਾਲਪ੍ਰੀਤ ਸਹੋਤਾ ਨੂੰ DGP ਲਗਾਇਆ। ਫਿਰ ਸਿੱਧੂ ਦੀ ਜ਼ਿਦ ‘ਤੇ ਸਿਧਾਰਥ ਚਟੋਪਾਧਿਆਏ ਨੂੰ DGP ਲਗਾ ਦਿੱਤਾ ਗਿਆ। ਪਰਮਾਨੈੰਟ DGP ਦਿਨਕਰ ਗੁਪਤਾ ਨੂੰ ਇਸੇ ਕਾਰਪੋਰੇਸ਼ਨ ‘ਚ ਲਗਾਇਆ ਗਿਆ। ਬਾਅਦ ਵਿੱਚ ਉਹ ਕੇੰਦਰ ਵਿੱਚ ਡੈਪੂਟੇਸ਼ਨ ‘ਤੇ ਚਲੇ ਗਏ।
2 ਸਾਲ ਲਈ ਨਿਯੁਕਤ ਹੋਏ ਸਨ ਭਵਰਾ
ਵੀਕੇ ਭਵਰਾ ਪਿਛਲੀ ਕਾੰਗਰਸ ਸਰਕਾਰ ਦੇ ਰਾਜ ਵਿੱਚ DGP ਬਣਾਏ ਗਏ ਸਨ। UPSC ਤੋੰ ਆਏ ਪੈਨਲ ਤੋੰ ਬਾਅਦ ਉਹਨਾੰ ਦੀ ਨਿਯੁਕਤੀ ਕੀਤੀ ਗਈ ਹੈ। ਸੁਪਰੀਮ ਕੋਰਟ ਦੇ ਬਣਾਏ ਨਿਯਮਾੰ ਮੁਤਾਬਕ, ਇਹ ਨਿਯੁਕਤੀ 2 ਸਾਲਾੰ ਲਈ ਹੋਈ ਹੈ। ਪਿਛਲੀ ਸਰਕਾਰ ਨੇ 10 IPS ਅਫ਼ਸਰਾੰ ਦਾ ਪੈਨਲ UPSC ਨੂੰ ਭੇਜਿਆ ਸੀ, ਜਿਸ ਵਿੱਚੋੰ 3 ਅਫ਼ਸਰ ਸ਼ਾਰਟਲਿਸਟ ਹੋ ਕੇ ਆਏ ਸਨ। ਇਹਨਾੰ 3 ਨਾਵਾੰ ਵਿੱਚੋੰ ਭਵਰਾ ਨੂੰ DGP ਨਿਯੁਕਤ ਕੀਤਾ ਗਿਆ।
ਸੁਪਰੀਮ ਕੋਰਟ ‘ਚ ਚੈਲੇੰਜ ਕਰ ਸਕਦੇ ਹਨ ਭਵਰਾ
ਹੁਣ ਵੀਕੇ ਭਵਰਾ ਇਸ ਨਿਯੁਕਤੀ ਨੂੰ ਸੁਪਰੀਮ ਕੋਰਟ ਵਿੱਚ ਚੈਲੇੰਜ ਕਰ ਸਕਦੇ ਹਨ। ਅਜਿਹਾ ਹੋਇਆ ਤਾੰ CM ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮੁਸ਼ਕਿਲ ਵੱਧ ਸਕਦੀ ਹੈ।
ਸੰਗਰੂਰ ਜ਼ਿਮਨੀ ਚੋਣ ਤੋੰ ਬਾਅਦ ਛੁੱਟੀ ‘ਤੇ ਗਏ ਸਨ ਭਵਰਾ
ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋੰ ਬਾਅਦ ਵੀ ਵੀਕੇ ਭਵਰਾ ਆਪਣੇ ਅਹੁਦੇ ‘ਤੇ ਕਾਇਮ ਰਹੇ। ਹਾਲਾੰਕਿ ਇਸ ਦੌਰਾਨ ਮੋਹਾਲੀ ‘ਚ ਪੁਲਿਸ ਇੰਟੈਲੀਜੈੰਸ ਆਫਿਸ ‘ਤੇ ਹਮਲਾ, ਪਟਿਆਲਾ ‘ਚ ਹਿੰਸਾ, ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦਾ ਕਤਲ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਰਗੇ ਸੰਗੀਨ ਅਪਰਾਧ ਸੂਬੇ ਵਿੱਚ ਹੋਏ। ਇਸ ਸਭ ਦੇ ਬਾਵਜੂਦ ‘ਆਪ’ ਸਰਕਾਰ ਨੇ ਭਵਰਾ ਨੂੰ DGP ਬਣਾਏ ਰੱਖਿਆ। ਇਸ ਤੋੰ ਬਾਅਦ ਜਦੋੰ ‘ਆਪ’ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਹਾਰ ਗਈ, ਤਾੰ ਵੀਕੇ ਭਵਰਾ ਨੂੰ ਹਟਾਉਣ ਦੀ ਤਿਆਰੀ ਕਰ ਲਈ ਗਈ। ਹਾਲਾੰਕਿ ਭਵਰਾ ਖੁਦ ਹੀ ਛੁੱਟੀ ‘ਤੇ ਚਲੇ ਗਏ।