ਬਿਓਰੋ। ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨੂੰ ਸ਼ੁੱਕਰਵਾਰ ਨੂੰ ਦੇਸ਼ ਨੇ ਆਖਰੀ ਵਿਦਾਈ ਦਿੱਤੀ। ਬਿਪਿਨ ਰਾਵਤ ਅਤੇ ਉਹਨਾਂ ਦੀ ਪਤਨੀ ਦਾ ਦਿੱਲੀ ਵਿਖੇ ਅੰਤਿਮ ਸਸਕਾਰ ਕੀਤਾ ਗਿਆ।
ਰਾਜਕੀ ਸਨਮਾਨ ਦੇ ਨਾਲ ਦਿੱਲੀ ਕੈਂਟ ਵਿੱਚ ਜਨਰਲ ਰਾਵਤ ਅਤੇ ਉਹਨਾਂ ਦੀ ਪਤਨੀ ਮਧੁਲਿਕਾ ਨੂੰ ਇੱਕ ਹੀ ਚਿਖਾ ‘ਤੇ ਦੋਵੇਂ ਧੀਆਂ ਕ੍ਰਿਤਿਕਾ ਅਤੇ ਤਾਰਿਣੀ ਨੇ ਇਕੱਠਿਆਂ ਮੁੱਖ ਅਗਨੀ ਦਿੱਤੀ।
ਜਨਰਲ ਰਾਵਤ ਅਤੇ ਮਧੁਲਿਕਾ ਨੂੰ ਮੁੱਖ ਅਗਨੀ ਦੇਣ ਤੋਂ ਬਾਅਦ ਉਹਨਾਂ ਦੀਆਂ ਧੀਆਂ ਕ੍ਰਿਤਿਕਾ ਤੇ ਤਾਰਿਣੀ ਇੱਕਟਕ ਚਿਖਾ ਨੂੰ ਨਿਹਾਰਦੀ ਰਹੀਆਂ। ਅੱਖਾਂ ਭਿੱਜੀਆਂ ਸਨ। ਫਿਰ ਗਲੇ ਲੱਗੀਆਂ ਅਤੇ ਫੁੱਟ-ਫੁੱਟ ਕੇ ਰੌਣ ਲੱਗੀਆਂ। ਨਾਲ ਹੀ ਇੱਕ-ਦੂਜੇ ਨੂੰ ਸੰਭਾਲਿਆ ਵੀ।
ਜਨਰਲ ਰਾਵਤ ਦੀ ਅੰਤਿਮ ਯਾਤਰਾ ਭਾਵੁਕ ਕਰ ਦੇਣ ਵਾਲੀ ਰਹੀ। ਸ਼ਾਇਦ ਹੀ ਫੌਜ ਦੇ ਕਿਸੇ ਸਭ ਤੋਂ ਉੱਚੇ ਅਫ਼ਸਰ ਦੀ ਆਖਰੀ ਯਾਤਰਾ ਲਈ ਦਿੱਲੀ ‘ਚ ਕਦੇ ਅਜਿਹੀ ਭੀੜ ਉਮੜੀ ਹੋਵੇਗੀ।
ਪੂਰੇ ਰਸਤੇ ਲੋਕਾਂ ਨੇ ਫੁੱਲ੍ਹ ਬਰਸਾਏ ਅਤੇ ਸ਼ਵ ਵਾਹਨ ਦੇ ਨਾਲ-ਨਾਲ ਤਿਰੰਗਾ ਲੈ ਕੇ ਚੱਲਦੇ ਰਹੇ। ਨਾਅਰੇ ਲਗਾਉਂਦੇ ਰਹੇ- ਜਨਰਲ ਬਿਪਿਨ ਰਾਵਤ ਅਮਰ ਰਹਿਣ। ਅੰਤਿਮ ਸਸਕਾਰ ਦੌਰਾਨ ਪੂਰਾ ਆਰਮੀ ਕੈਂਟ ਭਾਰਤ ਮਾਂ ਦੀ ਜੈ ਦੇ ਨਾਅਰਿਆਂ ਨਾਲ ਗੂੰਜਦਾ ਰਿਹਾ।
ਤਿੰਨ ਫੌਜਾਂ ਦੇ ਮੁਖੀਆਂ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜਨਰਲ ਰਾਵਤ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ। ਉਹਨਾਂ ਨੂੰ 17 ਤੋਪਾਂ ਦੀ ਸਲਾਮੀ ਦਿੱਤੀ ਗਈ। ਇਸ ਦੌਰਾਨ 800 ਮਿਲਟਰੀ ਪਰਸੋਨਲ ਮੌਜੂਦ ਰਹੇ।
ਜਨਰਲ ਰਾਵਤ ਅਤੇ ਉਹਨਾਂ ਦੀ ਪਤਨੀ ਦੀ ਤਮਿਲਨਾਡੂ ਦੇ ਕੁੰਨੂਰ ਵਿੱਚ 8 ਦਸੰਬਰ ਨੂੰ ਹੋਏ ਹੈਲੀਕਾਪਟਰ ਹਾਦਸੇ ਦੌਰਾਨ ਮੌਤ ਹੋ ਗਈ ਸੀ। ਇਸ ਹਾਦਸੇ ‘ਚ ਕੁੱਲ 13 ਲੋਕਾਂ ਦੀ ਮੌਤ ਹੋਈ।