Home Politics ਰਾਜਪਾਲ ਤੇ ਸਰਕਾਰ ਵਿਚਕਾਰ ਹੁਣ ਆਰ-ਪਾਰ ਦੀ ਜੰਗ..! ਇਥੇ ਪੜ੍ਹੋ ਕੀ ਹੈ...

ਰਾਜਪਾਲ ਤੇ ਸਰਕਾਰ ਵਿਚਕਾਰ ਹੁਣ ਆਰ-ਪਾਰ ਦੀ ਜੰਗ..! ਇਥੇ ਪੜ੍ਹੋ ਕੀ ਹੈ ਨਵਾਂ ਵਿਵਾਦ

October 18, 2022
(Chandigarh)

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮਾਨ ਸਰਕਾਰ ਵਿਚਕਾਰ ਤਕਰਾਰ ਘੱਟ ਹੋਣ ਦੀ ਬਜਾਏ ਲਗਾਤਾਰ ਵੱਧ ਰਹੀ ਹੈ। ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ ਚਾਂਸਲਰ ਨੂੰ ਲੈ ਕੇ ਦੋਵੇਂ ਆਹਮੋ-ਸਾਹਮਣੇ ਹਨ। ਦਰਅਸਲ, ਰਾਜਪਾਲ ਨੇ ਵੀਸੀ ਡਾ. ਸਤਬੀਰ ਗੋਸਲ ਦੀ ਨਿਯੁਕਤੀ ਨੂੰ ਗੈਰ-ਕਾਨੂੰਨੀ ਦੱਸਿਆ ਹੈ। ਰਾਜਪਾਲ ਨੇ ਸਰਕਾਰ ਨੂੰ ਚਿੱਠੀ ਲਿਖ ਕੇ ਤੁਰੰਤ ਵੀਸੀ ਨੂੰ ਹਟਾਉਣ ਲਈ ਕਿਹਾ ਹੈ।

ਦਰਅਸਲ, PAU ਵਿੱਚ ਇੱਕ ਸਾਲ ਤੋਂ ਵੀਸੀ ਦਾ ਅਹੁਦਾ ਖਾਲੀ ਪਿਆ ਸੀ। ਮਾਨ ਸਰਕਾਰ ਨੇ ਕਰੀਬ 2 ਮਹੀਨੇ ਪਹਿਲਾਂ ਮਸ਼ਹੂਰ ਖੋਜਕਰਤਾ ਡਾ. ਸਤਬੀਰ ਸਿੰਘ ਗੋਸਲ ਨੂੰ ਨਵਾਂ ਵੀਸੀ ਨਿਯੁਕਤ ਕੀਤਾ ਸੀ।

ਰਾਜਪਾਲ ‘ਤੇ ਭੜਕੇ ਮਾਨ ਦੇ ਮੰਤਰੀ

ਰਾਜਪਾਲ ਦੀ ਚਿੱਠੀ ‘ਤੇ ਮਾਨ ਸਰਕਾਰ ਨੇ ਸਖਤ ਇਤਰਾਜ਼ ਜਤਾਉਂਦੇ ਹੋਏ ਰਾਜਪਾਲ ‘ਤੇ ਜ਼ੋਰਦਾਰ ਹਮਲਾ ਬੋਲਿਆ ਹੈ। ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਰਾਜਪਾਲ ਨੂੰ ਇਸ ਤਰ੍ਹਾਂ ਦੀਆਂ ਚਿੱਠੀਆਂ ਲਿਖਣ ਤੋਂ ਪਹਿਲਾਂ ਕਾਨੂੰਨ ਪੜ੍ਹਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਵੀਸੀ ਦੀ ਨਿਯੁਕਤੀ ਵਿੱਚ ਕੁਝ ਵੀ ਗਲਤ ਨਹੀਂ ਹੈ। ਧਾਲੀਵਾਲ ਨੇ ਕਿਹਾ ਕਿ ਰਾਜਪਾਲ ਨੂੰ ਖੇਤੀਬਾੜੀ ਯੂਨੀਵਰਸਿਟੀ ਦੇ ਗਠਨ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਹਨਾਂ ਨੂੰ ਇਹ ਤੱਕ ਨਹੀਂ ਪਤਾ ਕਿ ਖੇਤੀਬਾੜੀ ਯੂਨੀਵਰਸਿਟੀ UGC ਐਕਟ ਦੇ ਤਹਿਤ ਨਹੀਂ, ਬਲਕਿ ਪੰਜਾਬ ਐਂਡ ਹਰਿਆਣਾ ਐਗ੍ਰੀਕਲਚਰ ਐਕਟ 1970 ਦੇ ਤਹਿਤ ਆਉਂਦੀ ਹੈ।

ਧਾਲੀਵਾਲ ਨੇ ਕਿਹਾ ਕਿ ਰਾਜਪਾਲ ਨਿਯਮ ਕਾਨੂੰਨ ਨੂੰ ਤਾਕ ‘ਤੇ ਰੱਖ ਕੇ ਰਾਜਨੀਤੀ ਕਰ ਰਹੇ ਹਨ। ਉਹਨਾਂ ਨੂੰ ਇਸਦੇ ਲਈ ਪੰਜਾਬੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਧਾਲੀਵਾਲ ਨੇ ਕਿਹਾ ਕਿ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੇ ਵਧਦੇ ਗ੍ਰਾਫ ਨੂੰ ਵੇਖ ਕੇ ਬੀਜੇਪੀ ਬੌਖਲਾਈ ਹੋਈ ਹੈ। ਇਹ ਪੱਤਰ ਵੀ ਉਸੇ ਬੌਖਲਾਹਟ ਦਾ ਨਤੀਜਾ ਹੈ।

ਧਾਲੀਵਾਲ ਨੇ ਕਿਹਾ ਕਿ ਰਾਜਪਾਲ ਬੀਜੇਪੀ ਦੀ ਲਿਖੀ ਸਕ੍ਰਿਪਟ ‘ਤੇ ਕੰਮ ਕਰ ਰਹੀ ਹੈ। ਧਾਲੀਵਾਲ ਨੇ ਕਿਹਾ ਕਿ ਲਗਦਾ ਹੈ ਰਾਜਪਾਲ ਵੱਲੋਂ ਭੇਜਿਆ ਗਿਆ ਪੱਤਰ ਵੀ ਬੀਜੇਪੀ ਦਫਤਰ ਵਿਖੇ ਤਿਆਰ ਹੋਇਆ ਹੈ। ਧਾਲੀਵਾਲ ਨੇ ਕਿਹਾ ਕਿ ਜੇਕਰ ਰਾਜਪਾਲ ਨੇ ਸਿਆਸਤ ਕਰਨੀ ਹੈ, ਤਾਂ ਉਹ ਸਿਆਸੀ ਮੈਦਾਨ ਵਿੱਚ ਕਰਨ ਅਤੇ ਚੋਣ ਲੜ ਕੇ ਵਿਖਾਉਣ।

ਬੀਜੇਪੀ ਦਾ ‘ਆਪ’ ‘ਤੇ ਪਲਟਵਾਰ

ਓਧਰ ਇਸ ਪੂਰੇ ਵਿਵਾਦ ਨੂੰ ਲੈ ਕੇ ਬੀਜੇਪੀ ਨੇ ਵੀ ‘ਆਪ’ ‘ਤੇ ਪਲਟਵਾਰ ਕੀਤਾ ਹੈ। ਬੀਜੇਪੀ ਆਗੂ ਸੁਨੀਲ ਜਾਖੜ ਨੇ ਟਵੀਟ ਕਰਕੇ ਕਿਹਾ, “ਕੀ ਇਹ ‘नाच न जाने आँगन टेढ़ा’ ਦਾ ਮਾਮਲਾ ਹੈ? ਜਾਂ ਇੱਕ ਨਰਾਜ਼ ਨੌਕਰਸ਼ਾਹੀ ‘ਆਪ’ ਸਰਕਾਰ ਨੂੰ ਨੀਵਾਂ ਵਿਖਾ ਰਹੀ ਹੈ? ਕਿਉਂਕਿ ਲਗਦਾ ਹੈ ਕਿ ਖੇਤੀਬਾੜੀ ਮੰਤਰੀ ਨੂੰ ਕਿਸੇ ਨੂੰ ਦੱਸਿਆ ਨਹੀਂ ਕਿ ਰਾਜਪਾਲ PAU ਦੇ ਚਾਂਸਲਰ ਹਨ ਅਤੇ ਇਸ ਨਾਤੇ VC ਦੀ ਨਿਯੁਕਤੀ ਲਈ PAU ਬੋਰਡ ਦੇ ਫ਼ੈਸਲੇ ਨੂੰ ਉਹਨਾਂ ਦੀ ਮਨਜ਼ੂਰੀ ਜ਼ਰੂਰੀ ਹੈ।”

ਅਕਾਲੀ ਦਲ ਨੇ ਵੀ ਰਾਜਪਾਲ ‘ਤੇ ਚੁੱਕੇ ਸਵਾਲ

ਅਜੇ ਤੱਕ ਰਾਜਪਾਲ ਅਤੇ ਸਰਕਾਰ ਦੇ ਝਗੜੇ ਨੂੰ ਲੈ ਕੇ ਸਰਕਾਰ ‘ਤੇ ਸਵਾਲ ਚੁੱਕ ਰਹੇ ਅਕਾਲੀ ਦਲ ਦਾ ਇਸ ਮਾਮਲੇ ਵਿੱਚ ਰੁਖ ਵੱਖਰਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਜਪਾਲ ਵੱਲੋਂ ਵੀਸੀ ਦੀ ਨਿਯੁਕਤੀ ਰੱਦ ਕਰਨ ਨੂੰ ਗਲਤ ਕਰਾਰ ਦਿੱਤਾ ਹੈ। ਸੁਖਬੀਰ ਨੇ ਕਿਹਾ, “ਮੈਂ ਪੰਜਾਬ ਦੇ ਰਾਜਪਾਲ ਮਾਣਯੋਗ ਬਨਵਾਰੀ ਲਾਲ ਪਰੋਹਿਤ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਾਡੀ ਸੂਬੇ ਦੀ ਸ਼ਾਨਦਾਰ ਖੇਤੀਬਾੜੀ ਯੂਨੀਵਰਸਿਟੀ- ਪੀਏਯੂ ਲੁਧਿਆਣਾ ਦੇ ਕੰਮਕਾਜ ਵਿੱਚ ਦਖਲਅੰਦਾਜੀ ਨਾ ਕਰਨ ਅਤੇ ਇਸਦੇ ਨਵ-ਨਿਯੁਕਤ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੂੰ ਹਟਾਉਣ ਦੇ ਫੈਸਲੇ ਬਾਰੇ ਪੁਨਰਵਿਚਾਰ ਕਰਨ। ਪੀਏਯੂ ਦਾ ਪ੍ਰਬੰਧਕੀ ਬੋਰਡ ਯੂਨੀਵਰਸਿਟੀ ਦੇ ਵੀਸੀ ਨੂੰ ਨਿਯੁਕਤ ਕਰਨ ਲਈ ਸਮਰੱਥ ਹੈ। ਇਹ ਨਿਯੁਕਤੀ ਸੰਘੀ ਢਾਂਚੇ ਦੇ ਸਿਧਾਂਤ ਦੇ ਅਨੁਸਾਰ ਹੈ ਅਤੇ ਇਸਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।”

ਇਹ ਝਗੜਾ ਪੰਜਾਬ ਲਈ ਚੰਗਾ ਨਹੀਂ- ਵੜਿੰਗ

ਓਧਰ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਇਸ ‘ਤੇ ਟਵੀਟ ਕੀਤਾ। ਉਹਨਾਂ ਕਿਹਾ, “ਉਘੇ ਵਿਗਿਆਨੀ ਡਾ. ਸਤਬੀਰ ਗੋਸਲ ਨੂੰ ਪੀਏਯੂ ਦੇ ਵੀਸੀ ਦੇ ਅਹੁਦੇ ਤੋਂ ਹਟਾਉਣ ਦੇ ਹੁਕਮ ਦਿੱਤੇ ਗਏ ਹਨ, ਕਿਉਂਕਿ ਮਾਨਯੋਗ ਰਾਜਪਾਲ ਅਨੁਸਾਰ ਯੂਜੀਸੀ ਦੇ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਨਿਯੁਕਤੀ ਗੈਰ-ਕਾਨੂੰਨੀ ਸੀ। ਹਾਲਾਂਕਿ ਇਸ ਦੀ ਜ਼ਿੰਮੇਵਾਰੀ ‘ਆਪ’ ਸਰਕਾਰ ਦੀ ਹੈ, ਫਿਰ ਵੀ ਰਾਜ ਭਵਨ ਅਤੇ ਪੰਜਾਬ ਸਰਕਾਰ ਵਿਚਾਲੇ ਟਕਰਾਅ ਸੂਬੇ ਲਈ ਠੀਕ ਨਹੀਂ ਹੈ।

ਕਾਂਗਰਸ ਤਾਂ ਸੀਐੱਮ ਭਗਵੰਤ ਮਾਨ ਨੂੰ ਚੰਗੇ ਸਲਾਹਕਾਰ ਨਿਯੁਕਤ ਕਰਨ ਦੀ ਸਲਾਹ ਦੇ ਰਹੀ ਹੈ। ਕਾਂਗਰਸ ਸਾਂਸਦ ਰਵਨੀਤ ਬਿੱਟੂ ਨੇ ਟਵਿਟਰ ‘ਤੇ ਲਿਖਿਆ, “ਮੈਂ ਭਗਵੰਤ ਮਾਨ ਨੂੰ ਸਲਾਹ ਦਿੰਦਾ ਹਾਂ ਕਿ ਉਹ ਸਰਕਾਰ ਦੇ ਸਮੁੱਚੇ ਕੰਮਕਾਜ ਦਾ ਮਜ਼ਾਕ ਉਡਾਉਣ ਦੀ ਬਜਾਏ ਆਪਣੇ ਆਲੇ-ਦੁਆਲੇ ਹੋਰ ਕਾਬਲ ਅਤੇ ਪੇਸ਼ੇਵਰ ਸਲਾਹਕਾਰ ਨਿਯੁਕਤ ਕਰਨ। VC ਫ਼ਰੀਦਕੋਟ ਅਤੇ ਹੁਣ PAU ਸਰਕਾਰ ਦੇ ਕੰਮਕਾਜ ਦੀਆਂ ਸ਼ਾਨਦਾਰ ਮਿਸਾਲਾਂ ਹਨ।”

ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵੀਸੀ ‘ਤੇ ਵੀ ਫਸਿਆ ਸੀ ਪੇਚ

ਇਸ ਤੋਂ ਪਹਿਲਾਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫ਼ਰੀਦਕੋਟ ਦੇ ਵਾਈਸ ਚਾਂਸਲਰ ਨੂੰ ਲੈ ਕੇ ਵੀ ਵਿਵਾਦ ਹੋ ਚੁੱਕਿਆ ਹੈ। ਸਰਕਾਰ ਨੇ ਇਸ ਨੂੰ ਡਾ. ਗੁਰਪ੍ਰੀਤ ਸਿੰਘ ਵਾਂਡਰ ਦੇ ਨਾਂਅ ਨੂੰ ਮਨਜ਼ੂਰੀ ਦਿੱਤੀ ਸੀ, ਪਰ ਰਾਜਪਾਲ ਨੇ ਨਿਯਮਾਂ ਦੀ ਪਾਲਣਾ ਨਾ ਕੀਤੇ ਜਾਣ ਦਾ ਹਵਾਲਾ ਦੇ ਕੇ ਇਸ ਨੂੰ ਰੱਦ ਕਰ ਦਿੱਤਾ ਸੀ। ਇਸ ਘਟਨਾਕ੍ਰਮ ਤੋਂ ਬਾਅਦ ਵਾਂਡਰ ਨੇ ਖੁਦ ਹੀ ਵੀਸੀ ਨਾ ਬਣਨ ਦੀ ਇੱਛਾ ਜਤਾਈ।

ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਸ਼ੁਰੂ ਹੋਈ ਤਕਰਾਰ

ਜ਼ਿਕਰੇਖਾਸ ਹੈ ਕਿ ਰਾਜਪਾਲ ਅਤੇ CM ਵਿਚਕਾਰ ਲਗਾਤਾਰ ਤਕਰਾਰ ਚੱਲ ਰਹੀ ਹੈ। VC ਤੋਂ ਪਹਿਲਾਂ ਰਾਜਪਾਲ ਅਤੇ ਸਰਕਾਰ ਵਿਚਕਾਰ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਵਿਵਾਦ ਹੋ ਚੁੱਕਿਆ ਹੈ। ਉਸ ਤੋਂ ਬਾਅਦ ਏਅਰ ਸ਼ੋਅ ਵਿੱਚ ਸੀਐੱਮ ਦੀ ਗੈਰ-ਮੌਜੂਦਗੀ ਨੂੰ ਲੈ ਕੇ ਰਾਜਪਾਲ ਨੇ ਰਾਸ਼ਟਰਪਤੀ ਦੇ ਸਾਹਮਣੇ ਸਵਾਲ ਚੁੱਕੇ ਸਨ। ਤੇ ਹੁਣ 2 ਯੂਨੀਵਰਸਿਟੀਆਂ ਦੇ ਵੀਸੀ ਦੇ ਮੁੱਦੇ ‘ਤੇ ਦੋਵੇਂ ਆਹਮੋ-ਸਾਹਮਣੇ ਹਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments