December 16, 2022
(Ludhiana)
ਟਰਾਂਸਪੋਰਟ ਟੈਂਡਰ ਘੁਟਾਲੇ ਦੇ ਮਾਮਲੇ ‘ਚ ਪਿਛਲੇ 4 ਮਹੀਨੇ ਤੋਂ ਫ਼ਰਾਰ ਚੱਲ ਰਹੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ PA ਰਹਿ ਚੁੱਕੇ ਮੈਨੂੰ ਪੰਕਜ ਮਲਹੋਤਰਾ ਨੇ ਸ਼ੁੱਕਰਵਾਰ ਨੂੰ ਵਿਜੀਲੈਂਸ ਦੇ ਸਾਹਮਣੇ ਸਰੰਡਰ ਕਰ ਦਿੱਤਾ। ਸ਼ੁੱਕਰਵਾਰ ਸਵੇਰੇ ਮੀਨੂੰ ਮਲਹੋਤਰਾ ਆਪਣੇ ਕੁਝ ਸਾਥੀਆਂ ਦੇ ਜ਼ਰੀਏ ਵਿਜੀਲੈਂਸ ਦਫ਼ਤਰ ਪਹੁੰਚੇ ਅਤੇ ਅਧਿਕਾਰੀਆਂ ਦੇ ਸਾਹਮਣੇ ਸਰੰਡਰ ਕਰ ਦਿੱਤਾ।
ਮੀਨੂੰ ਤੋਂ ਵੱਡੇ ਖੁਲਾਸਿਆਂ ਦੀ ਉਮੀਦ
ਮੀਨੂੰ ਮਲਹੋਤਰਾ ਦੇ ਸਰੰਡਰ ਕਰਨ ਤੋਂ ਬਾਅਦ ਇਸ ਮਾਮਲੇ ਵਿੱਚ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਮੀਨੂੰ ਇਸ ਕੇਸ ਦਾ ਮੁੱਖ ਸੂਤਰਧਾਰ ਰਿਹਾ ਹੈ। ਵਿਜੀਲੈਂਸ ਵੱਲੋਂ ਤੇਲੂ ਰਾਮ ਠੇਕੇਦਾਰ ਦੇ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਦੇ PA ਰਹੇ ਮੀਨੂੰ ਪੰਕਜ ਮਲਹੋਤਰਾ ਨੂੰ ਨਾਮਜ਼ਦ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹ ਲਗਾਤਾਰ ਫ਼ਰਾਰ ਚੱਲ ਰਿਹਾ ਸੀ।
ਭਗੌੜਾ ਐਲਾਨੇ ਜਾਣ ਸਬੰਧੀ ਚੱਲ ਰਹੀ ਸੀ ਕਾਰਵਾਈ
ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਸਨ ਕਿ ਮੀਨੂੰ ਮਲਹੋਤਰਾ ਵਿਦੇਸ਼ ਭੱਜ ਚੁੱਕਿਆ ਹੈ। ਵਿਜੀਲੈਂਸ ਦੀ ਟੀਮ ਨੇ ਕਈ ਵਾਰ ਮੀਨੂੰ ਦੇ ਘਰ ਛਾਪੇਮਾਰੀ ਕੀਤੀ ਅਤੇ ਕਈ ਸਕੇ-ਸਬੰਧੀਆਂ ਦੇ ਘਰਾਂ ‘ਤੇ ਵੀ ਛਾਪੇਮਾਰੀ ਕੀਤੀ। ਪਰ ਮੀਨੂੰ ਮਲਹੋਤਰਾ ਵਿਜੀਲੈਂਸ ਦੇ ਹੱਥੇ ਨਹੀਂ ਚੜ੍ਹਿਆ। ਆਉਣ ਵਾਲੀ 23 ਦਸੰਬਰ ਨੂੰ ਅਦਾਲਤ ਵੱਲੋਂ ਮੀਨੂੰ ਦੇ ਗ੍ਰਿਫ਼ਤਾਰ ਨਾ ਹੋਣ ਕਾਰਨ ਉਸ ਨੂੰ ਭਗੌੜਾ ਐਲਾਨੇ ਜਾਣ ਸਬੰਧੀ ਕਾਰਵਾਈ ਚੱਲ ਰਹੀ ਸੀ।
ਕੀ ਹੈ ਕਣਕ ਦੀ ਢੋਆ-ਢੁਆਈ ਦਾ ਮਾਮਲਾ..?
ਇਹ ਪੂਰਾ ਮਾਮਲਾ ਕਣਕ ਦੀ ਢੋਆ-ਢੁਆਈ ਦੇ ਟੈਂਡਰ ਵਿੱਚ ਘੁਟਾਲੇ ਦਾ ਹੈ। ਵਿਜੀਲੈਂਸ ਨੇ ਇਸ ਮਾਮਲੇ ਵਿੱਚ ਕਣਕ ਦੀ ਢੋਆ-ਢੁਆਈ ਦਾ ਠੇਕਾ ਲੈਣ ਵਾਲੇ ਠੇਕੇਦਾਰ ਤੇਲੂ ਰਾਮ, ਉਸਦੇ 2 ਸਹਿਯੋਗੀਆਂ, ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ 16 ਅਗਸਤ ਨੂੰ ਨਾਮਜ਼ਦ ਕੀਤਾ ਸੀ। ਵਿਜੀਲੈਂਸ ਨੇ ਇਸ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਵਿਭਾਗ ਦੇ ਬਰਖਾਸਤ ਡਿਪਟੀ ਡਾਇਰੈਕਟਰ ਆਰ.ਕੇ. ਸਿੰਗਲਾ, ਪੀਏ ਦੇ ਤੌਰ ‘ਤੇ ਕੰਮ ਕਰਨ ਵਾਲੇ ਮੀਨੂੰ ਮਲਹੋਤਰਾ ਅਤੇ ਇੰਦਰਜੀਤ ਸਿੰਘ ਇੰਦੀ ਸਮੇਤ 20 ਲੋਕਾਂ ਨੂੰ ਹੁਣ ਤੱਕ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ ਅਤੋ 5 ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ।
ਵਿਜੀਲੈਂਸ ਵੱਲੋਂ ਲੁਧਿਆਣਾ ਤੋਂ ਬਾਅਦ ਫਿਰੋਜ਼ਪੁਰ, ਬਠਿੰਡਾ ਅਤੇ ਨਵਾਂਸ਼ਹਿਰ ਵਿੱਚ ਵੀ ਕਣਕ ਦੀ ਢੋਆ-ਢੁਆਈ ਵਿੱਚ ਗੜਬੜੀਆਂ ਦੇ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ।