ਚੰਡੀਗੜ੍ਹ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਿੱਲੀ ‘ਚ ਜਾਰੀ ਕਿਸਾਨ ਅੰਦੋਲਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਸੀਐੱਮ ਨੇ ਦੋ-ਟੁੱਕ ਕਿਹਾ ਹੈ ਕਿ ਕਿਸਾਨ ਆਪਣੀਆਂ ਹੱਦਾਂ ਨਾ ਪਾਰ ਕਰਨ, ਕਿਉਂਕਿ ਇਸਦਾ ਅੰਜਾਮ ਚੰਗਾ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਜੇਕਰ ਹਿੰਸਾ ਹੋਈ, ਤਾਂ ਸਰਕਾਰ ਕਾਰਵਾਈ ਤੋਂ ਗੁਰੇਜ਼ ਨਹੀਂ ਕਰੇਗੀ।
‘ਜ਼ਿਦ ਛੱਡ ਕੇ ਸਰਕਾਰ ਨਾਲ ਕਰਨ ਗੱਲਬਾਤ’
ਮਨੋਹਰ ਲਾਲ ਨੇ ਕਿਹਾ, “ਅੰਦੋਲਨ ਨੂੰ 7 ਮਹੀਨਿਆਂ ਦਾ ਲੰਮਾ ਸਮਾਂ ਬੀਤ ਚੁੱਕਿਆ ਹੈ, ਜੋ ਹੁਣ ਤੱਕ ਨਹੀਂ ਹੋਇਆ ਉਹ ਅੱਗੇ ਵੀ ਨਹੀਂ ਹੋਵੇਗਾ। ਇਸ ਲਈ ਕਿਸਾਨ ਆਪਣੀ ਜ਼ਿਦ ਛੱਡਣ ਅਤੇ ਅੰਦੋਲਨ ਖਤਮ ਕਰਕੇ ਸਰਕਾਰ ਨਾਲ ਕਾਨੂੰਨਾਂ ਦੀਆਂ ਕਮੀਆਂ ‘ਤੇ ਗੱਲ ਕਰਨ।” ਉਹਨਾਂ ਕਿਹਾ ਕਿ ਹੁਣ ਤੱਕ ਦੇਸ਼ ਦੇ ਆਮ ਲੋਕਾਂ ਨੂੰ ਵੀ ਸਮਝ ਆ ਚੁੱਕਿਆ ਹੈ ਕਿ ਇਹ ਕਾਨੂੰਨ ਕਿਸਾਨਾਂ ਦੇ ਭਲੇ ਲਈ ਹਨ, ਪਰ ਕਿਸਾਨ ਬੇਵਜ੍ਹਾ ਆਪਣੀ ਜ਼ਿਦ ‘ਤੇ ਅੜੇ ਹਨ।
‘ਕਿਸਾਨ ਸ਼ਬਦ ਦੀ ਪਵਿੱਤਰਤਾ ਖਤਰੇ ‘ਚ’
ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਇੱਕ ਪਵਿੱਤਰ ਸ਼ਬਦ ਹੈ, ਜਿਸ ਪ੍ਰਤੀ ਦੇਸ਼ ‘ਚ ਸਾਰਿਆਂ ਦੀ ਆਸਥਾ ਹੈ। ਪਰ ਅੰਦੋਲਨ ਵਾਲੀਆਂ ਥਾਵਾਂ ਤੋਂ ਸਾਹਮਣੇ ਆ ਰਹੀਆਂ ਰੇਪ ਵਰਗੀਆਂ ਘਟਨਾਵਾਂ ਨੇ ਇਸਦੀ ਪਵਿੱਤਰਤਾ ਨੂੰ ਬਦਨਾਮ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਨਾਲ ਸਿਰਫ ਕਿਸਾਨਾਂ ਦਾ ਹੀ ਨੁਕਸਾਨ ਹੋਵੇਗਾ।
ਅੰਦੋਲਨਕਾਰੀ ਕਿਸਾਨ ਨਹੀਂ- ਮਨੋਹਰ ਲਾਲ
ਸੀਐੱਮ ਮਨੋਹਰ ਲਾਲ ਨੇ ਕਿਹਾ ਕਿ ਅੰਦੋਲਨ ਕਰ ਰਹੇ ਲੋਕ ਕਿਸਾਨ ਨਹੀਂ ਹਨ, ਬਲਕਿ ਸਿਆਸੀ ਲਾਹਾ ਲੈਣ ਲਈ ਭੇਜੇ ਗਏ ਹਨ। ਉਹਨਾਂ ਸਿੱਧੇ-ਸਿੱਧੇ ਕਾਂਗਰਸ ‘ਤੇ ਇਲਜ਼ਾਮ ਲਾਇਆ ਕਿ ਕਿਸਾਨ ਅੰਦੋਲਨ ਦਾ ਫਾਇਦਾ ਚੁੱਕਦੇ ਹੋਏ ਕਾਂਗਰਸ ਪਾਰਟੀ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
‘ਬੇਵਜ੍ਹਾ ਵਿਰੋਧ ‘ਚ ਕਿਸੇ ਦਾ ਹਿੱਤ ਨਹੀਂ’
ਕਿਸਾਨਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਬੀਜੇਪੀ ਆਗੂਆਂ ਦੇ ਵਿਰੋਧ ਅਤੇ ਘੇਰਾਓ ਨੂੰ ਲੈ ਕੇ ਹਰਿਆਣਾ ਸੀਐੱਮ ਨੇ ਕਿਹਾ ਕਿ ਕਿਸਾਨਾਂ ਦਾ ਇਹ ਰਵੱਈਆ ਪੂਰੀ ਤਰ੍ਹਾਂ ਨਾਲ ਗੈਰ-ਲੋਕਤਾਂਤਰਿਕ ਹੈ। ਉਹਨਾਂ ਕਿਹਾ ਕਿ ਜਨਤਾ ‘ਚ ਜਾਣਾ ਸਾਡੀ ਜ਼ਿੰਮੇਵਾਰੀ ਹੈ, ਪਰ ਕਿਸਾਨ ਅਜਿਹਾ ਕਰਨ ਤੋਂ ਰੋਕ ਕੇ ਹੱਦ ਪਾਰ ਕਰ ਰਹੇ ਹਨ, ਜੋ ਕਿਸੇ ਦੇ ਹਿੱਤ ‘ਚ ਨਹੀਂ।
‘ਸੰਜਮ ਟੁੱਟਿਆ, ਤਾਂ ਕਾਰਵਾਈ ਵੀ ਹੋਵੇਗੀ’
ਮੁੱਖ ਮੰਤਰੀ ਨੇ ਕਿਹਾ, “ਫਿਲਹਾਲ ਅਸੀਂ ਸੰਜਮ ਵਰਤਿਆ ਹੋਇਆ ਹੈ, ਕਿਉਂਕਿ ਅਸੀਂ ਸੋਚਦੇ ਹਾਂ ਕਿ ਇਹ ਆਪਣੇ ਹੀ ਲੋਕ ਹਨ। ਪਰ ਜੇਕਰ ਇਹਨਾਂ ਨੇ ਹਿੰਸਾ ਦਾ ਰਾਹ ਨਹੀਂ ਛੱਡਿਆ, ਤਾਂ ਕਾਰਵਾਈ ਵੀ ਹੋਵੇਗੀ ਤੇ FIR ਵੀ ਹੋਵੇਗੀ। FIR ਹੋਣ ‘ਤੇ ਕੋਰਟ ਵੀ ਆਪਣੀ ਕਾਰਵਾਈ ਕਰੇਗਾ।” ਸੀਐੱਮ ਨੇ ਕਿਹਾ ਕਿ ਉਹ ਟਕਰਾਅ ਨਹੀਂ ਚਾਹੁੰਦੇ, ਕਿਉਂਕਿ ਜਿਸ ਦਿਨ ਟਕਰਾਅ ਹੋਇਆ, ਉਸ ਦਿਨ ਸੰਜਮ ਵੀ ਟੁੱਟੇਗਾ।