ਚੰਡੀਗੜ੍ਹ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਸਾਬਕਾ DGP ਸੁਮੇਧ ਸਿੰਘ ਸੈਣੀ ਨੂੰ ਵੱਡੀ ਰਾਹਤ ਦਿੱਤੀ ਹੈ। ਹਾਈਕੋਰਟ ਨੇ ਸੁਮੇਧ ਸਿੰਘ ਸੈਣੀ ਨੂੰ ਅੰਤਰਿਮ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਅਵਨੀਸ਼ ਝਿੰਗਨ ਨੇ ਸੈਨੀ ਵੱਲੋਂ ਪਾਈ ਅਗਾਊਂ ਜ਼ਮਾਨਤ ਦੀ ਪਟੀਸ਼ਨ ‘ਤੇ ਸੁਣਵਾਈ ਦੌਰਾਨ ਇਹ ਆਦੇਸ਼ ਦਿੱਤਾ। ਹਾਈਕੋਰਟ ਨੇ ਇਸ ਮਾਮਲੇ ‘ਚ ਬੁੱਧਵਾਰ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖਿਆ ਸੀ।
ਸੈਣੀ ਨੂੰ ਜਾਂਚ ‘ਚ ਸ਼ਾਮਲ ਹੋਣਾ ਪਵੇਗਾ
ਸੈਣੀ ਦੇ ਅੰਤਰਿਮ ਜ਼ਮਾਨਤ ਦੇ ਆਦੇਸ਼ ‘ਚ ਕਿਹਾ ਗਿਆ ਹੈ ਕਿ ਇਸ ਮਾਮਲੇ ਦੀ ਜਾਂਚ ‘ਚ ਸੈਣੀ ਦਾ ਸ਼ਾਮਲ ਹੋਣਾ ਲਾਜ਼ਮੀ ਹੈ, ਤਾਂ ਜੋ ਕੇਸ ਦੇ ਸਾਰੇ ਤੱਥਾਂ ਬਾਰੇ ਪਤਾ ਲਗਾਇਆ ਜਾ ਸਕੇ। ਇਸਦੇ ਨਾਲ ਹੀ ਸੈਣੀ ਦੇਸ਼ ਛੱਡ ਕੇ ਨਾ ਜਾਣ, ਇਸ ਨੂੰ ਸੁਨਿਸ਼ਚਿਤ ਕਰਨ ਲਈ ਹਾਈਕੋਰਟ ਨੇ ਸੈਣੀ ਨੂੰ ਆਪਣਾ ਪਾਸਪੋਰਟ ਵੀ ਅਦਾਲਤ ‘ਚ ਜਮ੍ਹਾਂ ਕਰਵਾਉਣ ਦੇ ਆਦੇਸ਼ ਦਿੱਤੇ ਹਨ।
ਨਾਮੀ ਵਕੀਲਾਂ ਨੇ ਕੀਤੀ ਪੈਰਵੀ
ਇਸ ਮਾਮਲੇ ‘ਚ ਸੁਮੇਧ ਸੈਣੀ ਵੱਲੋਂ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਮੁਕੁਲ ਰੋਹਤਗੀ ਅਤੇ ਏ.ਪੀ.ਐੱਸ. ਦਿਓਲ ਪੇਸ਼ ਹੋਏ ਸਨ। ਓਧਰ ਪੰਜਾਬ ਸਰਕਾਰ ਵੱਲੋਂ ਵੀ ਸੁਪਰੀਮ ਕੋਰਟ ਦੇ ਹੀ ਸੀਨੀਅਰ ਵਕੀਲ ਅਤੇ ਸਾਬਕਾ ਕੇਂਦਰੀ ਮੰਤਰੀ ਪੀ. ਚਿੰਦਬਰਮ ਦੇ ਨਾਲ ਸਰਤੇਜ ਨਰੂਲਾ ਪੇਸ਼ ਹੋਏ ਸਨ। ਹਾਈਕੋਰਟ ਨੇ ਇਸ ਮਾਮਲੇ ‘ਚ ਸੈਣੀ ਨੂੰ ਅੰਤਰਿਮ ਅਗਾਊਂ ਜ਼ਮਾਨਤ ਦਿੰਦੇ ਹੋਏ ਇਸ ਕੇਸ ਦੀ ਸੁਣਵਾਈ 7 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਹੈ।
ਕਿਵੇਂ ਵਧੀਆਂ ਸੈਣੀ ਦੀਆਂ ਮੁਸ਼ਕਿਲਾਂ?
ਦਰਅਸਲ, ਪਿਛਲੇ ਦਿਨੀਂ ਪੰਜਾਬ ਵਿਜੀਲੈਂਸ ਬਿਓਰੇ ਨੇ ਸੁਮੇਧ ਸੈਣੀ ਦੇ ਖਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਅਤੇ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਸੀ। ਇਸੇ ਮਾਮਲੇ ‘ਚ ਸੈਣੀ ਨੇ ਪਹਿਲਾਂ ਮੋਹਾਲੀ ਦੀ ਜਿਲ੍ਹਾ ਅਦਾਲਤ ‘ਚ ਪਟੀਸ਼ਨ ਦਾਖਲ ਕਰਕੇ ਅਗਾਊਂ ਜ਼ਮਾਨਤ ਦਿੱਤੇ ਜਾਣ ਦੀ ਮੰਗ ਕੀਤੀ ਸੀ, ਜਿਸ ਨੂੰ ਜਿਲ੍ਹਾ ਅਦਾਲਤ ਨੇ ਪਿਛਲੇ ਸ਼ੁੱਕਰਵਾਰ ਨੂੰ ਖਾਰਜ ਕਰ ਦਿੱਤਾ ਸੀ। ਇਸ ਤੋਂ ਬਾਅਦ ਸੈਣੀ ਨੇ ਹਾਈਕੋਰਟ ਦਾ ਰੁਖ ਕੀਤਾ ਸੀ।
ਵਿਵਾਦਾਂ ਨਾਲ ਸੈਣੀ ਦਾ ਪੁਰਾਣਾ ਨਾਤਾ
ਸੁਮੇਧ ਸੈਣੀ ਦੀ ਗਿਣਤੀ ਪੰਜਾਬ ਦੇ ਵਿਵਾਦਤ ਪੁਲਿਸ ਅਫਸਰਾਂ ‘ਚ ਹੁੰਦੀ ਹੈ। ਅਕਾਲੀ ਸਰਕਾਰ ਦੇ ਕਾਰਜਕਾਲ ‘ਚ ਪੰਜਾਬ ਪੁਲਿਸ ਦੀ ਕਮਾਨ ਲੰਮੇ ਸਮੇਂ ਤੱਕ ਸੈਣੀ ਕੋਲ ਰਹੀ। ਬਰਗਾੜੀ ਬੇਅਦਬੀ ਅਤੇ ਕੋਟਕਪੂਰਾ ਫਾਇਰਿੰਗ ਦੇ ਵਕਤ ਵੀ ਸੈਣੀ ਹੀ ਸੂਬੇ ਦੇ DGP ਸਨ। ਕੋਟਕਪੂਰਾ ਫਾਇਰਿੰਗ ‘ਚ ਸੈਣੀ ਵੀ ਮੁਲਜ਼ਮ ਹਨ। ਫਿਲਹਾਲ ਇਸ ਮਾਮਲੇ ‘ਚ ਉਹਨਾਂ ਨੂੰ ਜ਼ਮਾਨਤ ਮਿਲੀ ਹੋਈ ਹੈ। ਫਿਲਹਾਲ 2 ਦਹਾਕੇ ਪੁਰਾਣੇ ਮੁਲਤਾਨੀ ਕਿਡਨੈਪਿੰਗ ਕੇਸ ‘ਚ ਵੀ ਸੈਣੀ ਜ਼ਮਾਨਤ ‘ਤੇ ਹਨ।