ਬਿਓਰੋ। ਬੇਅਦਬੀਆਂ ਅਤੇ ਗੋਲੀ ਕਾਂਡ ਨੂੰ ਲੈ ਕੇ ਪੰਜਾਬ ਦੀ ਸਿਆਸਤ ਸਿਖਰਾਂ ‘ਤੇ ਹੈ। ਇਸ ਵਿਚਾਲੇ SIT ਮੁਖੀ ਰਹੇ ਕੁੰਵਰ ਵਿਜੇ ਪ੍ਰਤਾਪ ਦੇ ਇੱਕ ਵੈੱਬ ਪੋਰਟਲ ਨੂੰ ਦਿੱਤੇ ਉਸ ਬਿਆਨ ਨੇ ਨਵਾਂ ਵਿਵਾਦ ਛੇੜ ਦਿੱਤਾ, ਜਿਸ ‘ਚ ਉਹਨਾਂ ਨੇ ਕਿਹਾ ਸੀ ਕਿ ਐੱਚ.ਐੱਸ. ਫੂਲਕਾ ਵੱਲੋਂ ਹਾਈਕੋਰਟ ‘ਚ ਕੇਸ ਦੀ ਪੈਰਵੀ ਨਾ ਕਰਨ ਦੇ ਚਲਦੇ ਸਰਕਾਰ ਕੇਸ ਜਿੱਤ ਨਹੀਂ ਸਕੀ। ਇਹਨਾਂ ਇਲਜ਼ਾਮਾਂ ਦਾ ਹੁਣ ਸੀਨੀਅਰ ਵਕੀਲ ਐੱਚ.ਐੱਸ. ਫੂਲਕਾ ਨੇ ਜਵਾਬ ਦਿੱਤਾ ਹੈ।
‘ਮੈਨੂੰ ਰਾਜਵਿੰਦਰ ਬੈਂਸ ‘ਤੇ ਭਰੋਸਾ ਸੀ’
ਫੂਲਕਾ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨਹੀਂ, ਬਲਕਿ ਕੇਸ ਦਾ ਕੋਈ ਪੀੜਤ ਉਹਨਾਂ ਨੁੂੰ ਮਿਲਣ ਆਇਆ ਸੀ।ਫੂਲਕਾ ਨੇ ਕਿਹਾ, “ਪੀੜਤ ਨੇ ਮਂੈਨੂੰ ਕਿਹਾ ਕਿ ਉਹ ਆਪਣਾ ਵਕੀਲ(ਰਾਜਵਿੰਦਰ ਸਿੰਘ ਬੈਂਸ) ਬਦਲਣਾ ਨਹੀਂ ਚਾਹੁੰਦੇ, ਪਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ। ਇਸ ਤੋਂ ਬਾਅਦ ਮੈਂ ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਗੱਲ ਕੀਤੀ, ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਉਹ ਵਕੀਲ ਬਦਲਣਾ ਚਾਹੁੰਦੇ ਹਨ।” ਫੂਲਕਾ ਮੁਤਾਬਕ ਉਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਨੂੰ ਕਿਹਾ ਕਿ ਉਹਨਾਂ ਨੂੰ ਰਾਜਵਿੰਦਰ ਸਿੰਘ ‘ਤੇ ਪੂਰਾ ਵਿਸ਼ਵਾਸ ਹੈ। ਹਾਈਕੋਰਟ ‘ਚ ਉਹਨਾਂ ਦਾ ਬੇਹੱਦ ਮਾਣ-ਸਤਿਕਾਰ ਹੈ।
‘ਸਿਆਸੀ ਰੰਗਤ ਤੋਂ ਬਚਣ ਲਈ ਨਹੀਂ ਲੜਿਆ ਕੇਸ’
ਐੱਚ.ਐੱਸ. ਫੂਲਕਾ ਨੇ ਆਪਣੇ ਕੇਸ ਨਾ ਲੜਨ ਪਿੱਛੇ ਇਹ ਕਾਰਨ ਵੀ ਦੱਸਿਆ ਕਿ ਉਹ ਸਿਆਸੀ ਲੀਡਰ ਰਹਿ ਚੁੱਕੇ ਹਨ। ਫੂਲਕਾ ਨੇ ਕਿਹਾ, “ਇਸ ਕੇਸ ‘ਚ ਪਹਿਲਾਂ ਹੀ ਮੁਲਜ਼ਮ ਇਹ ਕਹਿੰਦੇ ਰਹੇ ਹਨ ਕਿ ਸਿਆਸੀ ਰੰਗਤ ਦੇ ਚਲਦੇ ਉਹਨਾਂ ਨੂੰ ਫਸਾਇਆ ਜਾ ਰਿਹਾ ਹੈ। ਇਸ ਲਈ ਜੇਕਰ ਮੈਂ ਕੇਸ ਲੜਦਾ, ਤਾਂ ਉਹਨਾਂ ਦੇ ਦਾਅਵੇ ਨੂੰ ਹੋਰ ਤਰਜੀਹ ਮਿਲਦੀ। ਇਸ ਲਈ ਇੱਕ ਮਨੁੱਖੀ ਅਧਿਕਾਰਾਂ ਦੇ ਵਕੀਲ ਰਾਜਵਿੰਦਰ ਬੈਂਸ ਨੂੰ ਬਦਲ ਕੇ ਮੈਨੂੰ ਸਾਹਮਣੇ ਖੜ੍ਹੇ ਕਰਨਾ ਠੀਕ ਨਹੀਂ ਰਹੇਗਾ।”
‘SC ‘ਚ ਕੇਸ ਆਇਆ, ਤਾਂ ਲੜਨ ਨੂੰ ਤਿਆਰ’
ਫੂਲਕਾ ਨੇ ਅੱਗੇ ਇਹ ਵੀ ਕਿਹਾ ਕਿ ਜੇਕਰ ਇਹ ਕੇਸ ਸੁਪਰੀਮ ਕੋਰਟ ‘ਚ ਆਉਂਦਾ ਹੈ, ਤਾਂ ਉਹ ਇਸ ਕੇਸ ਦੀ ਪੈਰਵੀ ਕਰਨ ਨੂੰ ਤਿਆਰ ਹਨ।
‘2015 ‘ਚ ਕੇਸ ਨੂੰ ਮੇਰੀ ਲੋੜ ਸੀ’
ਸਾਲ 2015 ‘ਚ ਇਸ ਮਾਮਲੇ ਨਾਲ ਜੁੜੇ ਇੱਕ ਕੇਸ ਦੀ ਪੈਰਵੀ ਕਰਨ ਬਾਰੇ ਫੂਲਕਾ ਨੇ ਕਿਹਾ, “ਉਸ ਵੇਲੇ ਪੰਜ ਗਰਾਈਆਂ ਦੇ 2 ਨੌਜਵਾਨਾਂ ਨੂੰ ਝੂਠੇ ਕੇਸ ‘ਚ ਫਸਾਇਆ ਜਾ ਰਿਹਾ ਸੀ। ਉਹਨਾਂ ‘ਤੇ ਬੇਅਦਬੀ ਲਈ ਵਿਦੇਸ਼ ਬੈਠੇ ਲੋਕਾਂ ਤੋਂ ਪੈਸੇ ਲੈਣ ਦਾ ਇਲਜ਼ਾਮ ਲੱਗਿਆ ਸੀ। ਉਸ ਵੇਲੇ ਸਮੇਂ ਦੀ ਜ਼ਰੂਰਤ ਸੀ ਕਿ ਮੈਂ ਉਹਨਾਂ ਨੌਜਵਾਨਾਂ ਨਾਲ ਖੜ੍ਹਾ ਹੋਵਾਂ, ਤਾਂ ਜੋ ਲੋਕਾਂ ਨੂੰ ਵਿਸ਼ਵਾਸ ਹੋ ਸਕੇ ਕਿ ਉਹ ਨੌਜਵਾਨ ਸਹੀ ਹਨ। ਇਸ ਤੋਂ ਬਾਅਦ ਫ਼ਰੀਦਕੋਟ ਅਦਾਲਤ ਦੇ ਉੱਘੇ ਵਕੀਲ ਨੇ ਹੀ ਕੇਸ ਨੂੰ ਅੱਗੇ ਤੋਰਿਆ।
ਕੁੰਵਰ ਵਿਜੇ ਪ੍ਰਤਾਪ ਸਿੰਘ ‘ਤੇ ਟਿੱਪਣੀ ਤੋਂ ਇਨਕਾਰ
ਐੱਚ.ਐੱਸ. ਫੂਲਕਾ ਨੇ ਆਪਣੀ ਸਫ਼ਾਈ ਤਾਂ ਜ਼ਰੂਰ ਦਿੱਤੀ, ਪਰ ਨਾਲ ਹੀ ਕੁੰਵਰ ਵਿਜੇ ਪ੍ਰਤਾਪ ‘ਤੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਜੇਕਰ ਇਸ ਮਾਮਲੇ ‘ਤੇ ਉਹ ਆਪਸ ‘ਚ ਲੜਨ ਲੱਗ ਪਏ, ਤਾਂ ਇਸਦਾ ਫ਼ਾਇਦਾ ਵਿਰੋਧੀ ਅਤੇ ਮੁਲਜ਼ਮ ਚੁੱਕਣਗੇ। ਇਸ ਲਈ ਜ਼ਰੂਰੀ ਹੈ ਕਿ ਜੋ ਕੋਈ ਵੀ ਦੋਸ਼ੀਆਂ ਨੂੰ ਸਜ਼ਾ ਦਵਾਉਣ ਦੇ ਯਤਨ ਕਰ ਰਿਹਾ ਹੈ, ਉਹ ਇਕੱਠੇ ਮਿਲ ਕੇ ਚੱਲਣ।