ਪੰਜਾਬ ‘ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ। ਹਾਲ ਹੀ ‘ਚ ਸੂਬੇ ਦੀ ਕੈਪਟਨ ਸਰਕਾਰ ਨੇ ਸੱਤਾ ਦੇ 4 ਸਾਲ ਮੁਕੰਮਲ ਕੀਤੇ ਹਨ। ਅਜਿਹੇ ‘ਚ ਪੰਜਾਬ ਦੇ ਲੋਕਾਂ ਨੂੰ ਆਪਣੇ ਕੰਮਕਾਜ ਦਾ ਲੇਖਾ-ਜੋਖਾ ਦੇਣ ਲਈ ਵੀਰਵਾਰ ਨੂੰ ਸੀਐੱਮ ਮੀਡੀਆ ਦੇ ਮੁਖਾਤਿਬ ਹੋਏ ਅਤੇ ਆਪਣੇ 4 ਸਾਲਾਂ ਦੀਆਂ ਉਪਲਬਧੀਆਂ ਗਿਣਾਈਆਂ। ਕੈਪਟਨ ਨੇ ਆਪਣੇ ਚੋਣ ਵਾਅਦਿਆਂ ‘ਚੋਂ 85 ਫ਼ੀਸਦ ਵਾਅਦੇ ਮੁਕੰਮਲ ਕਰਨ ਦਾ ਦਾਅਵਾ ਕੀਤਾ। ਨਾਲ ਹੀ ਇਥੋਂ ਤੱਕ ਕਿਹਾ ਕਿ ਜਦੋਂ ਤੱਕ 100 ਫ਼ੀਸਦ ਵਾਅਦੇ ਮੁਕੰਮਲ ਨਹੀਂ ਹੋ ਜਾਂਦੇ, ਉਹ ਲੋਕਾਂ ‘ਚ ਵੋਟਾਂ ਮੰਗਣ ਨਹੀਂ ਜਾਣਗੇ।
ਨਸ਼ਿਆਂ ਦਾ ਮੁੱਦਾ
ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਇਲਜ਼ਾਮਾਂ ‘ਤੇ ਸਫ਼ਾਈ ਦਿੱਤੀ, ਜਿਸ ‘ਚ ਵਿਰੋਧੀਆਂ ਵੱਲੋਂ ਕੈਪਟਨ ‘ਤੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਧੇ ਜਾਣ ਦਾ ਦਾਅਵਾ ਕੀਤਾ ਜਾਂਦਾ ਹੈ। ਸੀਐੱਮ ਨੇ ਕਿਹਾ ਕਿ ਉਹਨਾਂ ਨੇ ਕਦੇ ਵੀ ਨਸ਼ੇ ਦਾ ਪੂਰੀ ਤਰ੍ਹਾਂ ਖਾਤਮਾ ਕਰਨ ਦੀ ਗੱਲ ਨਹੀਂ ਕੀਤੀ ਸੀ, ਬਲਕਿ ਨਸ਼ੇ ਦਾ ਲੱਕ ਤੋੜਨ ਬਾਰੇ ਕਿਹਾ ਸੀ। ਤੇ ਅਜਿਹਾ ਕਰਨ ‘ਚ ਸਰਕਾਰ ਕਾਫ਼ੀ ਹੱਦ ਤੱਕ ਸਫ਼ਲ ਰਹੀ ਹੈ। ਅਤੇ ਨਸ਼ੇ ਦੇ ਸੌਦਾਗਰਾਂ ਦੀ ਗ੍ਰਿਫ਼ਤਾਰੀ ‘ਚ ਵੀ ਤੇਜ਼ੀ ਆਈ ਹੈ।
ਬੇਅਦਬੀਆਂ ਦਾ ਮੁੱਦਾ
ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਸਰਕਾਰ ਨੇ ਬੇਅਦਬੀਆਂ ਦੇ ਮਾਮਲੇ ‘ਚ ਹਮੇਸ਼ਾ ਸਖਤੀ ਵਿਖਾਈ ਹੈ। ਉਹਨਾਂ ਕਿਹਾ ਕਿ ਸਾਰੇ ਮੁਲਜ਼ਮਾਂ ਖਿਲਾਫ਼ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਇਸਦੇ ਨਾਲ ਹੀ ਉਹਨਾਂ ਬੇਬਾਕੀ ਨਾਲ ਇਹ ਵੀ ਕਿਹਾ ਕਿ ਇਸ ਮਾਮਲੇ ‘ਚ ਕਿਸੇ ਵੀ ਵੱਡੇ ਤੋਂ ਵੱਡੇ ਪੁਲਿਸ ਮੁਲਾਜ਼ਮ ਜਾਂ ਸਿਆਸਤਦਾਨ ਦਾ ਨਾੰਅ ਕਿਉਂ ਨਾ ਸਾਹਮਣੇ ਆਵੇ, ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਪੁਲਿਸ ਦੀ ਕਾਰਵਾਈ ‘ਚ ਸੀਐੱਮ ਵੱਲੋਂ ਕਿਸੇ ਵੀ ਤਰ੍ਹਾਂ ਦਾ ਦਖਲ ਨਹੀਂ ਹੋਵੇਗਾ।
ਕੌਮੀ ਸੁਰੱਖਿਆ ਦਾ ਮੁੱਦਾ
ਕੈਪਟਨ ਨੇ ਕਿਹਾ ਕਿ ਉਹਨਾਂ ਦੇ ਰਾਜ ‘ਚ ਪਾਕਿਸਤਾਨ ਦੀ ਇੰਨੀ ਮਜ਼ਾਲ ਨਹੀਂ ਕਿ ਆਪਣੇ ਨਾਪਾਕ ਇਰਾਦਿਆਂ ‘ਚ ਕਾਮਯਾਬ ਹੋ ਜਾਵੇ। ਉਹਨਾਂ ਕਿਹਾ ਕਿ ਪਾਕਿਸਤਾਨ ਜਦੋਂ ਕੰਡਿਆਲੀ ਤਾਰ ਜ਼ਰੀਏ ਨਸ਼ੇ ਤੇ ਹਥਿਆਰਾਂ ਦੀ ਤਸਕਰੀ ‘ਚ ਸਫ਼ਲ ਨਾ ਹੋ ਸਕਿਆ, ਤਾਂ ਹੁਣ ਡਰੋਨਾਂ ਜ਼ਰੀਏ ਪਾਕਿਸਤਾਨ ਤੋਂ ਨਸ਼ਾ, ਗ੍ਰਨੇਡ ਅਤੇ ਹੋਰ ਹਥਿਆਰ ਸਪਲਾਈ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਪਰ ਉਹਨਾਂ ਦੇ ਰਹਿੰਦੇ ਅਜਿਹਾ ਮੁਮਕਿਨ ਨਹੀਂ ਹੈ।