ਪੰਜਾਬ ‘ਚ ਕੋਰੋਨਾ ਦੇ ਲਗਾਤਾਰ ਡਰਾਉਣ ਵਾਲੇ ਅੰਕੜੇ ਸਾਹਮਣੇ ਆ ਰਹੇ ਹਨ। ਲਿਹਾਜ਼ਾ ਪੰਜਾਬ ਸਰਕਾਰ ਨੇ ਗੰਭੀਰਤਾ ਵਿਖਾਉਂਦਿਆਂ ਕਈ ਨਵੇਂ ਅਤੇ ਅਹਿਮ ਫ਼ੈਸਲੇ ਲਏ ਹਨ। ਸੂਬੇ ‘ਚ ਮੈਡੀਕਲ ਕਾਲਜਾਂ ਨੂੰ ਛੱਡ ਸਾਰੇ ਸਕੂਲ ਅਤੇ ਕਾਲਜ 31 ਮਾਰਚ ਤੱਕ ਬੰਦ ਕਰ ਦਿੱਤੇ ਗਏ ਹਨ। ਸੂਬੇ ‘ਚ ਕੋਰੋਨਾ ਦੇ ਹਾਲਾਤ ਦੀ ਸਮੀਖਿਆ ਬੈਠਕ ‘ਚ ਇਹ ਫ਼ੈਸਲਾ ਲਿਆ ਗਿਆ ਹੈ।
ਇਸ ਤੋਂ ਇਲਾਵਾ ਸਿਨੇਮਾ ਹਾਲ ‘ਚ 50 ਫ਼ੀਸਦ ਲੋਕਾਂ ਨੂੰ ਬੈਠਣ ਦੀ ਇਜਾਜ਼ਤ ਹੋਵੇਗੀ। ਇਸਦੇ ਨਾਲ ਹੀ ਸ਼ੌਪਿੰਗ ਮਾਲ ‘ਚ ਇੱਕ ਸਮੇਂ ‘ਤੇ 100 ਤੋਂ ਵੱਧ ਲੋਕਾਂ ਨੂੰ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਸਰਕਾਰ ਵੱਲੋਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਇੱਕ ਸਮੇਂ ‘ਤੇ ਘਰ ‘ਚ 10 ਤੋਂ ਵੱਧ ਲੋਕਾਂ ਨੂੰ ਇਕੱਠੇ ਨਾ ਸੱਦਿਆ ਜਾਵੇ।
ਹੌਟਸਪੌਟ ਜ਼ਿਲ੍ਹਿਆਂ ਲਈ ਵੱਡੇ ਫ਼ੈਸਲੇ
ਸੂਬੇ ਦੇ ਸਭ ਤੋਂ ਵੱਧ ਪ੍ਰਭਾਵਿਤ 11 ਜ਼ਿਲ੍ਹਿਆਂ ਦੀ ਗੱਲ ਕਰੀਏ, ਤਾਂ ਇਥੇ ਹਾਲਾਤ ਲਗਾਤਾਰ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਲਿਹਾਜ਼ਾ ਪੰਜਾਬ ਸਰਕਾਰ ਨੇ ਇਹਨਾਂ ਜ਼ਿਲ੍ਹਿਆਂ ‘ਚ ਕਈ ਨਵੀਆਂ ਪਾਬੰਦੀਆਂ ਲਗਾਉਣ ਦਾ ਫ਼ੈਸਲਾ ਲਿਆ ਹੈ। ਇਹਨਾਂ ਜ਼ਿਲ੍ਹਿਆਂ ‘ਚ ਜਲੰਧਰ, ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਮੋਹਾਲੀ, ਹੁਸ਼ਿਆਰਪੁਰ, ਕਪੂਰਥਲਾ, ਨਵਾਂਸ਼ਹਿਰ, ਫ਼ਤਿਹਗੜ੍ਹ ਸਾਹਿਬ, ਰੋਪੜ ਅਤੇ ਮੋਗਾ ਸ਼ਾਮਲ ਹਨ।
ਇਹਨਾਂ ਪ੍ਰਭਾਵਿਤ ਜ਼ਿਲ੍ਹਿਆਂ ਦੇ ਸ਼ਹਿਰੀ ਇਲਾਕਿਆਂ ‘ਚ ਕਿਸੇ ਵੀ ਤਰ੍ਹਾਂ ਦੇ ਸਮਾਜਿਕ ਇਕੱਠ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਹਾਲਾਂਕਿ ਵਿਆਹ ਸਮਾਗਮਾਂ ਅਤੇ ਅੰਤਿਮ ਸਸਕਾਰ ਜਿਹੇ ਮੌਕਿਆਂ ਲਈ 20 ਲੋਕਾਂ ਦੇ ਇਕੱਠ ਦੀ ਇਜਾਜ਼ਤ ਦਿੱਤੀ ਗਈ ਹੈ। ਇਹ ਪਾਬੰਦੀਆਂ ਐਤਵਾਰ ਤੋਂ ਲਾਗੂ ਹੋਣਗੀਆਂ। ਇਹਨਾਂ ਜ਼ਿਲ੍ਹਿਆਂ ‘ਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫ਼ਿਊ ਜਾਰੀ ਰਹੇਗਾ, ਪਰ ਕਰਫ਼ਿਊ ਦੌਰਾਨ ਹੋਮ ਡਿਲੀਵਰੀ ਦੀ ਇਜਾਜ਼ਤ ਹੋਵੇਗੀ। ਇਸ ਤੋਂ ਇਲਾਵਾ ਐਤਵਾਰ ਨੂੰ ਸਿਨੇਮਾ, ਮਲਟੀਪਲੈਕਸ, ਰੈਸਟੋਰੈਂਟ ਅਤੇ ਮਾਲ ਬੰਦ ਰਹਿਣਗੇ।
ਹੌਟਸਪੋਟ ਜ਼ਿਲ੍ਹਿਆਂ ‘ਚ ਸਰਕਾਰੀ ਦਫ਼ਤਰਾਂ ‘ਚ ਪਬਲਿਕ ਡੀਲਿੰਗ ‘ਤੇ ਵੀ ਰੋਕ ਲਗਾਈ ਗਈ ਹੈ। ਹਾਲਾਂਕਿ ਜ਼ਰੂਰੀ ਸੇਵਾਵਾਂ ਲਈ ਨਾਗਰਿਕਾਂ ਨੂੰ ਸਰਕਾਰੀ ਦਫ਼ਤਰ ਜਾਣ ਦੀ ਇਜਾਜ਼ਤ ਹੋਵੇਗੀ। ਪਰ ਨਾਲ ਹੀ ਇਹ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਸਰਕਾਰੀ ਕੰਮ ਆਨਲਾਈਨ ਕਰਾਉਣ ‘ਤੇ ਜ਼ੋਰ ਦਿੱਤਾ ਜਾਵੇ।
ਪੰਜਾਬ ਸਰਕਾਰ ਮੁਤਾਬਕ, ਜੇਕਰ ਬਾਕੀ ਜ਼ਿਲ੍ਹਿਆਂ ‘ਚ ਵੀ ਲੋਕ ਨਾ ਸੰਭਲੇ ਅਤੇ ਕੋਰੋਨਾ ਨਿਯਮਾਂ ਦੀ ਪਾਲਣਾ ਨਾ ਕੀਤੀ ਗਈ, ਤਾਂ ਬਾਕੀ ਜ਼ਿਲ੍ਹਿਆਂ ਲਈ ਵੀ ਸਖ਼ਤ ਫ਼ੈਸਲੇ ਲਏ ਜਾ ਸਕਦੇ ਹਨ। ਕਾਬਿਲੇਗੌਰ ਹੈ ਕਿ ਜਿਹਨਾਂ 11 ਜ਼ਿਲ੍ਹਿਆਂ ਲਈ ਸਰਕਾਰ ਨੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ, ਉਹਨਾਂ ‘ਚ ਰੋਜ਼ਾਨਾ 100 ਤੋਂ ਵੱਧ ਕੋਰੋਨਾ ਕੇਸ ਸਾਹਮਣੇ ਆ ਰਹੇ ਹਨ।
ਫਿਲਹਾਲ ਇਹ ਸਾਰੀਆਂ ਪਾਬੰਦੀਆਂ 2 ਹਫ਼ਤਿਆਂ ਲਈ ਹੀ ਲਗਾਈਆਂ ਗਈਆੰ ਹਨ। 2 ਹਫ਼ਤੇ ਬਾਅਦ ਸਰਕਾਰ ਵੱਲੋਂ ਹਾਲਾਤ ਦੀ ਸਮੀਖਿਆ ਕਰ ਨਵੇਂ ਫ਼ੈਸਲੇ ਲਏ ਜਾਣਗੇ।