ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੰਤਰੀ ਨਵਜੋਤ ਸਿੱਧੂ ਵਿਚਾਲੇ ਤਲਖੀ ਦੂਰ ਕਰਨ ਦੀ ਹਾਈਕਮਾਨ ਦੀ ਕੋਸ਼ਿਸ਼ ਸਿਰੇ ਚੜ੍ਹਦੀ ਨਜ਼ਰ ਨਹੀਂ ਆ ਰਹੀ। ਹਾਲਾਂਕਿ ਕੈਪਟਨ ਇਹ ਦਾਅਵਾ ਕਰ ਰਹੇ ਨੇ ਕਿ ਸਿੱਧੂ ਜਲਦ ਉਹਨਾਂ ਦੀ ਟੀਮ ਦਾ ਹਿੱਸਾ ਬਣੇ ਨਜ਼ਰ ਆਉਣਗੇ, ਪਰ ਇਸ ਗੱਲੋਂ ਵੀ ਇਨਕਾਰ ਨਹੀਂ ਕਰ ਰਹੇ ਕਿ ਸਿੱਧੂ ਕੋਈ ਅਹੁਦਾ ਚਾਹੁੰਦੇ ਹਨ।
ਮੁੱਖ ਮੰਤਰੀ ਤੋਂ ਜਦੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਇੱਕ ਪੱਤਰਕਾਰ ਨੇ ਕਿਆਸਰਾਈਆਂ ‘ਤੇ ਸਵਾਲ ਕੀਤਾ ਕਿ ਸਿੱਧੂ ਆਪਣੇ ਲਈ ਵੱਡਾ ਅਹੁਦਾ ਚਾਹੁੰਦੇ ਹਨ, ਤਾਂ ਕੈਪਟਨ ਨੇ ਇਸ ਤੋਂ ਇਨਕਾਰ ਵੀ ਨਹੀਂ ਕੀਤਾ ਤੇ ਸਿੱਧਾ ਜਵਾਬ ਵੀ ਨਹੀਂ ਦਿੱਤਾ। ਕੈਪਟਨ ਨੇ ਕਿਹਾ ਕਿ ਇਹ ਫ਼ੈਸਲਾ ਹਾਈਕਮਾਨ ਦਾ ਹੋਵੇਗਾ। ਉਹਨਾਂ ਮਜ਼ਾਕੀਆ ਲਹਿਜ਼ੇ ‘ਚ ਇਹ ਵੀ ਕਹਿ ਦਿਤਾ ਕਿ ਜੇਕਰ ਸਿੱਧੂ ਮੇਰਾ ਅਹੁਦਾ ਚਾਹੁੰਦੇ ਹਨ, ਤਾਂ ਲੈ ਲੈਣ।
ਕੈਪਟਨ ਦੇ ਇਸ ਬਿਆਨ ਤੋਂ ਬਾਅਦ ਹੁਣ ਨਵਜੋਤ ਸਿੱਧੂ ਨੂੰ ਸਫ਼ਾਈ ਦੇਣੀ ਪਈ ਹੈ। ਸਿੱਧੂ ਖੁੱਲ੍ਹ ਕੇ ਮੀਡੀਆ ਸਾਹਮਣੇ ਤਾਂ ਨਹੀਂ ਆਏ, ਪਰ ਆਪਣੇ ਮੰਨੇ-ਪ੍ਰਮੰਨੇ ਅੰਦਾਜ਼ ‘ਚ ਸ਼ਾਇਰੀ ਦੇ ਜ਼ਰੀਏ ਦਿਲ ਦੀ ਗੱਲ ਟਵਿਟਰ ‘ਤੇ ਕਹਿ ਦਿੱਤੀ। ਸਿੱਧੂ ਨੇ ਟਵੀਟ ਕੀਤਾ, “ਤਿਣਕੇ ਤੋਂ ਹਲਕੀ ਰੂਈਂ, ਰੂਈਂ ਤੋਂ ਹਲਕਾ ਮੰਗਣ ਵਾਲਾ ਸ਼ਖਸ..ਨਾ ਆਪਣੇ ਲਈ ਮੰਗਿਆ ਸੀ, ਨਾ ਮੰਗਿਆ ਹੈ ਤੇ ਨਾ ਮੰਗਾਂਗਾ।”