ਬਿਓਰੋ। ਦੇਸ਼ ‘ਚ ਕੋਰੋਨਾ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ, ਪਿਛਲੇ 24 ਘੰਟਿਆਂ ਅੰਦਰ 1,03,558 ਨਵੇਂ ਮਾਮਲੇ ਰਿਪੋਰਟ ਕੀਤੇ ਗਏ ਹਨ। ਇਹਨਾਂ ਅੰਕੜਿਆਂ ਤੋਂ ਬਾਅਦ ਭਾਰਤ ਉਹਨਾਂ ਦੇਸ਼ਾਂ ਦੀ ਸੂਚੀ ‘ਚ ਸ਼ੁਮਾਰ ਹੋ ਗਿਆ ਹੈ, ਜਿਥੇ ਇੱਕ ਦਿਨ ‘ਚ 1 ਲੱਖ ਤੋਂ ਵੱਧ ਕੇਸ ਸਾਹਮਣੇ ਆਏ ਹੋਣ।
ਮੌਤਾਂ ਦੇ ਅੰਕੜਿਆਂ ਦੀ ਗੱਲ ਕਰੀਏ, ਤਾਂ ਪਿਛਲੇ 24 ਘੰਟਿਆਂ ਅੰਦਰ 478 ਲੋਕਾਂ ਦੇ ਕੋਰੋਨਾ ਦੇ ਚਲਦੇ ਦਮ ਤੋੜਿਆ ਹੈ। ਇਹਨਾਂ ਤਾਜ਼ਾ ਅੰਕੜਿਆਂ ਨੂੰ ਜੋੜਨ ਤੋਂ ਬਾਅਦ ਭਾਰਤ ‘ਚ ਹੁਣ ਤੱਕ 1,25,89,067 ਲੋਕ ਕੋਰੋਨਾ ਪਾਜ਼ੀਟਿਵ ਪਾਏ ਜਾ ਚੁੱਕੇ ਹਨ, ਜਦਕਿ ਐਕਟਿਵ ਕੇਸ 7,41,830 ਹਨ। ਦੇਸ਼ ‘ਚ ਹੁਣ ਤੱਕ ਕੋਰੋਨਾ ਦੇ ਚਲਦੇ 1,65,101 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਦੁਨੀਆ ਭਰ ‘ਚ ਭਾਰਤ ਸਭ ਤੋਂ ਵੱਧ ਪ੍ਰਭਾਵਿਤ !
ਅੰਕੜੇ ਦੱਸਦੇ ਹਨ ਕਿ ਪਿਛਲੇ 24 ਘੰਟਿਆਂ ਦੌਰਾਨ ਦੁਨੀਆ ਭਰ ‘ਚ 5 ਲੱਖ ਤੋਂ ਵੀ ਵੱਧ ਮਾਮਲੇ ਸਾਹਮਣੇ ਆਏ। ਚਿੰਤਾ ਦੀ ਗੱਲ ਹੈ ਕਿ ਇਹਨਾਂ ‘ਚ ਸਭ ਤੋਂ ਵੱਧ ਪ੍ਰਭਾਵਿਤ ਭਾਰਤ ਦੇਸ਼ ਹੈ, ਜਿਥੇ 1 ਲੱਖ ਤੋਂ ਵੱਧ ਮਾਮਲੇ ਰਿਪੋਰਟ ਕੀਤੇ ਗਏ। ਇਸ ਤੋਂ ਬਾਅਦ ਫਰਾਂਸ ‘ਚ 60 ਹਜ਼ਾਰ ਦੇ ਕਰੀਬ ਕੇਸ ਆਏ ਹਨ। ਪਿਛਲੇ ਕਈ ਦਿਨਾਂ ਤੋਂ ਭਾਰਤ ਤੋਂ ਲਗਾਤਾਰ ਡਰਾਉਣ ਵਾਲੇ ਅੰਕੜੇ ਸਾਹਮਣੇ ਆ ਰਹੇ ਹਨ, ਜੋ ਬਾਕੀ ਦੇਸ਼ਾਂ ਨਾਲੋਂ ਕਿਤੇ ਵੱਧ ਹਨ। ਜਦਕਿ ਕੋਰੋਨਾ ਦੀ ਸਭ ਤੋਂ ਵੱਧ ਮਾਰ ਝੱਲ ਚੁੱਕੇ ਅਮਰੀਕਾ ਤੇ ਬ੍ਰਾਜ਼ੀਲ ‘ਚ ਹੁਣ ਬੇਹੱਦ ਘੱਟ ਮਾਮਲੇ ਰਿਪੋਰਟ ਕੀਤੇ ਜਾ ਰਹੇ ਹਨ।