ਮੁੰਬਈ। ਦੇਸ਼ ਭਰ ‘ਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਅੰਕੜੇ ਬੇਹੱਦ ਚਿੰਤਾ ਵਧਾਉਣ ਵਾਲੇ ਹਨ। ਪਰ ਜੋ ਅੰਕੜੇ ਮਹਾਂਰਾਸ਼ਟਰ ਤੋਂ ਸਾਹਮਣੇ ਆ ਰਹੇ ਹਨ, ਉਹ ਹਰ ਦਿਨ ਕਿਸੇ ਨਵੇਂ ਸਦਮੇ ਤੋਂ ਘੱਟ ਨਹੀਂ। ਇਸੇ ਨੂੰ ਵੇਖਦੇ ਹੋਏ ਹੁਣ ਮਹਾਂਰਾਸ਼ਟਰ ਸਰਕਾਰ ਨੇ ਸਖਤ ਫ਼ੈਸਲਾ ਲੈਂਦੇ ਹੋਏ ਵੀਕੈਂਡ ਲਾਕਡਾਊਨ ਦਾ ਐਲਾਨ ਕਰ ਦਿੱਤਾ ਹੈ। ਯਾਨੀ ਸ਼ਨੀਵਾਰ ਅਤੇ ਐਤਵਾਰ ਨੂੰ ਬੇਵਜ੍ਹਾ ਕੋਈ ਵੀ ਸੜਕਾਂ ‘ਤੇ ਨਜ਼ਰ ਨਹੀਂ ਆ ਸਕਦਾ।
ਧਾਰਾ 144 ਵੀ ਲਗਾਈ
ਇਸ ਤੋਂ ਇਲਾਵਾ ਸੋਮਵਾਰ ਤੋਂ ਸ਼ੁੱਕਰਵਾਰ ਲਈ ਵੀ ਸੂਬੇ ‘ਚ ਧਾਰਾ 144 ਅਤੇ ਨਾਈਟ ਕਰਫ਼ਿਊ ਲਗਾਇਆ ਗਿਆ ਹੈ। ਇਸ ਤਹਿਤ ਰਾਤ 8 ਵਜੇ ਤੋਂ ਸਵੇਰੇ 7 ਵਜੇ ਤੱਕ ਸੜਕਾਂ ਖਾਲੀ ਰਹਿਣਗੀਆਂ ਅਤੇ ਦਿਨ ਵੇਲੇ ਵੀ 5 ਤੋਂ ਵੱਧ ਸ਼ਖਸ ਇੱਕ ਥਾਂ ‘ਤੇ ਇਕੱਠੇ ਨਹੀਂ ਹੋ ਸਕਦੇ। ਮੈਡੀਕਲ ਸਣੇ ਹੋਰ ਜ਼ਰੂਰੀ ਸੇਵਾਵਾਂ ਨੂੰ ਇਸ ‘ਚ ਛੋਟ ਰਹੇਗੀ। ਜ਼ਰੂਰੀ ਸੇਵਾਵਾਂ ‘ਚ ਸਰਕਾਰ ਵੱਲੋਂ ਪਬਲਿਕ ਟਰਾਂਸਪੋਰਟ ਵੀ ਸ਼ਾਮਲ ਕੀਤਾ ਗਿਆ ਹੈ, ਜਿਸਦਾ ਮਤਲਬ ਹੈ ਕਿ ਟਰੇਨ, ਟੈਕਸੀ, ਆਟੋ ਅਤੇ ਪਬਲਿਕ ਬੱਸਾਂ ਪਹਿਲਾਂ ਵਾਂਗ ਹੀ ਚਲਦੀਆਂ ਰਹਿਣਗੀਆਂ।
ਦੁਕਾਨਾਂ, ਮਾਰਕਿਟ ਅਤੇ ਮੌਲ ਰਹਿਣਗੇ ਬੰਦ
ਮਹਾਂਰਾਸ਼ਟਰ ਸਰਕਾਰ ਵੱਲੋਂ ਸਾਰੀਆਂ ਦੁਕਾਨਾਂ, ਮਾਰਕਿਟ ਅਤੇ ਸ਼ਾਪਿੰਗ ਮੌਲ ਵੀ ਬੰਦ ਰੱਖਣ ਦਾ ਆਦੇਸ਼ ਦਿੱਤਾ ਗਿਆ ਹੈ। ਹਾਲਾਂਕਿ ਜ਼ਰੂਰੀ ਸੇਵਾਵਾਂ ਨਾਲ ਜੁੜੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਜਿਹਨਾਂ ਦੁਕਾਨਾਂ ਨੂੰ ਸਰਕਾਰ ਵੱਲੋਂ ਫਿਲਹਾਲ ਬੰਦ ਕੀਤਾ ਜਾ ਰਿਹਾ ਹੈ, ਉਹਨਾਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਕੇਂਦਰ ਸਰਕਾਰ ਵੱਲੋਂ ਐਲਾਨੇ ਗਏ ਦਾਇਰੇ ਤਹਿਤ ਆਉਂਦੇ ਦੁਕਾਨਦਾਰ ਜਲਦ ਤੋਂ ਜਲਦ ਟੀਕਾਕਰਨ ਕਰਵਾਉਣ ਅਤੇ ਲੋਕਾਂ ਦੇ ਸੰਪਰਕ ਤੋਂ ਬਚਣ ਲਈ ਚੁੱਕੇ ਜਾਣ ਵਾਲੇ ਸਾਰੇ ਅਹਿਤਿਆਤ ਸਬੰਧੀ ਤਿਆਰੀ ਕਰ ਲੈਣ, ਤਾਂ ਜੋ ਉਹਨਾਂ ਨੂੰ ਵੀ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾ ਸਕੇ।
ਬੀਚ ਤੇ ਪਾਰਕ ਰਾਤ 8 ਵਜੇ ਤੱਕ ਖੁੱਲ੍ਹਣਗੇ
ਸੂਬੇ ਭਰ ਦੇ ਬੀਚ, ਗਾਰਡਨ ਅਤੇ ਪਬਲਿਕ ਪਾਰਕ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਇਹ ਸਵੇਰੇ 7 ਵਜੇ ਤੋਂ ਰਾਤ 8 ਵਜੇ ਤੱਕ ਖੋਲ੍ਹੇ ਜਾਣਗੇ, ਪਰ ਇਸ ਦੌਰਾਨ ਕੋਰੋਨਾ ਨਿਯਮਾਂ ਦੀ ਪਾਲਣਾ ਸੁਨਿਸ਼ਚਿਤ ਕਰਨੀ ਹੋਵੇਗੀ। ਸ਼ਨੀਵਾਰ ਅਤੇ ਐਤਵਾਰ ਨੂੰ ਇਹਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਵੀ ਨਹੀਂ ਹੋਵੇਗੀ।
ਪਬਲਿਕ ਟਰਾਂਸਪੋਰਟ ਲਈ ਹਦਾਇਤਾਂ
ਨਵੀਆਂ ਪਾਬੰਦੀਆਂ ਤਹਿਤ ਆਟੋ ‘ਚ ਇੱਕ ਸਮੇਂ ‘ਤੇ ਸਿਰਫ਼ 2 ਸਵਾਰੀਆਂ ਨੂੰ ਬਿਠਾਉਣ ਦੀ ਇਜਾਜ਼ਤ ਹੋਵੇਗੀ। ਟੈਕਸੀ ‘ਚ ਡਰਾਈਵਰ ਤੋਂ ਇਲਾਵਾ ਸਮਰੱਥਾ ਦੇ ਹਿਸਾਬ ਨਾਲ 50 ਫ਼ੀਸਦ ਸਵਾਰੀਆਂ ਬੈਠ ਸਕਣਗੀਆਂ। ਬੱਸਾਂ ‘ਚ ਪੂਰੀ ਸਮਰੱਥਾ ਦੀ ਇਜਾਜ਼ਤ ਹੋਵੇਗੀ, ਪਰ ਕੋਈ ਵੀ ਯਾਤਰੀ ਖੜ੍ਹੇ ਹੋ ਕੇ ਸਫ਼ਰ ਨਹੀਂ ਕਰ ਸਕੇਗਾ। ਇਸਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਐਲਾਨੇ ਦਾਇਰੇ ਤਹਿਤ ਆਉਣ ਵਾਲੇ ਹਰ ਡਰਾਈਵਰ-ਕੰਡਕਟਰ ਲਈ ਟੀਕਾਕਰਨ ਕਰਵਾਉਣਾ ਲਾਜ਼ਮੀ ਹੋਵੇਗਾ, ਤੇ ਜਦੋਂ ਤੱਕ ਟੀਕਾਕਰਨ ਦੇ ਦੋਵੇਂ ਡੋਜ਼ ਨਹੀਂ ਲਏ ਜਾਂਦੇ, ਉਦੋਂ ਤੱਕ ਕੋਰੋਨਾ ਦੀ RT-PCR ਨੈਗੇਟਿਵ ਰਿਪੋਰਟ ਹੋਣੀ ਚਾਹੀਦੀ ਹੈ, ਜੋ ਕਿ ਟੈਸਟ ਦੇ ਰਿਜ਼ਲਟ ਤੋਂ 15 ਦਿਨਾਂ ਤੱਕ ਮੰਨੀ ਜਾਵੇਗੀ। ਇਸਦੇ ਲਈ 10 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਸ ਤੋਂ ਬਾਅਦ RT-PCR ਨੈਗੇਟਿਵ ਰਿਪੋਰਟ ਨਾ ਹੋਣ ‘ਤੇ 1000 ਰੁਪਏ ਦਾ ਜੁਰਮਾਨਾ ਵਸੂਲਿਆ ਜਾਵੇਗਾ। ਹਾਲਾਂਕਿ ਜੋ ਡਰਾਈਵਰ ਇੱਕ ਪਲਾਸਟਿਕ ਸ਼ੀਟ ਰਾਹੀਂ ਖੁਦ ਨੂੰ ਲੋਕਾਂ ਦੇ ਸੰਪਰਕ ‘ਚ ਨਾ ਲਿਆਂਦੇ ਹੋਣ, ਉਹਨਾਂ ਨੂੰ ਇਸ ‘ਚ ਛੋਟ ਹੋਵੇਗੀ।
ਮਾਸਕ ਨਾ ਪਾਉਣ ਵਾਲੇ ਯਾਤਰੀਆਂ ਨੂੰ 500 ਰੁਪਏ ਜੁਰਮਾਨਾ
ਪਬਲਿਕ ਟਰਾਂਸਪੋਰਟ ‘ਚ ਮਾਸਕ ਨਾ ਪਾਏ ਜਾਣ ‘ਤੇ ਯਾਤਰੀਆਂ ਤੋਂ 500 ਰੁਪਏ ਦਾ ਜੁਰਮਾਨਾ ਵਸੂਲਿਆ ਜਾਵੇਗਾ। ਜੇਕਰ ਕਿਸੇ ਟੈਕਸੀ ‘ਚ ਕੋਈ ਸ਼ਖਸ ਬਿਨ੍ਹਾਂ ਮਾਸਕ ਪਾਇਆ ਗਿਆ, ਤਾਂ ਉਲੰਘਣਾ ਕਰਨ ਵਾਲੇ ਦੇ ਨਾਲ-ਨਾਲ ਡਰਾਈਵਰ ਤੋਂ ਵੀ 500 ਰੁਪਏ ਦਾ ਜੁਰਮਾਨਾ ਵਸੂਲਿਆ ਜਾਵੇਗਾ।
ਮਹਾਂਰਾਸ਼ਟਰ ਸਰਕਾਰ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਫਿਲਹਾਲ 30 ਅਪ੍ਰੈਲ ਤੱਕ ਜਾਰੀ ਰਹਿਣਗੀਆਂ। ਇਸ ਉਪਰੰਤ ਹਾਲਾਤ ਨੂੰ ਵੇਖਦੇ ਹੋਏ ਫ਼ੈਸਲੇ ਲਏ ਜਾਣਗੇ।
ਮਹਾਂਰਾਸ਼ਟਰ ‘ਚ ਬੇਲਗਾਮ ਕੋਰੋਨਾ
ਦੱਸ ਦਈਏ ਕਿ ਮਹਾਂਰਾਸ਼ਟਰ ‘ਚ ਕੋਰੋਨਾ ਲਗਾਤਾਰ ਆਪਣੇ ਪੈਰ ਪਸਾਰ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ‘ਚ 57,074 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ 222 ਲੋਕਾਂ ਦੀ ਮੌਤ ਦੀ ਖ਼ਬਰ ਹੈ। ਇਸਦੇ ਨਾਲ ਹੀ ਮਹਾਂਰਾਸ਼ਟਰ ‘ਚ ਕੋਰੋਨਾ ਮਾਮਲਿਆਂ ਦਾ ਕੁੱਲ ਅੰਕੜਾ 30 ਲੱਖ ਨੂੰ ਪਾਰ ਕਰ ਗਿਆ ਹੈ ਅਤੇ ਕਰੀਬ 56 ਹਜ਼ਾਰ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ।