ਬਿਓਰੋ। 9ਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਵੱਡੇ ਪੈਮਾਨੇ ‘ਤੇ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਪੀਐੱਮ ਨਰੇਂਦਰ ਮੋਦੀ ਨੇ ਵੀਰਵਾਰ ਨੂੰ ਇਸ ਸਬੰਧ ‘ਚ ਬਣਾਈ ਗਈ ਉੱਚ ਪੱਧਰੀ ਕਮੇਟੀ ਨਾਲ ਬੈਠਕ ਕੀਤੀ ਅਤੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਰੂਪਰੇਖਾ ਤੈਅ ਕੀਤੀ ਗਈ। ਪੀਐੱਮ ਨੇ ਆਪਣੇ ਸੰਬੋਧਨ ‘ਚ ਕਿਹਾ, “ਬੀਤੇ 400 ਸਾਲਾਂ ‘ਚ ਭਾਰਤ ਦਾ ਕੋਈ ਵੀ ਦੌਰ ਅਜਿਹਾ ਨਹੀਂ ਰਿਹਾ, ਜਿਸਦੀ ਕਲਪਨਾ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਪ੍ਰਭਾਵ ਤੋਂ ਬਿਨਾਂ ਕਰ ਸਕਦੇ ਹਾਂ। ਅਸੀਂ ਸਾਰੇ ਉਹਨਾਂ ਤੋਂ ਪ੍ਰੇਰਣਾ ਲੈਂਦੇ ਹਾਂ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਅਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਤੱਕ, ਸਾਡੀ ਸਿੱਖ ਗੁਰੂ ਪਰੰਪਰਾ ਆਪਣੇ ਆਪ ‘ਚ ਇੱਕ ਸੰਪੂਰਨ ਮਾਰਗਦਰਸ਼ਕ ਰਹੀ ਹੈ। ਅਸੀਂ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਸਿੱਖਿਆਵਾਂ ਦੇ ਨਾਲ ਹੀ ਸਮੁੱਚੀ ਗੁਰੂ ਪਰੰਪਰਾ ਨੂੰ ਵੀ ਦੁਨੀਆ ਤੱਕ ਲਿਜਾਣਾ ਹੈ।”
ਕੈਪਟਨ ਨੇ ਕੀਤੀ ਪ੍ਰਧਾਨ ਮੰਤਰੀ ਦੀ ਤਾਰੀਫ਼
ਬੈਠਕ ‘ਚ ਮੌਜੂਦ ਪੰਜਾਬ ਦੇ CM ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਨੂੰ ਲੈ ਕੇ ਪੀਐੱਮ ਦਾ ਧੰਨਵਾਦ ਕੀਤਾ। ਕੈਪਟਨ ਨੇ ਕਿਹਾ, “ਆਮ ਤੌਰ ‘ਤੇ ਅਜਿਹੇ ਆਯੋਜਨਾਂ ਦੇ ਪ੍ਰਬੰਧ ਦਾ ਜ਼ਿੰਮਾ ਸੂਬਾ ਸਰਕਾਰ ਅਤੇ ਸਬੰਧਤ ਭਾਈਚਾਰੇ ‘ਤੇ ਛੱਡ ਦਿੱਤਾ ਜਾਂਦਾ ਹੈ। ਅਜਿਹੇ ‘ਚ ਇਸ ਇਵੈਂਟ ਨੂੰ ਇੰਨੀ ਮਹੱਤਤਾ ਦੇਣ ਲਈ ਮੈਂ ਤੁਹਾਡਾ ਧੰਨਵਾਦੀ ਹਾਂ।”
ਪ੍ਰਕਾਸ਼ ਪੁਰਬ ਲਈ 937 ਕਰੋੜ ਦੀ ਮੰਗ
ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਤੋਂ ਪੰਜਾਬ ਲਈ 937 ਕਰੋੜ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣ ਦੀ ਮੰਗ ਵੀ ਕੀਤੀ। ਇਹਨਾਂ ‘ਚ ਅਨੰਦਪੁਰ ਸਾਹਿਬ ਨੂੰ ਸਮਾਰਟ ਸਿਟੀ ਬਣਾਉਣ ਦਾ ਪ੍ਰੋਜੈਕਟ ਵੀ ਸ਼ਾਮਲ ਹੈ। ਇਸਦੇ ਨਾਲ ਹੀ ਸੀਐੱਮ ਨੇ ਗੁਰੂ ਸਾਹਿਬ ਨਾਲ ਜੁੜੇ 78 ਪਿੰਡਾਂ ਨੂੰ ਵੀ ਵਿਕਸਿਤ ਕਰਨ ਦੀ ਗੱਲ ਕਹੀ। ਸੀਐੱਮ ਨੇ ਕਿਹਾ ਕਿ 400 ਸਾਲਾ ਪ੍ਰਕਾਸ਼ ਪੁਰਬ ‘ਤੇ ਨਾ ਸਿਰਫ਼ ਦੇਸ਼, ਬਲਕਿ ਪੂਰੀ ਦੁਨੀਆ ‘ਚ ਸਮਾਗਮ ਕਰਵਾਏ ਜਾਣ। PM ਤੋਂ ਗੁਰੂ ਸਾਹਿਬ ਨੂੰ ਸਮਰਪਿਤ ਵਿਸ਼ੇਸ਼ ਡਾਕ ਟਿਕਟ ਜਾਰੀ ਕਰਨ ਦੀ ਵੀ ਮੰਗ ਕੀਤੀ।
ਮਨਮੋਹਨ ਸਿੰਘ ਸਣੇ ਕਈ ਵੱਡੇ ਚਿਹਰੇ ਸ਼ਾਮਲ
ਬੈਠਕ ‘ਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਂਮੰਤਰੀ ਰਾਜਨਾਥ ਸਿੰਘ, ਹਰਿਆਣਾ ਦੇ ਸੀਐ਼ਮ ਮਨੋਹਰ ਲਾਲ, SGPC ਪ੍ਰਧਾਨ ਬੀਬੀ ਜਗੀਰ ਕੌਰ ਵੀ ਮੌਜੂਦ ਰਹੇ। ਦੱਸ ਦਈਏ ਕਿ ਕੇਂਦਰ ਸਰਕਾਰ ਨੇ ਪਿਛਲੇ ਸਾਲ 24 ਅਕਤੂਬਰ ਨੂੰ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਲਈ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਸੀ, ਤਾਂ ਜੋ ਆਯੋਜਨਾਂ ਦੀ ਨਿਗਰਾਨੀ ਦੇ ਨਾਲ-ਨਾਲ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨਾਲ ਸਬੰਧਤ ਨੀਤੀਆਂ, ਯੋਜਨਾਵਾਂ ਅਤੇ ਸਮਾਗਮਾਂ ਨੂੰ ਮਨਜ਼ੂਰੀ ਦਿੱਤੀ ਜਾ ਸਕੇ। ਕਂਮੇਟੀ ‘ਚ ਪ੍ਰਧਾਨ ਮੰਤਰੀ ਸਣੇ 70 ਮੈਂਬਰ ਸ਼ਾਮਲ ਹਨ।