Home Election ਕਾਂਗਰਸ ਦੀ 'ਮਹਿਫਿਲ' 'ਚ 'ਅਜਨਬੀ' ਹੋਏ ਸਿੱਧੂ !

ਕਾਂਗਰਸ ਦੀ ‘ਮਹਿਫਿਲ’ ‘ਚ ‘ਅਜਨਬੀ’ ਹੋਏ ਸਿੱਧੂ !

ਨਿਊਜ਼ ਡੈਸਕ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੀ ਹੀ ਤਰ੍ਹਾਂ ਇਸ ਵਾਰ ਵੀ ਚੋਣਾਂ ਤੋਂ ਪਹਿਲਾਂ ਇੱਕ ਨਾੰਅ ਸੁਰਖੀਆਂ ‘ਚ ਹੈ। ਉਹ ਨਾੰਅ ਹੈ ਸਾਬਕਾ ਭਾਰਤੀ ਕ੍ਰਿਕਟਰ, ਸੂਬੇ ਦੇ ਸਾਬਕਾ ਕੈਬਨਿਟ ਮੰਤਰੀ ਤੇ ਮਾਝੇ ਦੇ ਵੱਡੇ ਚਿਹਰੇ ਨਵਜੋਤ ਸਿੰਘ ਸਿੱਧੂ ਦਾ। ਸਿੱਧੂ ਨੇ ਪਿਛਲੀਆਂ ਚੋਣਾਂ ਤੋਂ ਠੀਕ 2 ਮਹੀਨੇ ਪਹਿਲਾਂ ਕਾਂਗਰਸ ‘ਚ ਐਂਟਰੀ ਲਈ ਸੀ, ਪਰ ਹੁਣ ਕਾਂਗਰਸ ਪਾਰਟੀ ‘ਚ ਉਹਨਾਂ ਦੇ ਰੁਤਬੇ ਨੂੰ ਲੈ ਕੇ ਸਿੱਧੂ ਮੁੜ ਅਖਬਾਰਾਂ ਦੀਆਂ ਸੁਰਖੀਆਂ ਬਣ ਰਹੇ ਹਨ।

ਪਿਛਲੇ ਕਰੀਬ ਡੇਢ ਸਾਲ ਤੋਂ ਆਪਣੀ ਹੀ ਸਰਕਾਰ ਤੋਂ ਖਫ਼ਾ ਚੱਲ ਰਹੇ ਨਵਜੋਤ ਸਿੰਘ ਸਿੱਧੂ ਦੀ ਸਰਕਾਰ ‘ਚ ਵਾਪਸੀ ਦੀਆਂ ਕੋਸ਼ਿਸ਼ਾਂ ਪੂਰੇ ਜ਼ੋਰਾਂ ‘ਤੇ ਹਨ, ਕਿਉਂਕਿ ਪਾਰਟੀ ਹਾਈਕਮਾਨ ਚੋਣਾਂ ‘ਚ ਕਿਸੇ ਵੀ ਤਰ੍ਹਾਂ ਦਾ ਰਿਸਕ ਨਹੀਂ ਲੈਣਾ ਚਾਹੁੰਦੀ। ਪੰਜਾਬ ਕਾਂਗਰਸ ਦੇ ਇੰਚਾਰਜ ਲਗਾਤਾਰ ਸਿੱਧੂ ਦੀ ਵਾਪਸੀ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਕੈਪਟਨ ਨਾਲ ਮੀਟਿੰਗਾਂ ਵੀ ਕਰਵਾਈਆਂ ਜਾ ਰਹੀਆਂ ਹਨ, ਪਰ ਹਾਈਕਮਾਨ ਦੀ ਇਹ ਕੋਸ਼ਿਸ਼ ਸਹੀ ਰਾਹ ਤੁਰਦੀ ਨਜ਼ਰ ਨਹੀਂ ਆ ਰਹੀ।

ਕੈਪਟਨ ਸਰਕਾਰ ‘ਚ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਸਿੱਧੂ ਲੰਮਾਂ ਸਮਾਂ ਨਾ ਸਿਰਫ਼ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਤੋਂ, ਬਲਕਿ ਸੋਸ਼ਲ ਮੀਡੀਆ ਤੋਂ ਵੀ ਦੂਰ ਰਹੇ। ਪਰ ਪਿਛਲੇ ਕੁਝ ਦਿਨਾਂ ਤੋਂ ਸਿੱਧੂ ਟਵਿਟਰ ‘ਤੇ ਬੇਹੱਦ ਐਕਟਿਵ ਹਨ। ਤੇ ਆਪਣੇ ਉਸ ਹੁਨਰ ਦੇ ਜ਼ਰੀਏ ਦਿਲ ਦੀ ਗੱਲ ਪੰਜਾਬ ਦੀ ਜਨਤਾ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ‘ਚ ਉਹ ਬੇਹੱਦ ਮਾਹਰ ਹਨ। ਸਿੱਧੂ ਸ਼ਾਇਰੀ ਜ਼ਰੀਏ ਕਿਸ ਤਰ੍ਹਾਂ ਕਰ ਰਹੇ ਹਨ ਦਿਲ ਦੀ ਗੱਲ, ਉਹਨਾਂ ਦੇ ਕੁਝ ਟਵੀਟਸ ਜ਼ਰੀਏ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।

ਨਵਜੋਤ ਸਿੱਧੂ ਦਾ ਇਹ ਟਵੀਟ ਸਭ ਤੋਂ ਵੱਧ ਸੁਰਖੀਆਂ ‘ਚ ਰਿਹਾ। ਦਰਅਸਲ, ਇਹ ਸ਼ਬਦ ਸਿੱਧੂ ਵੱਲੋਂ ਕੈਪਟਨ ਦੀ ਉਸ ਪ੍ਰੈਁਸ ਕਾਨਫ਼ਰੰਸ ਤੋਂ ਬਾਅਦ ਟਵੀਟ ਕੀਤੇ ਗਏ ਸਨ, ਜਿਸ ‘ਚ ਕੈਪਟਨ ਨੇ ਮਜ਼ਾਕੀਆ ਲਹਿਜ਼ੇ ‘ਚ ਕਿਹਾ ਸੀ ਕਿ ਿਸੱਧੂ ਚਾਹੁਣ, ਤਾਂ ਮੇਰਾ ਅਹੁਦਾ ਲੈ ਲੈਣ। ਪ੍ਰੈੱਸ ਕਾਨਫ਼ਰੰਸ ਦੌਰਾਨ ਇੱਕ ਪੱਤਰਕਾਰ ਵੱਲੋਂ ਸਵਾਲ ਕੀਤਾ ਗਿਆ ਸੀ ਕਿ ਚਰਚਾ ਹੈ ਕਿ ਸਿੱਧੂ ਵਾਪਸੀ ਲਈ ਆਪਣੀ ਮਰਜ਼ੀ ਦਾ ਅਹੁਦਾ ਚਾਹੁੰਦੇ ਹਨ। ਯਾਨੀ ਸਾਫ਼ ਹੈ ਕਿ ਅੰਦਰਲੀ ਗੱਲ ਜੋ ਮਰਜ਼ੀ ਹੋਵੇ, ਪਰ ਸਿੱਧੂ ਪੰਜਾਬ ਦੇ ਲੋਕਾਂ ਨੂੰ ਯਕੀਨ ਦਵਾਉਣਾ ਚਾਹੁੰਦੇ ਹਨ ਕਿ ਉਹਨਾਂ ਨੇ ਆਪਣੇ ਲਈ ਕਦੇ ਕੁਝ ਨਹੀਂ ਮੰਗਿਆ ਤੇ ਨਾ ਹੀ ਮੰਗਣਗੇ।

ਹਾਲਾਂਕਿ ਇਸ ਤੋਂ ਬਾਅਦ ਅਗਲੇ 2 ਦਿਨ ਸਿੱਧੂ ਦੇ ਤੇਵਰ ਕੁਝ ਵੱਖਰੇ ਵਿਖਾਈ ਦਿੱਤੇ। ਇੱਕ ਦਿਨ ਸਿੱਧੂ ਕਹਿੰਦੇ ਹਨ ਕਿ ਹੁਨਰ ਹੋਵੇਗਾ, ਤਾਂ ਦੁਨੀਆ ਕਦਰ ਕਰੇਗੀ। ਤਾਂ ਅਗਲੇ ਹੀ ਦਿਨ ਖੁਦ ਨੂੰ ਕੋਹਿਨੂਰ ਦੱਸਣ ਤੋਂ ਵੀ ਪਿੱਛੇ ਨਹੀਂ ਰਹੇ।

ਦਰਅਸਲ, ਟਵੀਟਸ ਦੇ ਉਸ ਦੌਰ ਨੇ ਉਸ ਵੇਲੇ ਤੇਜ਼ੀ ਫੜੀ, ਜਦੋਂ ਸਿੱਧੂ ਨੇ ਪਿਛਲੇ ਮਹੀਨੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਸੀ। ਮੁਲਾਕਾਤ ਦੀ ਤਸਵੀਰ ਅਤੇ ਸਿੱਧੂ ਦੇ ਚਿਹਰੇ ‘ਤੇ ਮੁਸਕਾਨ ਵੇਖ ਕੇ ਕਿਆਸਰਾਈਆਂ ਆਮ ਹੋ ਗਈਆਂ ਕਿ ਮੁਲਾਕਾਤ ‘ਚ ਕੁਝ ਨਤੀਜਾ ਤਾਂ ਜ਼ਰੂਰ ਨਿਕਲਿਆ ਹੈ। ਪਰ ਸਿੱਧੂ ਦੇ ਇੱਕ ਆਸ ਭਰੇ ਟਵੀਟ ਨੇ ਮੁੜ ਇਹ ਸੋਚਣ ‘ਤੇ ਮਜਬੂਰ ਕਰ ਦਿੱਤਾ ਕਿ ਉਹਨਾਂ ਦੀ ਦੁਨੀਆ ਅਜੇ ਵੀ ਉਮੀਦ ‘ਤੇ ਕਾਇਮ ਹੈ।

ਸਿੱਧੂ ਨੂੰ ਆਪਣੇ ਕਿਰਦਾਰ ਤੋਂ ਆਸ ਤਾਂ ਖੂਬ ਸੀ, ਪਰ ਕਰੀਬ ਇੱਕ ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਤਸਵੀਰ ਬਦਲਦੀ ਨਜ਼ਰ ਨਹੀਂ ਆ ਰਹੀ। ਓਧਰ ਸਿੱਧੂ ਦਿਨ-ਬ-ਦਿਨ ਹੋਰ ਹਮਲਾਵਰ ਹੁੰਦੇ ਜਾ ਰਹੇ ਹਨ। ਸਿੱਧੂ ਦੀ ਸ਼ਾਇਰੀ ‘ਚ ਸ਼ਕੁਨੀ, ਸ਼ਡਯੰਤਰ ਅਤੇ ਬਹਿਰੂਪੀਏ ਵਰਗੇ ਸ਼ਬਦ ਆਮ ਹੁੰਦੇ ਜਾ ਰਹੇ ਹਨ।

ਹੁਣ ਸਿੱਧੂ ਦੀ ਨਜ਼ਰ ‘ਚ ਕੌਣ ਉਹ ਸ਼ਕੂਨੀ ਹੈ, ਜੋ ਆਪਣਾ ਹੋ ਕੇ ਵੀ ਉਹਨਾਂ ਖਿਲਾਫ਼ ਸ਼ਡਯੰਤਰ ਯਾਨੀ ਸਾਜ਼ਿਸ਼ ਰੱਚ ਰਿਹਾ ਹੈ। ਇਹ ਤਾਂ ਸਿੱਧੂ ਹੀ ਦੱਸ ਸਕਦੇ ਹਨ। ਪਰ ਸਿਆਸੀ ਗਲਿਆਰਿਆਂ ‘ਚ ਇਹ ਚਰਚਾ ਆਮ ਹੈ ਕਿ ਸਿੱਧੂ ਦਾ ਇਸ਼ਾਰਾ ਸਿੱਧੇ-ਸਿੱਧੇ ਕੈਪਟਨ ਅਮਰਿੰਦਰ ਸਿੰਘ, ਹਰੀਸ਼ ਰਾਵਤ ਜਾਂ ਫਿਰ ਪ੍ਰਸ਼ਾਂਤ ਕਿਸ਼ੋਰ ਵੱਲ ਹੈ।

ਸਾਜ਼ਿਸ਼ ਚਾਹੇ ਕੋਈ ਵੀ ਕਰ ਰਿਹਾ ਹੋਵੇ, ਪਰ ਸਿੱਧੂ ਕਹਿੰਦੇ ਹਨ ਕਿ ਉਹ ‘ਆਪਣਿਆਂ’ ‘ਚ ‘ਅਜਨਬੀ‘ ਬਣ ਕੇ ਹਮੇਸ਼ਾ ਇਹਨਾਂ ਸਾਜ਼ਿਸ਼ਾਂ ਤੋਂ ਬੱਚਦੇ ਰਹੇ ਹਨ।

ਨਵਜੋਤ ਸਿੰਘ ਸਿੱਧੂ ਬੇਸ਼ੱਕ ਉਹਨਾਂ ਖਿਲਾਫ਼ ਸਾਜ਼ਿਸ਼ ਰਚਣ ਵਾਲਿਆਂ ਨੂੰ ਸ਼ਕੁਨੀ ਜਾਂ ਬਹਿਰੂਪੀਏ ਦੱਸਦੇ ਹਨ, ਪਰ ਆਪਣੇ ਆਪ ਨੂੰ ਉਹ ਆਈਨੇ ਤੋਂ ਘੱਟ ਨਹੀਂ ਸਮਝਦੇ। ਕਹਿੰਦੇ ਹਨ ਕਿ ਆਈਨੇ ਨੂੰ ਪਰਵਾਹ ਕਰਨ ਦੀ ਲੋੜ ਨਹੀਂ, ਪਰਵਾਹ ਉਹ ਕਰਨ ਜਿਹਨਾਂ ਦੇ ਅੰਦਰ ਕੁਝ ਹੈ ਤੇ ਬਾਹਰ ਕੁਝ ਹੋਰ।

ਇਸ ਸਭ ਦੇ ਵਿਚਾਲੇ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਵਾਪਸ ਸਰਕਾਰ ‘ਚ ਆਪਣਾ ਓਹੀ ਅਹੁਦਾ ਚਾਹੁੰਦੇ ਹਨ, ਜਿਸ ਨੂੰ ਖੋਹੇ ਜਾਣ ਤੋਂ ਬਾਅਦ ਉਹਨਾਂ ਨੇ ਕੈਬਨਿਟ ਤੋਂ ਅਸਤੀਫ਼ਾ ਦਿੱਤਾ ਸੀ। ਇੱਕ ਟਵੀਟ ‘ਚ ਉਹਨਾਂ ਨੇ ਠੋਕ ਕੇ ਲਿਖਿਆ ਵੀ ਕਿ ਜੀਵਨ ਦੀ ਸਭ ਤੋਂ ਵੱਡੀ ਖੁਸ਼ੀ ਉਸ ਕੰਮ ਨੂੰ ਕਰਨ ‘ਚ ਹੈ, ਜਿਸ ਨੂੰ ਲੋਕ ਕਹਿੰਦੇ ਹਨ, ਤੁਸੀਂ ਨਹੀਂ ਕਰ ਸਕਦੇ।

ਸਿਆਸੀ ਗਲਿਆਰਿਆਂ ‘ਚ ਅਫ਼ਵਾਹਾਂ ਤਾਂ ਕਈ ਹਨ, ਪਰ ਨਵਜੋਤ ਸਿੰਘ ਸਿੱਧੂ ਇਸ ਨੂੰ ਵੀ ਆਪਣੇ ਲਈ ਉਪਲਬਧੀ ਹੀ ਦੱਸਦੇ ਹਨ। ਸਿੱਧੂ ਮੁਤਾਬਕ, ਸਿਆਸਤ ਦੀ ਦੁਨੀਆ ‘ਚ ਅਫ਼ਵਾਹਾਂ ਦਾ ਬਜ਼ਾਰ ਗਰਮ ਕਰਨ ਲਈ ਉਹਨਾਂ ਦਾ ਨਾੰਅ ਹੀ ਕਾਫ਼ੀ ਹੈ।

ਗੱਲ ਤਾਂ ਸਿੱਧੂ ਨੇ ਸਹੀ ਕਹੀ, ਕਿਉਂਕਿ ਉਹਨਾਂ ਦਾ ਨਾੰਅ ਪੰਜਾਬ ਦੀ ਸਿਆਸਤ ‘ਚ ਵਾਕਈ ਕਾਫ਼ੀ ਮਾਇਨੇ ਰੱਖਦਾ ਹੈ। ਪਰ ਟਵਿਟਰ ‘ਤੇ ਅਸਿੱਧੇ ਤੌਰ ‘ਤੇ ਇੰਨਾ ਕੁਝ ਕਹਿ ਕੇ ਸਿੱਧੂ ਖੁੱਲ੍ਹ ਕੇ ਕਿਉਂ ਨਹੀਂ ਦਿਲ ਦੀ ਗੱਲ ਕਰਦੇ, ਇਹ ਵੀ ਇੱਕ ਵੱਡਾ ਸਵਾਲ ਹੈ। ਪਰ ਇਸਦਾ ਜਵਾਬ ਵੀ ਸਿੱਧੂ ਦੇ ਇੱਕ ਟਵੀਟ ਨੇ ਹੀ ਦੇ ਦਿੱਤਾ, ਜਿਸ ‘ਚ ਸਿੱਧੂ ਕਹਿ ਰਹੇ ਹਨ ਕਿ ਪਰਵਾਨਾ ਵੀ ਬਿਨਾਂ ਕੁਝ ਕਹੇ ਸਭ ਕੁਝ ਸਮਝਾ ਦਿੰਦਾ ਹੈ।

ਇੱਕ ਪਾਸੇ ਸਿੱਧੂ ਨੇ ਸਰਕਾਰ ‘ਚ ਵਾਪਸੀ ਦੇ ਨਾੰਅ ‘ਤੇ ਚੁੱਪੀ ਸਾਧੀ ਹੋਈ ਹੈ, ਪਰ ਇਹ ਜ਼ਰੂਰ ਕਹਿੰਦੇ ਹਨ ਕਿ ਮੇਰੇ ਬਾਰੇ ਕੁਝ ਵੀ ਰਾਏ ਬਣਾਉਣ ਤੋਂ ਪਹਿਲਾਂ ਗੱਲ ਕਰ ਲਈਓ। ਪਰ ਜਦੋਂ ਪਿਛਲੇ ਹਫ਼ਤੇ ਸਿੱਧੂ ਤੋਂ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਚਰਚਾਵਾਂ ‘ਤੇ ਸਵਾਲ ਕੀਤੇ ਗਏ, ਤਾਂ ਉਹ ਜਵਾਬ ਦੇਣ ਨੂੰ ਵੀ ਤਿਆਰ ਨਹੀਂ ਸਨ। ਇਸ ਵਿਚਾਲੇ ਟਵੀਟ ਕਰਕੇ ਆਪਣੀ ਚੁੱਪੀ ਨੂੰ ਤਹਿਜ਼ੀਬ ਅਤੇ ਸੰਸਕਾਰਾਂ ਨਾਲ ਜ਼ਰੂਰ ਜੋੜਦੇ ਹਨ।

ਸਿੱਧੂ ਸਾਬ੍ਹ, ਅਸੀਂ ਨਾ ਤਾਂ ਤੁਹਾਡੇ ਬਾਰੇ ਗਲਤ ਰਾਏ ਬਣਾ ਰਹੇ ਹਾਂ ਤੇ ਨਾ ਹੀ ਅਫ਼ਵਾਹਾਂ ‘ਤੇ ਯਕੀਨ ਕਰਦੇ ਹਾਂ। ਪਰ ਜੋ ਭਾਸ਼ਾ ਤੁਹਾਡੇ ਟਵੀਟਸ ‘ਚ ਵਰਤੀ ਜਾ ਰਹੀ ਹੈ, ਉਸ ਨੂੰ ਅਣਗੌਲਿਆਂ ਵੀ ਨਹੀਂ ਕਰ ਸਕਦੇ। ਬਹਿਰਹਾਲ, ਹੁਣ ਪੰਜਾਬ ਦੇ ਲੋਕਾਂ ਨੂੰ ਬੱਸ ਉਸੇ ਦਿਨ ਦਾ ਇੰਤਜ਼ਾਰ ਹੈ, ਜਦੋਂ ਸਿੱਧੂ ਆਪਣੀ ਚੁੱਪੀ ਤੋੜ ਕੇ ਉਹਨਾਂ ਸਾਰੀਆਂ ਅਫ਼ਵਾਹਾਂ ਦਾ ਜਵਾਬ ਦੇਣਗੇ, ਜੋ ਇਸ ਵੇਲੇ ਸਿਆਸੀ ਗਲਿਆਰਿਆਂ ‘ਚ ਕਾਫ਼ੀ ਗਰਮ ਹਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments