ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਵੀ ਲੈ ਲਈ ਹੈ। ਨਵੀਂ ਦਿੱਲੀ ‘ਚ AIIMS ਵਿਖੇ ਵੀਰਵਾਰ ਸਵੇਰੇ ਉਹਨਾਂ ਨੇ ਕੋਵੈਕਸੀਨ ਦੀ ਦੂਜੀ ਡੋਜ਼ ਲਗਵਾਈ। ਪਹਿਲੀ ਡੋਜ਼ ਉਹਨਾਂ ਨੇ 1 ਮਾਰਚ ਨੂੰ ਲਗਵਾਈ ਸੀ। ਦੂਜੀ ਡੋਜ਼ ਲਗਵਾਉਣ ਤੋਂ ਬਾਅਦ ਪੀਐੱਮ ਨੇ ਕਿਹਾ, “ਅੱਜ AIIMS ‘ਚ ਮੈਨੂੰ ਕੋਰੋਨਾ ਵੈਕਸੀਨ ਦੀ ਦੂਜੀ ਖੁਰਾਕ ਮਿਲੀ। ਸਾਡੇ ਕੋਲ ਵਾਇਰਸ ਨੂੰ ਹਰਾਉਣ ਦੇ ਕੁਝ ਤਰੀਕਿਆਂ ‘ਚੋਂ ਟੀਕਾਕਰਨ ਇੱਕ ਹੈ। ਜੇਕਰ ਤੁਸੀਂ ਵੈਕਸੀਨ ਲਗਾਉਣ ਲਈ ਯੋਗ ਹੋ, ਤਾਂ ਜਲਦ ਹੀ ਰਜਿਸਟ੍ਰੇਸ਼ਨ ਕਰਵਾ ਕੇ ਵੈਕਸੀਨ ਲਗਵਾਓ।”
ਪੰਜਾਬ ਦੀ ਨਰਸ ਨੇ ਲਗਾਇਆ ਟੀਕਾ
ਪੀਐੱਮ ਮੋਦੀ ਨੂੰ ਵੈਕਸੀਨ ਦੀ ਦੂਜੀ ਡੋਜ਼ ਪੰਜਾਬ ਦੀ ਸਿਸਟਰ ਨੇਹਾ ਸ਼ਰਮਾ ਅਤੇ ਪੁਡੂਚੇਰੀ ਦੀ ਸਿਸਟਰ ਪੀ. ਨਿਵੇਦਾ ਨੇ ਲਗਾਈ। ਨੇਹਾ ਨੇ ਕਿਹਾ, “ਪ੍ਰਧਾਨ ਮੰਤਰੀ ਨੇ ਸਾਡੇ ਨਾਲ ਗੱਲ ਕੀਤੀ। ਇਹ ਮੇਰੇ ਲਈ ਇੱਕ ਯਾਦਗਾਰ ਪਲ ਸੀ। ਮੈਨੂੰ ਉਹਨਾਂ ਨਾਲ ਗੱਲ ਕਰਨ ਅਤੇ ਵੈਕਸੀਨ ਲਗਾਉਣ ਦਾ ਮੌਕਾ ਮਿਲਿਆ।”
ਨਰਸ ਨਿਵੇਦਾ ਨੇ ਕਿਹਾ, “ਮੈਂ ਪ੍ਰਧਾਨ ਮੰਤਰੀ ਨੂੰ ਕੋਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਸੀ। ਅੱਜ ਮੈਨੂੰ ਉਹਨਾਂ ਨਾਲ ਦੋਬਾਰਾ ਮਿਲਣ ਅਤੇ ਟੀਕਾ ਲਗਾਉਣ ਦਾ ਮੌਕਾ ਮਿਲਿਆ। ਮੈਂ ਮੁੜ ਬੇਹੱਦ ਖੁਸ਼ ਹਾਂ। ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਅਤੇ ਸਾਡੇ ਨਾਲ ਤਸਵੀਰਾਂ ਵੀ ਖਿਚਵਾਈਆਂ।”