ਬਿਓਰੋ। ਕੇਂਦਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਪਿਛਲੇ 6 ਮਹੀਨਿਆਂ ਤੋੋਂ ਦਿੱਲੀ ‘ਚ ਮੋਰਚਾ ਲਾ ਕੇ ਬੈਠੇ ਕਿਸਾਨਾਂ ਅਤੇ ਉਹਨਾਂ ਦੇ ਅੰਦੋਲਨ ਦੀ ਹਮਾਇਤ ਕਰਨਾ ਪੰਜਾਬੀ ਗਾਇਕ ਤੇ ਅਦਾਕਾਰ ਜੈਜ਼ੀ ਬੀ ਨੂੰ ਮਹਿੰਗਾ ਪਿਆ ਬੈ। ਜੈਜ਼ੀ ਬੀ ਦਾ ਟਵਿਟਰ ਅਕਾਊਂਟ ਭਾਰਤ ‘ਚ ਬਲਾਕ ਕਰ ਦਿੱਤਾ ਗਿਆ ਹੈ। ਜੈਜ਼ੀ ਸਣੇ ਕੁੱਲ 4 ਲੋਕਾਂ ਦੇ ਟਵਿਟਰ ਅਕਾਊਂਟ ਬਲਾਕ ਹੋਏ ਹਨ। ਭਾਰਤ ਸਰਕਾਰ ਦੀ ਕਾਨੂੰਨੀ ਅਪੀਲ ‘ਤੇ ਟਵਿਟਰ ਵੱਲੋਂ ਇਹ ਐਕਸ਼ਨ ਲਿਆ ਗਿਆ ਹੈ।
ਜੈਜ਼ੀ ਬੀ ਨੇ ਆਪਣੇ ਟਵਿਟਰ ਅਕਾਊਂਟ ਦੇ ਬਲਾਕ ਹੋਣ ਦੀ ਜਾਣਕਾਰੀ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਦਿੱਤੀ। ਜੈਜ਼ੀ ਬੀ ਨੇ ਇਸਦਾ ਸਕ੍ਰੀਨਸ਼ਾਟ ਵੀ ਸ਼ੇਅਰ ਕੀਤਾ ਹੈ, ਜਿਸ ‘ਚ ਲਿਖਿਆ ਹੈ- ‘account withheld’ ਯਾਨੀ ਉਹਨਾਂ ਦੇ ਅਕਾਊਂਟ ‘ਤੇ ਰੋਕ ਲਗਾ ਦਿੱਤੀ ਗਈ ਹੈ। ਇਸਦੇ ਨਾਲ ਹੀ ਜੈਜ਼ੀ ਬੀ ਨੇ ਕੈਪਸ਼ਨ ‘ਚ ਲਿਖਿਆ- “ਮੈਂ ਹਮੇਸ਼ਾ ਆਪਣਿਆਂ ਦੇ ਹੱਕਾਂ ਲਈ ਖੜ੍ਹਾ ਰਹਾਂਗਾ।”
ਕੁਝ ਦੇਰ ਬਾਅਦ ਜੈਜ਼ੀ ਬੀ ਨੇ ਇੰਸਟਾਗ੍ਰਾਮ ‘ਤੇ ਇੱਕ ਹੋਰ ਤਸਵੀਰ ਸ਼ੇਅਰ ਕੀਤੀ, ਜਿਸ ‘ਚ ਉਹ ਗੁਰਦੁਆਰਾ ਸਾਹਿਬ ‘ਚ ਨਤਮਤਸਤਕ ਹੁੰਦੇ ਨਜ਼ਰ ਆ ਰਹੇ ਹਨ। ਕੈਪਸ਼ਨ ‘ਚ ਜੈਜ਼ੀ ਨੇ ਲਿਖਿਆ ਹੈ, “ਵਾਹਿਗੁਰੂ ਜੀ, ਮੈਂ ਸਰੀਰਕ ਮੌਤ ਤੋਂ ਨਹੀਂ ਡਰਦਾ, ਪਰ ਜਦੋਂ ਮੇਰੀ ਆਤਮ ਮਰ ਗਈ, ਤਾਂ ਉਹ ਅਸਲ ਮੌਤ ਹੈ।”
ਸਿਰਫ ਭਾਰਤ ‘ਚ ਹੀ ਬੈਨ ਅਕਾਊਂਟ
ਕਾਬਿਲੇਗੌਰ ਹੈ ਕਿ ਜੈਜ਼ੀ ਬੀ ਦੇ ਅਕਾਊਂਟ ਨੂੰ ਸਿਰਫ਼ ਭਾਰਤ ‘ਚ ਹੀ ਬਲਾਕ ਕੀਤਾ ਗਿਆ ਹੈ। ਇਸ ਨੂੰ ਭਾਰਤ ਤੋਂ ਬਾਹਰ ਕਿਸੇ ਹੋਰ ਦੇਸ਼ ‘ਚ IP ਅਡ੍ਰੈਸ ਜ਼ਰੀਏ ਐਕਸੇਸ ਕੀਤਾ ਜਾ ਸਕਦਾ ਹੈ। ਪਰ ਭਾਰਤ ‘ਚ ਉਹਨਾਂ ਦੇ ਟਵੀਟ ਵੇਖਣਾ ਹੁਣ ਮੁਮਕਿਨ ਨਹੀਂ ਹੈ। ਹੈਲਪ ਸੈਂਟਰ ਸੈਕਸ਼ਨ ‘ਚ ਟਵਿਟਰ ਵੱਲੋਂ ਇਸ ਬਾਰੇ ਸਪੱਸ਼ਟੀਕਰਨ ਵੀ ਦਿੱਤਾ ਗਿਆ ਹੈ।
ਪਹਿਲਾਂ ਵੀ 250 ਅਕਾਊਂਟ ਹੋ ਚੁੱਕੇ ਹਨ ਬਲਾਕ
ਦੱਸ ਦਈਏ ਕਿ ਜੈਜ਼ੀ ਬੀ ਪਹਿਲੇ ਅਜਿਹੇ ਸ਼ਖਸ ਨਹੀਂ ਹਨ, ਜਿਹਨਾਂ ਦਾ ਅਕਾਊਂਟ ਕਿਸਾਨ ਅੰਦੋਲਨ ਦੀ ਹਮਾਇਤ ਦੇ ਚਲਦੇ ਸਸਪੈਂਡ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਫਰਵਰੀ ਮਹੀਨੇ ‘ਚ ਵੀ 250 ਲੋਕਾਂ ਦੇ ਟਵਿਟਰ ਅਕਾਊਂਟ ਸਸਪੈਂਡ ਕੀਤੇ ਜਾ ਚੁੱਕੇ ਹਨ। ਇਹ ਐਕਸ਼ਨ ਵੀ ਟਵਿਟਰ ਨੂੰ ਸਰਕਾਰ ਵੱਲੋਂ ਕੀਤੀ ਅਪੀਲ ਦੇ ਚਲਦੇ ਹੀ ਲਿਆ ਗਿਆ ਸੀ।
ਕੀ ਹੈ ਟਵਿਟਰ ਦੀ ਪਾਲਿਸੀ ?
ਟਵਿਟਰ ਦੀ ਪਾਲਿਸੀ ਦੇ ਮੁਤਾਬਕ, ਟਵਿਟਰ ਸਬੰਧਤ ਦੇਸ਼ ਦੇ ਕਾਨੂੰਨ ਦੇ ਹਿਸਾਬ ਨਾਲ ਅਕਾਊਂਟ ਬਲਾਕ ਕਰ ਸਕਦਾ ਹੈ। ਟਵਿਟਰ ਦਾ ਕਹਿਣਾ ਹੈ ਕਿ ਬੋਲਣ ਦੀ ਅਜ਼ਾਦੀ ਲਈ ਟਵਿਟਰ ਪੂਰੇ ਪਾਰਦਰਸ਼ੀ ਤਰੀਕੇ ਨਾਲ ਕੰਮ ਕਰਦਾ ਹੈ, ਪਰ ਸਰਕਾਰ ਵੱਲੋਂ ਕਾਨੂੰਨੀ ਅਪੀਲ ਅਤੇ ਸਹੀ ਕਾਰਨਾਂ ਦੀ ਦਲੀਲ ‘ਤੇ ਅਕਾਊਂਟ ਸਸਪੈਂਡ ਕੀਤੇ ਜਾ ਸਕਦੇ ਹਨ। ਅਕਾਊਂਟ ਸਸਪੈਂਡ ਕਰਨ ਤੋਂ ਬਾਅਦ ਟਵਿਟਰ ਸਬੰਧਤ ਅਕਾਊਟ ਧਾਰਕ ਨੂੰ ਇਸ ਗੱਲ ਦੀ ਜਾਣਕਾਰੀ ਵੀ ਦਿੰਦਾ ਹੈ ਕਿ ਉਹਨਾਂ ਦਾ ਅਕਾਊਂਟ ਕਿਸ ਕਾਰਨ ਬਲਾਕ ਕੀਤਾ ਗਿਆ ਹੈ।