ਨਵੀਂ ਦਿੱਲੀ। ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਲੈ ਕੇ ਜਾਰੀ ਲੜਾਈ ਵਿਚਾਲੇ ਹੁਣ ਸੰਯੁਕਤ ਮੋਰਚੇ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਲੱਖਾ ਸਿਧਾਣਾ ਅਤੇ ਉਸ ਨਾਲ ਜੁੜੀ ਹੋਈ ਨੌਜਵਾਨ ਫੋਰਸ ਨੂੰ ਨਾ ਲੈ ਕੇ ਹੀ ਅੱਗੇ ਚੱਲਣਗੇ। ਵੀਰਵਾਰ ਨੂੰ ਮੋਰਚੇ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ‘ਚ ਇਹ ਐਲਾਨ ਕੀਤਾ ਗਿਆ।
ਲੱਖਾ ਸਿਧਾਣਾ ਸ਼ੁਰੂਆਤ ਤੋਂ ਹੀ ਕਿਸਾਨ ਅੰਦੋਲਨ ਨਾਲ ਜੁੜਿਆ ਰਿਹਾ ਹੈ। ਪਰ 26 ਜਨਵਰੀ ਦੀ ਹਿੰਸਾ ਮਾਮਲੇ ‘ਚ ਨਾੰਅ ਸਾਹਮਣੇ ਆਉਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਦੀਪ ਸਿੱਧੂ ਦੇ ਨਾਲ-ਨਾਲ ਲੱਖਾ ਸਿਧਾਣਾ ਤੋਂ ਵੀ ਕਿਨਾਰਾ ਕਰ ਲਿਆ ਸੀ।
ਕਿਸਾਨ ਆਗੂ ਰੁਲਦੂ ਸਿੰਘ ਨੇ ਦਿੱਤੇ ਸਨ ਸੰਕੇਤ
ਕੁਝ ਦਿਨ ਪਹਿਲਾਂ ਚੰਡੀਗੜ੍ਹ ਪਹੁੰਚੇ ਕਿਸਾਨ ਆਗੂ ਰੁਲਦੂ ਸਿੰਘ ਨੇ ਅਜਿਹੇ ਐਲਾਨ ਦੇ ਸੰਕੇਤ ਦੇ ਦਿੱਤੇ ਸਨ। ਉਹਨਾਂ ਕਿਹਾ ਸੀ ਕਿ ਲੱਖਾ ਸਿਧਾਣਾ ‘ਤੇ ਕੋਈ ਪਾਬੰਦੀ ਨਹੀਂ ਹੈ। ਉਹਨਾਂ ਕਿਹਾ ਕਿ ਲੱਖਾ ਸਿਧਾਣਾ ਸਟੇਜ ‘ਤੇ ਆਏਗਾ ਵੀ ਅਤੇ ਬੋਲੇਗਾ ਵੀ। ਜਦੋਂ ਰੁਲਦੂ ਸਿੰਘ ਤੋਂ ਇਹ ਪੁੱਛਿਆ ਗਿਆ ਕਿ ਲੱਖਾ ਸਿਧਾਣਾ ਤਾਂ ਭਗੌੜਾ ਹੈ ਅਤੇ ਉਸਦੇ ਸਿਰ ‘ਤੇ ਇੱਕ ਲੱਖ ਦਾ ਇਨਾਮ ਹੈ। ਇਸ ਸਵਾਲ ਦੇ ਜਵਾਬ ‘ਚ ਕਿਸਾਨ ਆਗੂ ਨੇ ਪੁਲਿਸ ਨੂੰ ਸਿੱਧੇ ਚੇਤਾਵਨੀ ਦੇ ਦਿੱਤੀ ਅਤੇ ਕਿਹਾ ਕਿ ਕਿਸੇ ਮਾਈ ਦੇ ਲਾਲ ‘ਚ ਇੰਨਾ ਦਮ ਨਹੀਂ ਕਿ ਲੱਖੇ ਨੂੰ ਸਾਡੀ ਸਟੇਜ ਤੋਂ ਫੜ ਕੇ ਲੈ ਜਾਵੇ।
BJP ਸਮੇਤ ਹੋਰ ਪਾਰਟੀਆਂ ਤੋਂ ਵੀ ਮੰਗਿਆ ਸਾਥ
ਇਸਦੇ ਨਾਲ ਹੀ ਕਿਸਾਨ ਵੱਧ ਤੋਂ ਵੱਧ ਸਮਰਥਨ ਜੁਟਾਉਣ ਦੀਆਂ ਕੋਸ਼ਿਸ਼ਾਂ ‘ਚ ਵੀ ਲੱਗੇ ਹੋਏ ਹਨ। ਕਿਸਾਨਾਂ ਵੱਲੋਂ ਬੀਜੇਪੀ ਅਤੇ ਇਸ ਦੇ ਸਹਿਯੋਗੀ ਪਾਰਟੀਆਂ ਦੇ ਸੰਸਦ ਮੇਂਬਰਾਂ ਅਤੇ ਹੋਰ ਚੁਣੇ ਹੋਏ ਨੁਮਾਇੰਦਿਆਂ ਨੂੰ ਕਿਸਾਨੀ ਅੰਦੋਲਨ ਦੀ ਹਮਾਇਤ ਕਰਨ ਦੀ ਅਪੀਲ ਕੀਤੀ ਗਈ ਅਤੇ ਕਿਹਾ ਗਿਆ ਕਿ ਅਸਤੀਫ਼ੇ ਜਾਂ ਕਿਸੇ ਵੀ ਹੋਰ ਤਰੀਕੇ ਨਾਲ ਉਹ ਕਿਸਾਨ ਅੰਦੋਲਨ ਦਾ ਸਮਰਥਨ ਕਰਨ।