ਅਟਾਰੀ। 2022 ਦੀਆਂ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਚੌਥੀ ਰੈਲੀ ‘ਚ ਚੌਥੇ ਉਮੀਦਵਾਰ ਦੇ ਨਾੰਅ ਦਾ ਵੀ ਐਲਾਨ ਕਰ ਦਿੱਤਾ ਹੈ। ਅੰਮ੍ਰਿਤਸਰ ਦੇ ਅਟਾਰੀ ਹਲਕੇ ਤੋਂ ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ‘ਤੇ ਪਾਰਟੀ ਨੇ ਮੁੜ ਭਰੋਸਾ ਜਤਾਇਆ ਹੈ। ਰਣੀਕੇ ਦੇ ਨਾੰਅ ਦਾ ਐਲਾਨ ਕਰਦੇ ਵਕਤ ਸੁਖਬੀਰ ਬਾਦਲ ਨੇ ਸਰਕਾਰ ਬਣਨ ‘ਤੇ ਉਹਨਾਂ ਨੂੰ ਮੰਤਰੀ ਬਣਾਏ ਜਾਣ ਦਾ ਭਰੋਸਾ ਵੀ ਦਿੱਤਾ।
20 ਸਾਲ ਵਿਧਾਇਕ, 10 ਸਾਲ ਮੰਤਰੀ ਰਹੇ
ਗੁਲਜ਼ਾਰ ਸਿੰਘ ਰਣੀਕੇ ਸਾਲ 1997 ਤੋਂ ਲਗਾਤਾਰ ਅਟਾਰੀ ਹਲਕੇ ਤੋਂ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜ ਰਹੇ ਹਨ। ਸਾਲ 1997, 2002, 2007 ਅਤੇ 2012 ‘ਚ ਰਣੀਕੇ ਲਗਾਤਾਰ 4 ਵਾਰ ਅਟਾਰੀ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ। 2007 ਤੋਂ ਲੈ ਕੇ 2017 ਤੱਕ ਉਹ ਬਾਦਲ ਸਰਕਾਰ ‘ਚ ਕੈਬਨਿਟ ਮੰਤਰੀ ਵੀ ਰਹੇ। ਹਾਲਾਂਕਿ 2017 ‘ਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਗੁਲਜ਼ਾਰ ਸਿੰਘ ਰਣੀਕੇ ਨੂੰ ਲੋਕ ਸਭਾ ਚੋਣਾਂ ‘ਚ ਵੀ ਪਾਰਟੀ ਨੇ ਫ਼ਰੀਦਕੋਟ ਤੋਂ ਟਿਕਟ ਦਿਤੀ ਸੀ, ਪਰ ਉਹਨਾਂ ਨੂੰ ਕਾਂਗਰਸ ਦੇ ਮੁਹੰਮਦ ਸਦੀਕ ਨੇ 1 ਲੱਖ ਤੋਂ ਵੀ ਵੱਧ ਵੋਟਾਂ ਦੇ ਫ਼ਰਕ ਨਾਲ ਮਾਤ ਦੇ ਦਿੱਤੀ।
ਹੁਣ ਤੱਕ 4 ਉਮੀਦਵਾਰਾਂ ਦਾ ਐਲਾਨ
ਅਕਾਲੀ ਦਲ ਵੱਲੋਂ ‘ਪੰਜਾਬ ਮੰਗਦਾ ਜੁਆਬ’ ਰੈਲੀਆਂ ਦੀ ਲੜੀ ਸ਼ੁਰੂ ਕੀਤੀ ਗਈ ਹੈ। ਹੁਣ ਤੱਕ ਪਾਰਟੀ ਵੱਲੋਂ 4 ਰੈਲੀਆਂ ਕੀਤੀਆਂ ਜਾ ਚੁੱਕੀਆਂ ਹਨ ਤੇ ਹਰ ਰੈਲੀ ‘ਚ ਸੁਖਬੀਰ ਬਾਦਲ ਵੱਲੋਂ ਉਸ ਹਲਕੇ ਦੇ ਉਮੀਦਵਾਰ ਦਾ ਨਾੰਅ ਐਲਾਨਿਆ ਜਾ ਰਿਹਾ ਹੈ। ਰੈਲੀਆਂ ਦੀ ਸ਼ੁਰੂਆਤ ਜਲਾਲਾਬਾਦ ਤੋਂ ਕੀਤੀ ਗਈ ਸੀ, ਜਿਥੇ ਸੁਖਬੀਰ ਬਾਦਲ ਨੇ ਖੁਦ ਨੂੰ ਹਲਕੇ ਦਾ ਉਮੀਦਵਾਰ ਐਲਾਨਿਆ। ਇਸ ਉਪਰੰਤ ਖੇਮਕਰਨ ਤੋਂ ਵਿਰਸਾ ਸਿੰਘ ਵਲਟੋਹਾ, ਅਜਨਾਲਾ ਤੋਂ ਅਮਰਪਾਲ ਸਿੰਘ ਬੋਨੀ ਅਜਨਾਲਾ ਅਤੇ ਹੁਣ ਅਟਾਰੀ ਤੋਂ ਗੁਲਜ਼ਾਰ ਸਿੰਘ ਰਣੀਕੇ ਨੂੰ ਉਮੀਦਵਾਰ ਐਲਾਨਿਆ ਗਿਆ ਹੈ।