ਚੰਡੀਗੜ੍ਹ। ਪੰਜਾਬ ਵਿੱਚ ਔਰਤਾਂ ਪਹਿਲੀ ਅਪ੍ਰੈਲ ਤੋਂ ਸਾਰੀਆਂ ਸਰਕਾਰੀ ਬੱਸਾਂ ਵਿੱਚ ਮੁਫਤ ਸਫਰ ਕਰਨਗੀਆਂ। ਬਜਟ ‘ਚ ਕੀਤੇ ਗਏ ਇਸ ਐਲਾਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਦੀ ਬੈਠਕ ਦੌਰਾਨ ਰਸਮੀ ਪ੍ਰਵਾਨਗੀ ਦੇ ਦਿੱਤੀ ਹੈ।
ਹਰ ਬੱਸ ‘ਚ ਫ੍ਰੀ ਨਹੀਂ ਹੋਵੇਗਾ ਸਫ਼ਰ
ਪੰਜਾਬ ਰੋਡਵੇਜ਼, PRTC ਦੇ ਨਾਲ-ਨਾਲ ਸਿਟੀ ਬੱਸ ‘ਚ ਮਹਿਲਾਵਾਂ ਮੁਫ਼ਤ ‘ਚ ਸਫ਼ਰ ਕਰ ਸਕਣਗੀਆਂ। ਹਾਲਾਂਕਿ ਸਰਕਾਰ ਅਧੀਨ ਆਉਂਦੀਆਂ AC ਬੱਸਾਂ, ਵੋਲਵੋ ਬੱਸਾਂ ਅਤੇ HVAC ਬੱਸਾਂ ‘ਚ ਮੁਫ਼ਤ ਸਫ਼ਰ ਦੀ ਸਹੂਲਤ ਨਹੀਂ ਹੋਵੇਗੀ।
ਕਿਵੇਂ ਮਿਲੇਗਾ ਸਕੀਮ ਦਾ ਫ਼ਾਇਦਾ ?
ਇਸ ਸਕੀਮ ਤਹਿਤ ਪੰਜਾਬ ਦੀ ਵਸਨੀਕ ਹਰ ਮਹਿਲਾ ਸਰਕਾਰੀ ਬੱਸਾਂ ‘ਚ ਮੁਫ਼ਤ ਸਫਰ ਕਰ ਸਕੇਗੀ। ਪਰ ਉਸਦੇ ਲਈ ਪੰਜਾਬ ਦੇ ਪੱਕੇ ਪਤੇ ਦਾ ਆਧਾਰ ਕਾਰਡ, ਵੋਟਰ ਕਾਰਡ ਜਾਂ ਕੋਈ ਹੋਰ ਪਛਾਣ ਪੱਤਰ ਹੋਣਾ ਲਾਜ਼ਮੀ ਹੋਵੇਗਾ। ਜੇਕਰ ਕਿਸੇ ਕੋਲ ਪਛਾਣ ਪੱਤਰ ਨਹੀਂ ਹੋਵੇਗਾ, ਤਾਂ ਉਸ ਨੂੰ ਸਕੀਮ ਦਾ ਲਾਭ ਨਹੀਂ ਮਿਲੇਗਾ। ਇਸ ਤੋਂ ਇਲਾਵਾ ਸਕੀਮ ਦਾ ਲਾਭ ਸਿਰਫ਼ ਸੂਬੇ ਅੰਦਰ ਸਫ਼ਰ ਕਰਨ ‘ਤੇ ਵੀ ਮਿਲੇਗਾ, ਸੂਬੇ ਤੋਂ ਬਾਹਰ ਜਾਣ ਲਈ ਟਿਕਟ ਖਰੀਦਣੀ ਹੋਵੇਗੀ।
ਚੰਡੀਗੜ੍ਹ ਰਹਿੰਦੇ ਸਰਕਾਰੀ ਕਰਮਚਾਰੀਆਂ ਨੂੰ ਵੀ ਫ਼ਾਇਦਾ
ਪੰਜਾਬ ਦੇ ਸਰਕਾਰੀ ਵਿਭਾਗਾਂ ‘ਚ ਤੈਨਾਤ ਮਹਿਲਾਵਾਂ ਵੀ ਇਸ ਸਕੀਮ ਦਾ ਫ਼ਾਇਦਾ ਲੈ ਸਕਦੀਆਂ ਹਨ, ਬੇਸ਼ੱਕ ਉਹ ਚੰਡੀਗੜ੍ਹ ‘ਚ ਰਹਿੰਦੀਆਂ ਹੋਣ। ਇਸਦੇ ਨਾਲ ਹੀ ਪੰਜਾਬ ਦੇ ਸਰਕਾਰੀ ਕਰਮਚਾਰੀਆਂ ਦੀ ਮਾਂ, ਪਤਨੀ ਜਾਂ ਭੈਣਾਂ ਵੀ ਪੰਜਾਬ ਜਾਂ ਚੰਡੀਗੜ੍ਹ ‘ਚ ਰਹਿੰਦਿਆਂ ਇਸ ਸਕੀਮ ਦਾ ਲਾਹਾ ਲੈ ਸਕਦੀਆਂ ਹਨ।
ਪ੍ਰਦੂਸ਼ਣ, ਹਾਦਸੇ ਅਤੇ ਜਾਮ ਦੀ ਸਮੱਸਿਆ ਹੱਲ ਹੋਣ ਦੀ ਉਮੀਦ: ਸਰਕਾਰ
ਪੰਜਾਬ ਸਰਕਾਰ ਮੁਤਾਬਕ, ਸੂਬੇ ਦੀਆਂ ਔਰਤਾਂ ਦਾ ਸਸ਼ਕਤੀਕਰਨ ਇਸ ਫ਼ੈਸਲੇ ਦਾ ਮੁੱਖ ਮਕਸਦ ਹੈ। ਸਰਕਾਰ ਦਾ ਕਹਿਣਾ ਹੈ ਕਿ ਪਹਿਲਾਂ ਆਉਣ-ਜਾਣ ਦੇ ਕਿਰਾਏ ਦੇ ਚਲਦੇ ਕੁੜੀਆਂ ਨੂੰ ਸਕੂਲ ਛੱਡਣਾ ਪੈਂਦਾ ਸੀ, ਉਸ ‘ਚ ਵੀ ਇਹ ਫ਼ੈਸਲਾ ਕਾਰਗਰ ਸਾਬਿਤ ਹੋਵੇਗਾ। ਇਸਦੇ ਨਾਲ ਹੀ ਕੰਮਕਾਜੀ ਮਹਿਲਾਵਾਂ ਨੂੰ ਵੀ ਮਦਦ ਮਿਲੇਗੀ। ਸਰਕਾਰ ਦਾ ਇਹ ਵੀ ਮੰਨਣਾ ਹੈ ਕਿ ਇਸ ਫ਼ੈਸਲੇ ਤੋਂ ਬਾਅਦ ਸੜਕਾਂ ‘ਤੇ ਨਿੱਜੀ ਵਾਹਨਾਂ ਦੀ ਗਿਣਤੀ ਘਟੇਗੀ, ਲਿਹਾਜ਼ਾ ਪ੍ਰਦੂਸ਼ਣ, ਹਾਦਸੇ ਅਤੇ ਜਾਮ ਦੀ ਸਮੱਸਿਆ ਵੀ ਹੱਲ ਹੋ ਸਕਦੀ ਹੈ।