ਦਿੱਲੀ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ‘ਚ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਬਤੌਰ ਪਾਰਟੀ ਆਪਣੇ ਉਮੀਦਵਾਰ ਖੜ੍ਹੇ ਨਹੀਂ ਕਰ ਸਕੇਗਾ। ਦਰਅਸਲ, ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਚੋਣਾਂ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ, ਜਿਸ ‘ਚ SAD ਬਾਦਲ ਨੂੰ ਮਾਨਤਾ ਨਹੀਂ ਦਿੱਤੀ ਗਈ ਹੈ। ਸਿਰਫ਼ 6 ਧਾਰਮਿਕ ਪਾਰਟੀਆਂ ਨੂੰ ਹੀ ਚੋਣ ਲੜਨ ਦੀ ਮਾਨਤਾ ਦਿੱਤੀ ਗਈ ਹੈ ਅਤੇ ਚੋਣ ਨਿਸ਼ਾਨ ਵੀ ਅਲਾਟ ਕਰ ਦਿੱਤੇ ਗਏ ਹਨ। ਇਹਨਾਂ 6 ਪਾਰਟੀਆਂ ‘ਚ ਸ਼੍ਰੋਮਣੀ ਅਕਾਲੀ ਦਲ (ਦਿੱਲੀ), ਜਾਗੋ, ਪੰਥਕ ਸੇਵਾ ਦਲ, ਸਿੱਖ ਸਦਭਾਵਨਾ ਦਲ, ਪੰਥਕ ਅਕਾਲੀ ਲਹਿਰ ਅਤੇ ਆਮ ਅਕਾਲੀ ਦਲ ਦਾ ਨਾੰਅ ਸ਼ਾਮਿਲ ਹੈ।
ਦਰਅਸਲ, ਦਿੱਲੀ ਸਰਕਾਰ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਐਕਟ ‘ਚ ਸੋਧ ਕੀਤਾ ਗਿਆ ਸੀ, ਜਿਸ ਤਹਿਤ ਸਿਰਫ਼ ਧਾਰਮਿਕ ਪਾਰਟੀਆਂ ਹੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲੜ ਸਕਦੀਆਂ ਹਨ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਫ਼ੈਸਲੇ ਨੂੰ ਦਿੱਲੀ ਹਾਈਕੋਰਟ ‘ਚ ਚੁਣੌਤੀ ਦਿੱਤੀ ਗਈ ਹੈ, ਪਰ ਅਕਾਲੀ ਦਲ ਬਾਦਲ ਚੋਣਾਂ ‘ਚ ਆਪਣੇ ਉਮੀਦਵਾਰ ਉਤਾਰਨ ਲਈ ਹਾਲੇ ਵੀ ਪੂਰੀ ਜੱਦੋ-ਜਹਿਦ ਕਰ ਰਿਹਾ ਹੈ।
ਸੀਨੀਅਰ ਵਕੀਲ ਐੱਚ.ਐੱਸ. ਫੂਲਕਾ ਮੁਤਾਬਕ, SAD ਬਾਦਲ ਜਿੰਨੇ ਮਰਜ਼ੀ ਹੱਥ-ਪੈਰ ਮਾਰ ਲਵੇ, ਪਰ ਇੱਕ ਵਾਰ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਉਹ ਕਿਸੇ ਕੀਮਤ ‘ਤੇ ਚੋਣ ਨਹੀਂ ਲੜ ਸਕੇਗਾ। ਹਾਲਾਂਕਿ ਪਾਰਟੀ ਕੋਲ ਅਜ਼ਾਦ ਉਮੀਦਵਾਰ ਖੜ੍ਹੇ ਕਰਨ ਦਾ ਵਿਕਲਪ ਹੋਵੇਗਾ। ਇਸ ਤੋਂ ਇਲਾਵਾ ਅਜਿਹੀ ਪਾਰਟੀ, ਜਿਸ ਨੂੰ ਮਾਨਤਾ ਹਾਸਲ ਹੈ, ਉਸ ਨਾਲ ਰਲਿਆ ਵੀ ਜਾ ਸਕਦਾ ਹੈ।
ਸੋ, ਕੁੱਲ ਮਿਲਾ ਕੇ ਹਾਲ ਦੀ ਘੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪੂਰੀ ਤਰ੍ਹਾਂ DSGMC ਦੀਆਂ ਚੋਣਾਂ ਤੋਂ ਬਾਹਰ ਨਹੀਂ ਸਮਝਿਆ ਜਾ ਸਕਦਾ, ਕਿਉੰਕਿ ਪਾਰਟੀ ਕੋਲ ਵਿਕਲਪ ਬਾਕੀ ਹਨ। ਹਾਲਾਂਕਿ ਬਤੌਰ ਪਾਰਟੀ ਅਕਾਲੀ ਦਲ ਬਾਦਲ ਦਾ ਚੋਣ ਨਿਸ਼ਾਨ ਇਹਨਾਂ ਚੋਣਾਂ ‘ਚ ਨਜ਼ਰ ਨਹੀਂ ਆਉਣ ਵਾਲਾ।