ਬਿਓਰੋ। ਦਿੱਲੀ ਹਿੰਸਾ ਦਾ ਮੁਲਜ਼ਮ ਲੱਖਾ ਸਿਧਾਣਾ ਇੱਕ ਵਾਰ ਫਿਰ ਖੁੱਲ੍ਹ ਕੇ ਮੈਦਾਨ ‘ਚ ਉਤਰ ਆਇਆ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਲੱਖੇ ਨੂੰ ਆਪਣੀ ਸਟੇਜ ‘ਤੇ ਸੱਦਣ ਮਗਰੋਂ ਸ਼ੁੱਕਰਵਾਰ ਨੂੰ ਲੱਖਾ ਪੰਜਾਬ ਤੋਂ ਦਿੱਲੀ ਲਈ ਰਵਾਨਾ ਹੋਇਆ। ਸਿਰ ‘ਤੇ ਦਸਤਾਰ ਸਜਾ ਕੇ ਲੱਖਾ ਸੰਗਰੂਰ ਤੋਂ ਇੱਕ ਵੱਡੇ ਕਾਫ਼ਲੇ ਦੇ ਨਾਲ ਰਵਾਨਾ ਹੋਇਆ। ਇਸ ਦੌਰਾਨ ਲੱਖਾ ਸਿਧਾਣਾ ਨੇ ਕਿਹਾ ਕਿ ਉਹ ਪਹਿਲਾਂ ਵੀ ਕਿਸਾਨ ਅੰਦੋਲਨ ਦੇ ਨਾਲ ਸੀ, ਅੱਜ ਵੀ ਹੈ ਅਤੇ ਹਮੇਸ਼ਾ ਮਜਬੂਤੀ ਨਾਲ ਖੜ੍ਹਾ ਰਹੇਗਾ। ਲੱਖਾ ਸਿਧਾਣਾ ਨੇ ਕਿਹਾ, “ਮੈਂ ਗ੍ਰਿਫ਼ਤਾਰੀ ਤੋਂ ਨਹੀਂ ਡਰਦਾ। ਕਿਸਾਨਾਂ ਦੀ ਲੜਾਈ ਲਈ ਜੇਕਰ ਜੇਲ੍ਹ ਵੀ ਜਾਣਾ ਪਿਆ, ਤਾਂ ਮੈਂ ਤਿਆਰ ਹਾਂ।”
ਦੀਪ ਸਿੱਧੂ ਮੇਰਾ ਭਰਾ: ਲੱਖਾ
ਦੀਪ ਸਿੱਧੂ ਨਾਲ ਜੁੜੇ ਸਵਾਲ ਦੇ ਜਵਾਬ ‘ਚ ਲੱਖਾ ਸਿਧਾਣਾ ਨੇ ਕਿਹਾ, “ਦੀਪ ਸਿੱਧੂ ਮੇਰਾ ਭਰਾ ਹੈ। ਵੱਡੇ-ਵੱਡੇ ਅੰਦੋਲਨ ‘ਚ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ। ਸਾਨੂੰ ਇਸ ਨਾਲ ਨਿਰਾਸ਼ ਹੋਣ ਦੀ ਲੋੜ ਨਹੀਂ। ਅਸੀਂ ਕੱਲ੍ਹ ਵੀ ਮਜਬੂਤ ਸੀ, ਅੱਜ ਵੀ ਮਜਬੂਤ ਹਾਂ।”
ਲੱਖਾ ‘ਤੇ ਗ੍ਰਿਫ਼ਤਾਰੀ ਦੀ ਤਲਵਾਰ
ਲਾਲ ਕਿਲ੍ਹਾ ਹਿੰਸਾ ਦੇ ਮਾਮਲੇ ‘ਚ ਦਿੱਲੀ ਪੁਲਿਸ ਨੇ ਲੱਖਾ ਸਿਧਾਣਾ ‘ਤੇ ਇੱਕ ਲੱਖ ਦਾ ਇਨਾਮ ਐਲਾਨਿਆ ਹੋਇਆ ਹੈ। ਦਿੱਲੀ ਪੁਲਿਸ ਵੱਲੋਂ FIR ਦਰਜ ਕਰਨ ਤੋਂ ਬਾਅਦ ਇਹ ਦੂਜਾ ਮੌਕਾ ਹੈ, ਜਦੋਂ ਲੱਖਾ ਖੁੱਲ੍ਹ ਕੇ ਅੰਦੋਲਨ ਨਾਲ ਜੁੜੇ ਜਨਤੱਕ ਆਯੋਜਨਾਂ ‘ਚ ਸ਼ਮੂਲੀਅਤ ਕਰ ਰਿਹਾ ਹੈ। ਪਿਛਲੀ ਵਾਰ ਉਸਨੇ ਬਠਿੰਡਾ ਦੇ ਪਿੰਡ ਮਹਿਰਾਜ ‘ਚ ਰੈਲੀ ਕਰ ਹੁੰਕਾਰ ਭਰੀ ਸੀ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਪਰ ਹੁਣ ਜਦੋਂ ਲੱਖਾ ਸ਼ਨੀਵਾਰ ਨੂੰ KMP ‘ਤੇ ਧਰਨੇ ‘ਚ ਸ਼ਾਮਲ ਹੋਣ ਲਈ ਪਹੁੰਚੇਗਾ, ਉਸ ਵਕਤ ਪੁਲਿਸ ਕੋਈ ਕਾਰਵਾਈ ਕਰਦੀ ਹੈ ਜਾਂ ਨਹੀਂ, ਇਸ ‘ਤੇ ਸਭ ਦੀਆਂ ਨਿਗਾਹਾਂ ਹਨ।