ਚੰਡੀਗੜ੍ਹ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੰਦਿਆਂ ਕੋਟਕਪੂਰਾ ਫ਼ਾਇਰਿੰਗ ਕੇਸ ਦੀ ਜਾਂਚ ਨੂੰ ਰੱਦ ਕਰ ਦਿੱਤਾ ਹੈ। ਹਾਈਕੋਰਟ ਨੇ ਸਰਕਾਰ ਨੂੰ ਮਾਮਲੇ ‘ਚ ਨਵੀਂ SIT ਗਠਿਤ ਕਰ ਨਵੇਂ ਸਿਰੇ ਤੋਂ ਜਾਂਚ ਕਰਵਾਉਣ ਲਈ ਆਖਿਆ ਹੈ। ਨਵੀਂ SIT ‘ਚ IPS ਅਫ਼ਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਸ਼ਾਮਲ ਨਹੀਂ ਹੋਣਗੇ।
ਦਰਅਸਲ, ਮਾਮਲੇ ‘ਚ ਮੁਲਜ਼ਮ ਪੁਲਿਸ ਅਫ਼ਸਰ ਗੁਰਦੀਪ ਪੰਧੇਰ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ SIT ਦੀ ਜਾਂਚ ਨੂੰ ਕੋਰਟ ‘ਚ ਚੈਲੇਂਜ ਕੀਤਾ ਸੀ। ਆਪਣੀ ਪਟੀਸ਼ਨ ‘ਚ ਪੰਧੇਰ ਨੇ ਕਿਹਾ ਸੀ ਕਿ ਉਹਨਾਂ ਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਾਂਚ ‘ਤੇ ਭਰੋਸਾ ਨਹੀਂ ਹੈ। ਇਸ ਪਟੀਸ਼ਨ ‘ਤੇ ਹੁਣ ਹਾਈਕੋਰਟ ਨੇ ਵੱਡਾ ਫ਼ੈਸਲਾ ਸੁਣਾਉਂਦੇ ਹੋਏ ਕੁੰਵਰ ਵਿਜੇ ਪ੍ਰਤਾਪ ਦੀ ਅਗਵਾਈ ਵਾਲੀ SIT ਜਾਂਚ ਨੂੰ ਖਾਰਜ ਕਰ ਦਿੱਤਾ ਹੈ।
ਜ਼ਿਕਯੋਗ ਹੈ ਕਿ ਜਸਟਿਸ ਰਣਜੀਤ ਸਿੰਘ ਕਮੀਸ਼ਨ ਵਲੋਂ ਵੀ ਗੁਰਦੀਪ ਪੰਧੇਰ ਨੂੰ ਜ਼ਿਆਦਾ ਦੋਸ਼ੀ ਨਹੀਂ ਸੀ ਮੰਨਿਆ ਗਿਆ ਲੇਕਿਨ ਕੁੰਵਰ ਵਿਜੇ ਪ੍ਰਤਾਪ ਦੀ ਸਿੱਟ ਨੇ ਪੰਧੇਰ ਨੂੰ ਬੀਤੇ ਸਾਲ ਗਿਰਫ਼ਤਾਰ ਕਰ ਓਸਦੀ ਸ਼ਿਕਾਇਤ ਵਾਲ਼ੀ FIR ਚ ਉਸ ਨੂੰ ਹੀ ਮੁਲਜ਼ਮ ਬਣਾ ਦਿੱਤਾ ਸੀ। ਪੰਧੇਰ ਖਿਲਾਫ਼ ਚਲਾਨ ਪੇਸ਼ ਕਰਨ ਤੇ ਵੀ ਹਾਈ ਕੋਰਟ ਵਲੋਂ ਰੋਕ ਲੱਗੀ ਸੀ। ਪੰਧੇਰ ਨੂੰ SIT ਨੇ ਬਤੌਰ SHO ਕੋਟਕਪੂਰਾ ਹੋਈ ਫਾਇਰਿੰਗ ਦੇ ਸੁਬੂਤ ਖ਼ੁਰਦ ਬੁਰਦ ਕਰਨ ਅਤੇ ਅਪਰਾਧਿਕ ਸਾਜਸ਼ ਤਹਿਤ ਮਾਮਲੇ ਦੇ ਤੱਥਾਂ ਨੂੰ ਤੋੜ ਮਰੋੜ ਕੇ ਪੜਤਾਲ ਭਟਕਾਉਣ ਦਾ ਦੋਸ਼ੀ ਦਰਸਾਇਆ ਸੀ।
ਕੀ ਹੈ ਮਾਮਲਾ ?
ਦੱਸ ਦਈਏ ਕਿ 2015 ਵਿੱਚ ਫਰੀਦਕੋਟ ਦੇ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਸਨ। ਇਸ ਤੋਂ ਬਾਅਦ ਸਰੂਪਾਂ ਦੇ ਫਟੇ ਹੋਏ ਅੰਗ ਬਰਗਾੜੀ ਤੋੰ ਬਰਾਮਦ ਹੋਏ ਸਨ। ਇਸੇ ਦੇ ਵਿਰੋਧ ਵਿੱਚ ਪੰਜਾਬ ਭਰ ਵਿੱਚ ਵੱਡੇ ਪੱਧਰ ‘ਤੇ ਮੁਜ਼ਾਹਰੇ ਹੋਏ। ਬਹਿਬਲ ਕਲਾਂ ਤੇ ਕੋਟਕਪੂਰਾ ਵਿੱਚ ਅਜਿਹੇ ਹੀ ਪ੍ਰਦਰਸ਼ਨਾਂ ਦੌਰਾਨ ਪੁਲਿਸ ਦੀ ਫਾਇਰਿੰਗ ਦੌਰਾਨ 2 ਸਿੱਖ ਪ੍ਰਦਰਸ਼ਨਕਾਰੀਆੰ ਦੀ ਮੌਤ ਹੋ ਗਈ ਸੀ।