ਬਿਓਰੋ। ਕੋਰੋਨਾ ਦੇ ਇਸ ਗੰਭੀਰ ਵਕਤ ‘ਚ ਟੈਸਟਿੰਗ ਤੇ ਵੈਕਸੀਨੇਸ਼ਨ ਤੋਂ ਬਾਅਦ ਹੁਣ ਵੈਂਟੀਲੇਟਰ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਆਹਮੋ-ਸਾਹਮਣੇ ਹਨ। ਦਰਅਸਲ, ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਨੂੰ ਚਿੱਠੀ ਲਿਖੀ ਗਈ ਹੈ, ਜਿਸ ‘ਚ ਦਾਅਵਾ ਕੀਤਾ ਗਿਆ ਕਿ ਪੰਜਾਬ ਨੂੰ ਕੇਂਦਰ ਵੱਲੋਂ 809 ਵੈਂਟੀਲੇਟਰ ਦਿੱਤੇ ਗਏ ਹਨ, ਪਰ ਇਹਨਾਂ ‘ਚੋਂ ਸਿਰਫ਼ 558 ਹੀ ਇੰਸਟਾਲ ਕੀਤੇ ਗਏ ਅਤੇ 251 ਹਾਲੇ ਵੀ ਇੰਸਟਾਲ ਨਹੀਂ ਹੋਏ।
ਕੇਂਦਰ ਸਰਕਾਰ ਵੱਲੋਂ ਲਿਖੀ ਚਿੱਠੀ 11 ਅਪ੍ਰੈਲ ਦੀ ਦੱਸੀ ਜਾ ਰਹੀ ਹੈ, ਜਿਸ ‘ਚ ਪੰਜਾਬ ਸਰਕਾਰ ‘ਤੇ ਸਾਰੇ ਵੈਂਟੀਲੇਟਰ ਇਸਤੇਮਾਲ ਨਾ ਕਰਨ ਦੀ ਇਲਜ਼ਾਮ ਲਗਾਉਂਦੇ ਹੋਏ ਨਿਰਦੇਸ਼ ਦਿੱਤਾ ਗਿਆ ਹੈ ਕਿ ਬਾਕੀ ਦੇ ਵੈਂਟੀਲੇਟਰ ਵੀ ਤੁਰੰਤ ਇੰਸਟਾਲ ਕਰਵਾਏ ਜਾਣ, ਤਾਂ ਜੋ ਕੋਰੋਨਾ ਸੰਕਟ ‘ਚ ਪੰਜਾਬ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। ਹਾਲਾਂਕਿ ਨਾਲ ਹੀ ਪੰਜਾਬ ਸਰਕਾਰ ਨੂੰ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਅੱਗੇ ਵੀ ਸਰਕਾਰ ਨੂੰ ਲੋੜ ਮੁਤਾਬਕ ਵੈਂਟੀਲੇਟਰ ਦੀ ਲੋੜ ਪਵੇ, ਤਾਂ ਕੇਂਦਰ ਨੂੰ ਇਸ ਬਾਰੇ ਜਲਦ ਤੋਂ ਜਲਦ ਦੱਸਿਆ ਜਾਵੇ।
ਇੱਕ ਮਹੀਨੇ ਪਹਿਲਾਂ ਕੇਂਦਰ ਦੀ ਪੰਜਾਬ ਨੂੰ ਲਿਖੀ ਚਿੱਠੀ ਸਾਹਮਣੇ ਆਈ, ਤਾਂ ਇਸਦੇ ਜਵਾਬ ‘ਚ ਪੰਜਾਬ ਸਰਕਾਰ ਵੱਲੋਂ ਇੱਕ ਮਈ ਨੂੰ ਕੇਂਦਰ ਨੂੰ ਭੇਜੀ ਚਿੱਠੀ ਤੋਂ ਵੀ ਪਰਦਾ ਉਠ ਗਿਆ। ਆਪਣਾ ਜਵਾਬ ਭੇਜਣ ਲਈ ਲਿਖੀ ਚਿੱਠੀ ‘ਚ ਪੰਜਾਬ ਨੇ ਕੇਂਦਰ ਸਰਕਾਰ ‘ਤੇ ਹੀ ਸਵਾਲ ਖੜ੍ਹੇ ਕਰ ਦਿੱਤੇ ਹਨ। ਪੰਜਾਬ ਸਰਕਾਰ ਨੇ ਕਿਹਾ, “ਸਾਨੂੰ 809 ਵੈਂਟੀਲੇਟਰ ਤਾਂ ਮਿਲੇ ਨੇ, ਪਰ ਇਹਨਾਂ ‘ਚੋਂ ਜ਼ਿਆਦਾਤਰ ਖਰਾਬ ਹਨ। ਉਹਨਾਂ ਦੀ ਮੁਰੰਮਤ ਕਰਵਾਉਣ ਲਈ ਕਿਹਾ ਗਿਆ ਸੀ, ਪਰ ਅਜੇ ਤੱਕ ਉਹ ਠੀਕ ਨਹੀਂ ਹੋਏ। ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ ਜੇ ਤੁਸੀਂ ਖਰਾਬ ਵੈਂਟੀਲੇਟਰ ਨੂੰ ਠੀਕ ਕਰਵਾ ਦਿਓ।”
ਕਾਬਿਲੇਗੌਰ ਹੈ ਕਿ ਦੇਸ਼ ‘ਚ ਕੋਰੋਨਾ ਲਗਾਤਾਰ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ, ਤੇ ਦੇਸ਼ ਦੇ ਸਭ ਤੋਂ ਵੱਧ ਪ੍ਰਭਾਵਿਤ ਸੂਬਿਆਂ ‘ਚੋਂ ਪੰਜਾਬ ਵੀ ਇੱਕ ਹੈ। ਪਰ ਇਸ ਸਭ ਦੇ ਵਿਚਾਲੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਕੇਂਦਰ ‘ਤੇ ਪੰਜਾਬ ਨਾਲ ਵਿਤਕਰਾ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਕਦੇ ਆਕਸੀਜ਼ਨ ਦਾ ਕੋਟਾ ਵਧਾਉਣ ਨੂੰ ਲੈ ਕੇ ਤੇ ਕਦੇ ਟੈਸਟਿੰਗ, ਵੈਕਸੀਨੇਸ਼ਨ ਵਰਗੇ ਮੁੱਦਿਆਂ ‘ਤੇ ਦੋਵੇਂ ਸਰਕਾਰਾਂ ਇੱਕ-ਦੂਜੇ ‘ਤੇ ਗੰਭੀਰ ਇਲਜ਼ਾਮ ਲਾਉਂਦੀਆਂ ਰਹੀਆਂ ਹਨ।