ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੰਤਰੀ ਨਵਜੋਤ ਸਿੱਧੂ ਵਿਚਕਾਰ ਜਾਰੀ ਖੁੱਲ੍ਹਮ-ਖੁੱਲ੍ਹਾ ਲੜਾਈ ‘ਚ ਹੁਣ ਕੈਪਟਨ ਨੂੰ 4 ਹੋਰ ਮੰਤਰੀਆਂ ਦਾ ਸਾਥ ਮਿਲ ਗਿਆ ਹੈ। ਹੁਣ ਬਲਬੀਰ ਸਿੱਧੂ, ਵਿਜੇ ਇੰਦਰ ਸਿੰਗਲਾ, ਭਾਰਤ ਭੂਸ਼ਣ ਆਸ਼ੂ ਅਤੇ ਗੁਰਪ੍ਰੀਤ ਕਾਂਗੜ ਨੇ ਸਿੱਧੂ ਖਿਲਾਫ਼ ਕਾਰਵਾਈ ਲਈ ਹਾਈਕਮਾਨ ਅੱਗੇ ਦਰਖਾਸਤ ਪਾਈ ਹੈ। ਇਹਨਾਂ ਮੰਤਰੀਆਂ ਨੇ ਸਿੱਧੇ-ਸਿੱਧੇ ਨਵਜੋਤ ਸਿੱਧੂ ਨੂੰ ਸਸਪੈਂਡ ਕਰਨ ਦੀ ਮੰਗ ਕਰ ਦਿੱਤੀ ਹੈ।
ਤਿੰਨ ਕੈਬਨਿਟ ਸਾਥੀਆਂ ਵੱਲੋਂ ਸਿੱਧੂ ਖਿਲਾਫ਼ ਦਿੱਤੇ ਬਿਆਨ ਦੇ 2 ਦਿਨਾਂ ਬਾਅਦ ਜਾਰੀ ਕੀਤੇ ਸਾਂਝੇ ਬਿਆਨ ‘ਚ ਚਾਰ ਮੰਤਰੀਆਂ ਨੇ ਕਿਹਾ ਕਿ ਕਾਂਗਰਸ ਵਿਧਾਇਕ ਦੇ ਬੇਅਦਬੀ ਅਤੇ ਹੋਰ ਮੁੱਦਿਆਂ ‘ਤੇ ਕੈਪਟਨ ਅਮਰਿੰਦਰ ਸਿੰਘ ‘ਤੇ ਜ਼ੁਬਾਨੀ ਹਮਲੇ ਪਾਰਟੀ ਦੇ ਖਿਲਾਫ ਸ਼ਰ੍ਹੇਆਮ ਬਗਾਵਤ ਹੈ। ਸਿੱਧੂ ਦੀ ਹੁਕਮ ਅਦੂਲੀ ਨੂੰ ਪੂਰੀ ਤਰ੍ਹਾਂ ਅਨੁਸ਼ਾਸਨਹੀਣ ਕਰਾਰ ਦਿੰਦਿਆਂ ਮੰਤਰੀਆਂ ਨੇ ਕਿਹਾ ਕਿ ਅਜਿਹੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਕਿਸੇ ਵੀ ਰਾਜਨੀਤਿਕ ਪਾਰਟੀ ਦੁਆਰਾ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਅਤੇ ਉਹ ਵੀ ਉਸ ਸਮੇਂ ਜਦੋਂ ਸੂਬੇ ਵਿੱਚ ਚੋਣਾਂ ਹੋਣ ਵਾਲੀਆਂ ਹੋਣ। ਉਨ੍ਹਾਂ ਕਿਹਾ, ”ਉਸ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਜਾਣਾ ਚਾਹੀਦਾ ਹੈ, ਜੇਕਰ ਉਹ ਕੱਢਿਆ ਨਹੀਂ ਗਿਆ ਤਾਂ ਪੰਜਾਬ ਕਾਂਗਰਸ ਵਿਚ ਉਸ ਦੀ ਲਗਾਤਾਰ ਮੌਜੂਦਗੀ ਪਾਰਟੀ ਦੀ ਸੂਬਾ ਇਕਾਈ ਵਿਚ ਗੜ੍ਹਬੜ ਪੈਦਾ ਕਰ ਰਹੀ ਹੈ ਅਤੇ ਚੋਣਾਂ ਦੀ ਤਿਆਰੀ ਦੇ ਮਹੱਤਵਪੂਰਨ ਕੰਮ ਤੋਂ ਧਿਆਨ ਭਟਕਾ ਰਹੀ ਹੈ।”
ਮੰਤਰੀਆਂ ਨੇ ਕਿਹਾ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਸਿਰ ‘ਤੇ ਹਨ ਅਤੇ ਸਰਕਾਰ ਖਤਰਨਾਕ ਕੋਵਿਡ ਸੰਕਟ ਨਾਲ ਜੂਝ ਰਹੀ ਹੈ, ਅਜਿਹੇ ‘ਚ ਸਿੱਧੂ ਨੂੰ ਪਾਰਟੀ ‘ਚ ਬਣਾਏ ਰੱਖਣ ‘ਤੇ ਮੰਤਰੀਆਂ ਨੇ ਸਵਾਲ ਖੜ੍ਹੇ ਕੀਤੇ ਅਤੇ ਕਿਹਾ, “ਉਹ ਇਕ ਮੁਸੀਬਤ ਤੋਂ ਇਲਾਵਾ ਕੁਝ ਨਹੀਂ ਹੈ ਜੋ ਇੰਨੇ ਸਾਲਾਂ ਦੌਰਾਨ ਪੰਜਾਬ ਵਿਚ ਕਾਂਗਰਸ ਅਤੇ ਸੂਬਾ ਸਰਕਾਰ ਲਈ ਯੋਗਦਾਨ ਪਾਉਣ ਵਿੱਚ ਅਸਫ਼ਲ ਰਿਹਾ ਹੈ।”
‘ਮਿਲੀਭੁਗਤ ਤੇ ਚੁਣਾਵੀ ਸਾਜ਼ਿਸ਼ ਦਾ ਖਦਸ਼ਾ’
ਹਾਈਕਮਾਨ ਨੂੰ ਭੇਜੀ ਸ਼ਿਕਾਇਤ ‘ਚ ਚਾਰੇ ਮੰਤਰੀਆਂ ਨੇ ਕਿਹਾ, “ਪਿਛਲੇ ਕੁਝ ਦਿਨਾਂ ਤੋਂ ਸਿੱਧੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਉੱਪਰ ਕੀਤੇ ਜਾ ਰਹੇ ਭੜਕਾਊ ਸ਼ਬਦੀ ਹਮਲੇ ਕਾਂਗਰਸ ਅੰਦਰ ਤਬਾਹੀ ਨੂੰ ਸੱਦਾ ਦੇ ਰਹੇ ਹਨ। ਸਿੱਧੂ ਦੇ ਇਹ ਹਮਲੇ ਉਹਨਾਂ ਦੀ ਵਿਰੋਧੀ ਪਾਰਟੀਆਂ ਨਾਲ ਮਿਲੀਭੁਗਤ ਦਰਸਾਉਂਦੇ ਹਨ।” ਉਹਨਾਂ ਕਿਹਾ, “ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਸਿੱਧੂ ਦੇ ਇਹ ਬਿਆਨ ‘ਆਪ’ ਅਤੇ ਬੀਜੇਪੀ ਦੇ ਉਕਸਾਉਣ ‘ਤੇ ਦਿੱਤੇ ਜਾ ਰਹੇ ਹੋਣ, ਤਾਂ ਜੋ ਉਹ ਪੰਜਾਬ ਕਾਂਗਰਸ ‘ਚ ਸਮੱਸਿਆ ਪੈਦਾ ਕਰਕੇ ਆਪਣੇ ਚੁਣਾਵੀ ਏਜੰਡੇ ਨੂੰ ਅੱਗੇ ਤੋਰ ਸਕਣ। ਜਿਸ ਤਰੀਕੇ ਨਾਲ ਸਿੱਧੂ ਵੱਲੋਂ ਸੂਬਾ ਸਰਕਾਰ ਖਾਸ ਕਰਕੇ ਕੈਪਟਨ ਅਮਰਿੰਦਰ ਖਿਲਾਫ਼ ਹਮਲਾਵਰ ਢੰਗ ਨਾਲ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਸ ਤੋਂ ਮੁੱਖ ਮੰਤਰੀ ਖਿਲਾਫ ਸਾਜਿਸ਼ ਦਾ ਹੀ ਅਨੁਮਾਨ ਲੱਗਦਾ ਹੈ।”
BJP ‘ਚ ਵੀ ਸਿੱਧੂ ਨੇ ਗੁਆ ਲਈ ਸੀ ਅਹਿਮੀਅਤ
ਸਿੱਧੂ ਦੇ ਵਿਵਾਦਤ ਬਿਆਨਾਂ ਦੇ ਰਿਕਾਰਡ ਵੱਲ ਇਸ਼ਾਰਾ ਕਰਦਿਆਂ ਮੰਤਰੀਆਂ ਨੇ ਕਿਹਾ ਕਿ ਸਾਬਕਾ ਕ੍ਰਿਕਟਰ ਸਪੱਸ਼ਟ ਤੌਰ ‘ਤੇ ਆਪਣੇ ਲਈ ਬੱਲੇਬਾਜ਼ੀ ਕਰਦੇ ਹੋਏ ਪ੍ਰਤੀਤ ਹੁੰਦੇ ਹਨ ਅਤੇ ਉਸ ਵਿੱਚ ਟੀਮ ਭਾਵਨਾ ਦੀ ਘਾਟ ਹੈ। ਇਹ ਉਹ ਗੁਣ ਹੈ, ਜਿਸ ਨੂੰ ਉਨ੍ਹਾਂ ਨੇ ਰਾਜਨੀਤਿਕ ਖੇਤਰ ਵਿਚ ਇਕ ਤੋਂ ਵੱਧ ਵਾਰ ਉਜਾਗਰ ਕੀਤਾ। ਵਿਧਾਇਕ ਵਿਰੁੱਧ ਸਖਤ ਕਾਰਵਾਈ ਦੀ ਮੰਗ ਕਰਦਿਆਂ ਮੰਤਰੀਆਂ ਨੇ ਕਿਹਾ, “ਜਿਸ ਥਾਲੀ ਵਿੱਚ ਖਾਣਾ, ਉਸੇ ਵਿੱਚ ਛੇਕ ਕਰਨ ਦੀ ਉਸ ਦੀ ਆਦਤ ਕਾਰਨ ਉਸ ਨੇ ਆਪਣੀ ਸਾਬਕਾ ਪਾਰਟੀ ਵਿਚ ਆਪਣੀ ਅਹਿਮੀਅਤ ਗੁਆ ਲਈ ਹੈ।”
ਸਿੱਧੂ ਨੂੰ ਚੋਣ ਲੜਨ ਦੀ ਵੀ ਚੁਣੌਤੀ
ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਧੂ ਨੂੰ ਉਹਨਾਂ ਦੇ ਖਿਲਾਫ਼ ਜਨਤਕ ਤੌਰ ‘ਤੇ ਭੜਾਸ ਕੱਢਣ ਦੀ ਬਜਾਏ ਚੋਣ ਲੜਨ ਦੀ ਖੁੱਲ੍ਹੀ ਚੁਣੌਤੀ ਦਾ ਵੀ ਮੰਤਰੀਆਂ ਨੇ ਹਵਾਲਾ ਦਿੱਤਾ ਅਤੇ ਕਿਹਾ, “ਵਿਧਾਇਕ ਨੂੰ ਚਾਹੀਦਾ ਹੈ ਕਿ ਉਹ ਕਾਂਗਰਸ ਛੱਡ ਕੇ ਮੁੱਖ ਮੰਤਰੀ ਦੇ ਵਿਰੁੱਧ ਅਖਾੜੇ ਵਿੱਚ ਆਵੇ। ਜੇਕਰ ਉਸ ਨੂੰ ਸੱਚਮੁੱਚ ਆਪਣੀ ਸਿਆਸੀ ਸ਼ਕਤੀ ‘ਤੇ ਵਿਸ਼ਵਾਸ ਹੈ।” ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਮੁੱਖ ਮੰਤਰੀ ਵਿਰੁੱਧ ਸ਼ਬਦੀ ਹਮਲੇ ਕਰਨਾ ਉਨ੍ਹਾਂ ਦਾ ਰਾਜਨੀਤਿਕ ਰਸੂਖ ਜਾਂ ਪ੍ਰਸਿੱਧੀ ਹੀ ਹੋ ਸਕਦਾ।
ਗੁਰਪ੍ਰੀਤ ਕਾਂਗੜ ਨੇ ਬਦਲਿਆ ਪਾਸਾ !
ਮੰਤਰੀਆਂ ਵੱਲੋਂ ਜਾਰੀ ਇਸ ਬਿਆਨ ‘ਚ ਸਭ ਤੋਂ ਅਹਿਮ ਹੋ ਜਾਂਦਾ ਹੈ ਉਸ ਮੰਤਰੀ ਦਾ ਨਾੰਅ, ਜੋ ਪਿਛਲੇ ਦਿਨੀਂ ਕੈਪਟਨ ਤੋਂ ਨਰਾਜ਼ ਚੱਲ ਰਹੇ ਮੰਤਰੀਆਂ-ਸਾਂਸਦਾਂ ਨਾਲ ਇੱਕ ਮੀਟਿੰਗ ‘ਚ ਸ਼ਾਮਲ ਰਹਿ ਚੁਕੇ ਹਨ। ਦਰਅਸਲ, ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਅੰਦਰ ਚੱਲ ਰਹੇ ਕਾਟੋ-ਕਲੇਸ਼ ਵਿਚਾਲੇ ਲਗਾਤਾਰ ਨਰਾਜ਼ ਆਗੂ ਂਮੀਟਿੰਗਾਂ ਕਰ ਰਹੇ ਹਨ। ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਵੀ ਅਜਿਹੀ ਹੀ ਇੱਕ ਮੀਟਿੰਗ ਦਾ ਹਿੱਸਾ ਰਹਿ ਚੁੱਕੇ ਹਨ। ਬੀਤੇ ਦਿਨੀਂ ਸੁਖਜਿੰਦਰ ਰੰਧਾਵਾ ਦੀ ਰਿਹਾਇਸ਼ ਵਿਖੇ ਹੋਈ ਮੀਟਿੰਗ ‘ਚ ਮੰਤਰੀ ਸੁੱਖੀ ਰੰਧਾਵਾ, ਚਰਨਜੀਤ ਚੰਨੀ, ਸਾਂਸਦ ਪ੍ਰਤਾਪ ਬਾਜਵਾ ਤੇ ਰਵਨੀਤ ਬਿੱਟੂ ਦੇ ਨਾਲ-ਨਾਲ ਮੰਤਰੀ ਗੁਰਪ੍ਰੀਤ ਕਾਂਗੜ ਵੀ ਸ਼ਾਮਲ ਸਨ।