ਚੰਡੀਗੜ੍ਹ। ਪੰਜਾਬ-ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਬਿਜਲੀ ਸੰਕਟ ਖੜ੍ਹਾ ਹੋ ਗਿਆ ਹੈ। ਦਰਅਸਲ, ਬਿਜਲੀ ਮੁਲਾਜ਼ਮਾਂ ਦੀ ਹੜਤਾਲ ਦੇ ਚਲਦੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬੱਤੀ ਗੁੱਲ ਹੈ। ਰਿਹਾਇਸ਼ੀ ਅਤੇ ਇੰਡਸਟਰੀਅਲ ਸਾਰੇ ਇਲਾਕਿਆਂ ਵਿੱਚ ਬਿਜਲੀ ਸੰਕਟ ਦਾ ਅਸਰ ਸਾਫ਼ ਨਜ਼ਰ ਆ ਰਿਹਾ ਹੈ। ਬਿਜਲੀ ਮੁਲਾਜ਼ਮਾਂ ਦੀ ਹੜਤਾਲ ਦੇ ਚਲਦੇ ਅੱਧੇ ਸ਼ਹਿਰ ਵਿੱਚ ਬਿਜਲੀ ਸਪਲਾਈ ਠੱਪ ਹੈ।
ਇਥੋਂ ਤੱਕ ਕਿ ਪਾਣੀ ਦੀ ਸਪਲਾਈ ਵੀ ਬੰਦ ਹੋ ਗਈ ਹੈ। ਇੰਡਸਟਰੀਅਲ ਏਰੀਆ ਵਿੱਚ ਬਿਜਲੀ ਸੰਕਟ ਦੇ ਚਲਦੇ ਕੰਮਕਾਜ ਬੰਦ ਹੋ ਗਿਆ ਹੈ। ਸ਼ਹਿਰ ਦੇ ਕਈ ਸੈਕਟਰਾਂ ਵਿੱਚ ਲਾਈਟ ਪੁਆਇੰਟਸ ‘ਤੇ ਟ੍ਰੈਫਿਕ ਲਾਈਟਸ ਵੀ ਬੰਦ ਪਈਆਂ ਹਨ।
ਚੰਡੀਗੜ੍ਹ ਪ੍ਰਸ਼ਾਸਨ ਨੇ ਹੜਤਾਲ ਦੇ ਦੌਰਾਨ ਹੋਣ ਵਾਲੀ ਪਰੇਸ਼ਾਨੀ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਸਨ। ਜਿਵੇਂ ਹੀ ਬਿਜਲੀ ਸੰਕਟ ਸ਼ੁਰੂ ਹੋਇਆ, ਤਾਂ ਨੰਬਰ Out of Reach ਹੋ ਗਏ। ਅਜਿਹੇ ਵਿੱਚ ਲੋਕਾਂ ਨੂੰ ਕੁਝ ਪਤਾ ਨਹੀਂ ਚੱਲ ਰਿਹਾ ਕਿ ਕਦੋਂ ਤੱਕ ਬਿਜਲੀ ਦੀ ਵਿਵਸਥਾ ਬਹਾਲ ਹੋਵੇਗੀ।
ਹਾਈਕੋਰਟ ਨੇ ਲਿਆ ਨੋਟਿਸ
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਚੰਡੀਗੜ੍ਹ ਵਿੱਚ ਪੈਦਾ ਹੋਏ ਬਿਜਲੀ ਸੰਕਟ ਦਾ ਨੋਟਿਸ ਲੈ ਲਿਆ ਹੈ। ਹਾਈਕੋਰਟ ਨੇ ਕਿਹਾ ਕਿ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਣ ਨਾਲ ਨਾ ਸਿਰਫ਼ ਘਰਾਂ ਵਿੱਚ ਦਿੱਕਤ ਹੋ ਰਹੀ ਹੈ, ਬਲਕਿ ਹਸਪਤਾਲਾਂ ਵਿੱਚ ਵੀ ਸਮੱਸਿਆ ਖੜ੍ਹੀ ਹੋ ਸਕਦੀ ਹੈ, ਜਿਥੇ ਮਰੀਜ਼ ਵੈਂਟੀਲੇਟਰ ਅਤੇ ਹੋਰਨਾਂ ਲਾਈਫ ਸੁਪੋਰਟ ਸਿਸਟਮ ‘ਤੇ ਹੋ ਸਕਦੇ ਹਨ। ਕੋਰਟ ਨੇ ਯੂਟੀ ਦੇ ਚੀਫ ਇੰਜੀਨੀਅਰ ਸੀਬੀ ਓਝਾ ਨੂੰ ਬੁੱਧਵਾਰ ਨੂੰ ਕੋਰਟ ਵਿੱਚ ਪੇਸ਼ ਹੋਣ ਲਈ ਕਿਹਾ ਹੈ। ਉਹਨਾਂ ਨੂੰ ਕਿਹਾ ਗਿਆ ਹੈ ਕਿ ਉਹ ਇਸ ਸਮੱਸਿਆ ਨਾਲ ਨਜਿੱਠਣ ਲਈ ਕੀਤੇ ਜਾਣ ਵਾਲੀਆਂ ਕੋਸ਼ਿਸ਼ਾਂ ਦੇ ਬਾਰੇ ਜਾਣਕਾਰੀ ਦਿੱਤੀ।
PGI ਵੀ ਅਲਰਟ ਮੋਡ ‘ਤੇ
ਹੜਤਾਲ ਦਾ ਅਸਰ PGI ‘ਤੇ ਵੀ ਪੈ ਸਕਦਾ ਹੈ। PGI ਵੱਲੋਂ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ ਗਈ ਕਿ ਉਹ ਪੂਰੇ ਹਾਲਾਤ ‘ਤੇ ਗੰਭੀਰਤਾ ਨਾਲ ਨਜ਼ਰ ਰੱਖ ਰਹੇ ਹਨ। ਹਸਪਤਾਲ ਦੀਆਂ ਸੁਵਿਧਾਵਾਂ ਪ੍ਰਭਾਵਿਤ ਨਾ ਹੋਣ, ਇਸਦੇ ਲਈ ਲਗਾਤਾਰ ਚੰਡੀਗੜ੍ਹ ਪ੍ਰਸ਼ਾਸਨ ਦੇ ਸੰਪਰਕ ਵਿੱਚ ਹਨ। PGI ਨੂੰ ਬਿਜਲੀ ਸਪਲਾਈ ਦੇਣ ਵਾਲੇ ਸਬ-ਸਟੇਸ਼ਨ ‘ਤੇ SE ਦੀ ਤੈਨਾਤੀ ਕਰ ਦਿੱਤੀ ਗਈ ਹੈ।
ਨਿੱਜੀਕਰਨ ਦੇ ਖਿਲਾਫ਼ ਹੜਤਾਲ
ਕਾਬਿਲੇਗੌਰ ਹੈ ਕਿ ਚੰਡੀਗੜ੍ਹ ਬਿਜਲੀ ਵਿਭਾਗ ਦੇ ਮੁਲਾਜ਼ਮ ਨਿੱਜੀਕਰਨ ਦੇ ਖਿਲਾਫ਼ ਹੜਤਾਲ ‘ਤੇ ਹਨ। ਬਿਜਲੀ ਯੂਨੀਅਨ ਦਾ ਦਾਅਵਾ ਹੈ ਕਿ ਕਰੋੜਾਂ ਦਾ ਮੁਨਾਫਾ ਕਮਾਉਣ ਵਾਲੇ ਚੰਡੀਗੜ੍ਹ ਬਿਜਲੀ ਵਿਭਾਗ ਨੂੰ ਕੌੜੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ। ਇਸਦੇ ਖਿਲਾਫ਼ ਦੇਸ਼ ਭਰ ਦੇ ਬਿਜਲੀ ਮੁਲਾਜ਼ਮ ਅਤੇ ਇੰਜੀਨੀਅਰ ਲਾਮਬੱਧ ਹੋ ਗਏ ਹਨ।
‘