ਬਿਓਰੋ। ਮੋਗਾ ਤੋਂ ਕਾਂਗਰਸੀ ਵਿਧਾਇਕ ਹਰਜੋਤ ਕਮਲ ਨੇ ਇਨਸਾਨੀਅਤ ਅਤੇ ਦਰਿਆਦਿਲੀ ਦੀ ਮਿਸਾਲ ਪੇਸ਼ ਕੀਤੀ ਹੈ। ਦਰਅਸਲ, ਵਿਧਾਇਕ ਐਤਵਾਰ ਨੂੰ ਸਾਲਾਸਰ ਧਾਮ ਤੋਂ ਆਪਣੀ ਕੋਠੀ ਵਾਪਸ ਜਾ ਰਹੇ ਸਨ ਕਿ ਅਚਾਨਕ ITI ਮੋਗਾ ਕੋਲ ਉਹਨਾਂ ਨੇ ਕੁਝ ਲੋਕਾਂ ਦੀ ਭੀੜ ਵੇਖੀ।
ਭੀੜ ਨੂੰ ਵੇਖ ਕੇ ਵਿਧਾਇਕ ਹਰਜੋਤ ਕਮਲ ਨੇ ਆਪਣੀ ਗੱਡੀ ਰੋਕੀ ਅਤੇ ਹਾਦਸੇ ਦਾ ਸ਼ਿਕਾਰ ਹੋਏ ਇੱਕ ਜ਼ਖਮੀ ਵਿਅਕਤੀ ਨੂੰ ਉਥੇ ਲਹੂਲੁਹਾਨ ਹਾਲਤ ‘ਚ ਵੇਖਿਆ।
ਮੌਕੇ ਦੀ ਗੰਭੀਰਤਾ ਨੂੰ ਸਮਝਦਿਆਂ ਡਾ. ਹਰਜੋਤ ਕਮਲ ਨੇ ਜ਼ਖਮੀ ਸ਼ਖਸ ਨੂੰ ਆਪਣੀ ਪਾਇਲਟ ਗੱਡੀ ‘ਚ ਬਿਠਾ ਕੇ ਨਾ ਸਿਰਫ਼ ਮੋਗਾ ਦੇ ਸਿਵਲ ਹਸਪਤਾਲ ਪਹੁੰਚਾਇਆ, ਬਲਕਿ ਉਸ ਨੂੰ ਦਾਖਲ ਕਰਵਾ ਕੇ ਡਾਕਟਰਾਂ ਤੋਂ ਪੂਰੀ ਪੁੱਛ-ਪੜਤਾਲ ਵੀ ਕੀਤੀ।
ਸਾਧਵੀ ਪ੍ਰਗਿਆ ਠਾਕੁਰ ਨੇ ਵੀ ਪੇਸ਼ ਕੀਤੀ ਮਿਸਾਲ
ਕੁਝ ਅਜਿਹੀ ਹੀ ਤਸਵੀਰ ਮੱਧ ਪ੍ਰਦੇਸ਼ ਦੇ ਭੋਪਾਲ ਤੋਂ ਵੀ ਸਾਹਮਣੇ ਆਈ ਹੈ। ਹਮੇਸ਼ਾ ਆਪਣੇ ਬਿਆਨਾਂ ਕਾਰਨ ਚਰਚਾ ‘ਚ ਰਹਿਣ ਵਾਲੀ ਸਾਂਸਦ ਸਾਧਵੀ ਪ੍ਰਗਿਆ ਠਾਕੁਰ ਵੱਲੋਂ ਵੀ ਐਤਵਾਰ ਨੂੰ ਸੜਕ ਕਿਨਾਰੇ ਪਈ ਇੱਕ ਜ਼ਖਮੀ ਮਹਿਲਾ ਨੂੰ ਹਸਪਤਾਲ ਪਹੁੰਚਾਇਆ ਗਿਆ।
ਸਾਂਸਦ ਨੇ ਬੈਰਾਗੜ੍ਹ ਜਾਣ ਵੇਲੇ VIP ਰੋਡ ‘ਤੇ ਮਹਿਲਾ ਨੂੰ ਜ਼ਖਮੀ ਹਾਲ ‘ਚ ਵੇਖਿਆ, ਤਾਂ ਉਹਨਾਂ ਨੇ ਤੁਰੰਤ ਉਥੇ ਮੌਜੂਦ ਲੋਕਾਂ ਅਤੇ ਆਪਣੇ ਸੁਰੱਖਿਆ ਕਰਮੀਆਂ ਦੀ ਮਦਦ ਨਾਲ ਉਸ ਨੂੰ ਆਪਣੀ ਗੱਡੀ ‘ਚ ਬਿਠਾਇਆ ਅਤੇ ਹਸਪਤਾਲ ਤੱਕ ਪਹੁੰਚਾਇਆ।
ਸਿਆਸੀ ਬਜ਼ਾਰ ‘ਚ ਇਹ ਚਰਚਾ ਆਮ ਹੈ ਕਿ ਸਿਆਸੀ ਪਾਰਟੀਆਂ ਦੇ ਆਗੂ ਸਿਰਫ਼ ਆਪਣੀ ਸਿਆਸਤ ਚਮਕਾਉਣ ਅਤੇ ਵੋਟਾਂ ਮੰਗਣ ਲਈ ਹੀ ਲੋਕਾਂ ‘ਚ ਜਾ ਕੇ ਉਹਨਾਂ ਦਾ ਹਾਲ ਜਾਣਦੇ ਹਨ। ਪਰ ਜਦੋਂ ਇਹਨਾਂ ਸਿਆਸੀ ਆਗੂਆਂ ਦੀਆਂ ਅਜਿਹੀਆਂ ਤਸਵੀਰਾਂ ਸਾਹਮਣੇ ਆਉਦੀਆਂ ਹਨ, ਤਾਂ ਵਾਕਈ ਰੂਹ ਨੂੰ ਖੁਸ਼ ਕਰ ਜਾਂਦੀਆਂ ਹਨ।