ਚੰਡੀਗੜ੍ਹ। 2022 ਦੀਆਂ ਚੋਣਾਂ ਦੌਰਾਨ ਸੂਬੇ ‘ਚ ਕਿਸਾਨਾਂ ਵੱਲੋਂ ਕੀਤੀਆਂ ਜਾਂਦੀਆਂ ਖੁਦਕੁਸ਼ੀਆਂ ਦਾ ਮਸਲਾ ਇੱਕ ਵਾਰ ਫਿਰ ਛਾਇਆ ਰਹਿਣ ਵਾਲਾ ਹੈ। ਇਸਦੇ ਸੰਕੇਤ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਦਿੱਤੇ। ਪਾਰਟੀ ਦੇ 3 ਵਿਧਾਇਕ ਐਤਵਾਰ ਨੂੰ ਇੱਕੋ ਸਮੇਂ ਖੁਦਕੁਸ਼ੀ ਕਰਨ ਵਾਲੇ 3 ਵੱਖ-ਵੱਖ ਕਿਸਾਨਾਂ ਦੇ ਪਰਿਵਾਰਾਂ ਨਾਲ ਦੁੱਖ ਵੰਡਾਉਣ ਲਈ ਪਹੁੰਚੇ ਸਨ।
ਵਿਧਾਇਕ ਕੁਲਤਾਰ ਸੰਧਵਾਂ ਮੁਕਤਸਰ ਦੇ ਪਿੰਡ ਕੋਠੇ ਰਾਮਸਰ ਵਿਖੇ ਆਤਮਹੱਤਿਆ ਕਰਨ ਵਾਲੇ 50 ਸਾਲਾ ਕਿਸਾਨ ਦੇ ਘਰ ਦੁੱਖ ਦਾ ਇਜ਼ਹਾਰ ਕਰਨ ਲਈ ਪਹੁੰਚੇ। ਇਸੇ ਸਮੇਂ ਹੀ MLA ਪ੍ਰੋ. ਬਲਜਿੰਦਰ ਕੌਰ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਲੀਆ ਵਿਖੇ ਕਰਜ਼ੇ ਦੀ ਮਾਰ ਨਾ ਝੱਲਦੇ ਹੋਏ 48 ਸਾਲਾ ਕਿਸਾਨ ਵੱਲੋਂ ਕੀਤੀ ਆਤਮ ਹੱਤਿਆ ਦਾ ਦੁੱਖ ਵੰਡਾਉਣ ਪਰਿਵਾਰ ਕੋਲ ਪਹੁੰਚੇ ਸਨ। ਵਿਧਾਇਕ ਜੈ ਸਿੰਘ ਰੋੜੀ ਵੀ ਹੁਸ਼ਿਆਰਪੁਰ ਦੇ ਪਿੰਡ ਚੱਕ ਨਰਿਆਲ ਵਿਖੇ ਆਤਮਹੱਤਿਆ ਕਰਨ ਵਾਲੇ 42 ਸਾਲਾ ਕਿਸਾਨ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਪਹੁੰਚੇ। ਆਗੂਆਂ ਨੇ ਇਸ ਸਮੇਂ ਪਰਿਵਾਰ ਨਾਲ ਅਜਿਹੇ ਦੁੱਖ ਦੇ ਸਮੇਂ ਵਿਚ ਪਾਰਟੀ ਵੱਲੋਂ ਨਾਲ ਖੜ੍ਹਨ ਦਾ ਵਾਅਦਾ ਕਰਦਿਆਂ ਇਸ ਲਈ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ।
ਕੈਪਟਨ ਨਖਿੱਧ ਮੁੱਖ ਮੰਤਰੀ- ‘ਆਪ’
‘ਆਪ’ ਆਗੂਆਂ ਨੇ ਇਹਨਾਂ ਖੁਦਕੁਸ਼ੀਆਂ ਪਿੱਛੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਰਗੇ ਨਖਿੱਧ ਮੁੱਖ ਮੰਤਰੀ ਕਾਰਨ ਪੰਜਾਬ ਦੇ ਲੋਕ ਸਰਕਾਰ ਵਿੱਚੋਂ ਆਪਣਾ ਵਿਸ਼ਵਾਸ ਖੋ ਚੁੱਕੇ ਹਨ, ਜਿਸ ਕਾਰਨ ਉਨ੍ਹਾਂ ਨਾਲ ਵਾਰ ਵਾਰ ਅਜਿਹੀਆਂ ਤਰਾਸਦੀਆਂ ਵਾਪਰ ਰਹੀਆਂ ਹਨ। ‘ਆਪ’ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਝੂਠਾਂ ਝੂਠਾਂ ਦੀ ਸਰਕਾਰ ਹੀ ਨਹੀਂ ਬਲਕਿ ਅਵੇਸਲੇ ਸ਼ਾਸਕਾਂ ਦੀ ਸਰਕਾਰ ਵੀ ਹੈ।
‘1500 ਤੋਂ ਵੱਧ ਕਿਸਾਨਾਂ ਨੇ ਜਾਨ ਦਿੱਤੀ’
‘ਆਪ’ ਆਗੂਆਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਿਸਾਨਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਨ, ਪ੍ਰੰਤੂ ਉਹ ਝੂਠ ਦੇ ਪੁਲੰਦੇ ਸਾਬਤ ਹੋਏ ਹਨ, ਜਿਸ ਕਾਰਨ ਪੰਜਾਬ ਦੇ ਕਿਸਾਨ ਹੁਣ ਹੋਰ ਕੋਈ ਰਾਹ ਨਾ ਵੇਖਦੇ ਹੋਏ ਆਤਮਹੱਤਿਆ ਉਤੇ ਉਤਾਰੂ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਇਸ ਧੋਖੇ ਕਾਰਨ 1500 ਤੋਂ ਵੱਧ ਕਿਸਾਨਾਂ ਨੇ ਆਪਣੀ ਜਾਨ ਦੇ ਦਿੱਤੀ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਉਨ੍ਹਾਂ ਨੂੰ ਨੀਂਦ ਵਿੱਚੋਂ ਜਗਾਉਣ ਲਈ ਹੋਰ ਕਿੰਨੇ ਲੋਕਾਂ ਨੂੰ ਜਾਨ ਗਵਾਉਣੀ ਪਵੇਗੀ।
‘ਅਸੀਂ ਹੱਲ ਕਰਾਂਗੇ ਕਿਸਾਨਾਂ ਦੀਆਂ ਮੁਸ਼ਕਿਲਾਂ’
ਆਪ ਆਗੂਆਂ ਨੇ ਕਿਹਾ ਕਿ ਕਿਸਾਨ ਕੈਪਟਨ ਅਮਰਿੰਦਰ ਸਿੰਘ ਦੇ ਝੂਠੇ ਵਾਅਦਿਆਂ ਵਿੱਚ ਫੱਸ ਗਏ ਸਨ ਅਤੇ ਇਸ ਲਈ ਹੀ ਉਨ੍ਹਾਂ ਨੇ ਕਾਂਗਰਸ ਨੂੰ ਵੋਟਾਂ ਪਾ ਕੇ ਸੱਤਾ ਵਿਚ ਬਿਠਾਇਆ ਸੀ ਪ੍ਰੰਤੂ ਕੈਪਟਨ ਅਮਰਿੰਦਰ ਤੇ ਪੰਜਾਬ ਦੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਦਿਆਂ ਸਾਢੇ 4 ਸਾਲ ਉਨ੍ਹਾਂ ਦੀ ਸਾਰ ਨਾ ਲੈ ਕੇ ਆਪਣੇ ਫਾਰਮ ਹਾਊਸ ਵਿੱਚ ਹੀ ਗੁਜ਼ਾਰ ਲਏ ਹਨ। ਉਹਨਾਂ ਕਿਹਾ ਕਿ 2022 ਦੀਆਂ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਸਰਕਾਰ ਸਥਾਪਤੀ ਤੋਂ ਬਾਅਦ ਆਮ ਆਦਮੀ ਪਾਰਟੀ ਕਿਸਾਨਾਂ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਕਰਨ ਦਾ ਯਤਨ ਕਰੇਗੀ।