ਬਿਓਰੋ। ਤਮਿਲਨਾਡੂ ਦੇ ਕੁੰਨੂਰ ਵਿੱਚ ਹੋਏ ਹੈਲੀਕਾਪਟਰ ਹਾਦਸੇ ‘ਚ ਜਾਨ ਗਵਾਉਣ ਵਾਲੇ ਤਰਨਤਾਰਨ ਦੇ ਗੁਰਸੇਵਕ ਸਿੰਘ ਨੂੰ ਐਤਵਾਰ ਨੂੰ ਅੰਤਿਮ ਵਿਦਾਈ ਦਿੱਤੀ ਗਈ।
ਸ਼ਹੀਦ ਦੇ ਜੱਦੀ ਪਿੰਡ ਦੌਦੇ ਵਿੱਚ ਪੂਰੇ ਫੌਜੀ ਸਨਮਾਨਾਂ ਨਾਲ ਉਹਨਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਸ਼ਹੀਦ ਗੁਰਸੇਵਕ ਨੂੰ ਉਹਨਾਂ ਦੀ ਪਤਨੀ ਜਸਪ੍ਰੀਤ ਕੌਰ ਨੇ ਮੋਢਾ ਦਿੱਤਾ।
ਆਰਮੀ ਦੀ ਯੂਨੀਫਾਰਮ ਪਾ ਕੇ 4 ਸਾਲਾ ਗੁਰਫਤਿਹ ਨੇ ਜਦੋਂ ਆਪਣੇ ਸ਼ਹੀਦ ਪਿਤਾ ਦੀ ਅਰਥੀ ਨੂੰ ਆਖਰੀ ਸੈਲਿਊਟ ਕੀਤਾ, ਤਾਂ ਉਥੇ ਮੌਜੂਦ ਸਾਰੇ ਲੋਕਾਂ ਦੀ ਕਲੇਜਾ ਰੋ ਪਿਆ। ਗੁਰਫਤਿਹ ਨੂੰ ਇਹ ਯੂਨੀਫਾਰਮ ਸ਼ਹੀਦ ਪਿਤਾ ਨੇ ਡੇਢ ਮਹੀਨੇ ਪਹਿਲਾਂ ਦਵਾਈ ਸੀ। ਉਸ ਵਕਤ ਉਹ ਛੁੱਟੀ ‘ਤੇ ਘਰ ਆਏ ਸਨ।
ਗੁਰਫਤਿਹ ਸਵੇਰ ਤੋਂ ਹੀ ਪਿਤਾ ਦੀ ਗਿਫਟ ਕੀਤੀ ਹੋਈ ਯੂਨੀਫਾਰਮ ਪਾ ਕੇ ਘੁੰਮ ਰਿਹਾ ਸੀ ਅਤੇ ਜਿਵੇਂ ਹੀ ਗੁਰਸੇਵਕ ਸਿੰਘ ਦੀ ਮ੍ਰਿਤਕ ਦੇਹ ਘਰ ਪਹੁੰਚੀ, ਤਾਂ ਬੇਟੇ ਨੇ ਉਸ ਤਾਬੂਤ ਨੂੰ ਸੈਲਿਊਟ ਕੀਤਾ।
ਜਸਪ੍ਰੀਤ ਕੌਰ ਆਖਰੀ ਵਾਰ ਆਪਣੇ ਪਤੀ ਦਾ ਚਿਹਰਾ ਵੇਖਣਾ ਚਾਹੁੰਦੀ ਸੀ। ਉਸਨੇ ਫੌਜੀ ਅਧਿਕਾਰੀਆਂ ਨੂੰ ਕਈ ਵਾਰ ਮਿੰਨਤਾਂ ਕੀਤੀਆਂ, ਪਰ ਉਹਨਾਂ ਨੇ ਕਿਹਾ ਕਿ ਹਾਲਤ ਠੀਕ ਨਾ ਹੋਣ ਦੇ ਚਲਦੇ ਉਹ ਨਹੀਂ ਵਿਖਾ ਸਕਦੇ।
ਗੁਰਸੇਵਕ ਦੇ ਪਿਤਾ ਅਤੇ ਭੈਣ-ਭਰਾ ਤਾਬੂਤ ਨਾਲ ਲਿਪਟ-ਲਿਪਟ ਕੇ ਖੂਬ ਰੋਏ। ਸ਼ਹੀਦ ਦੇ ਪਰਿਵਾਰ ਦਾ ਹਾਲ ਵੇਖ ਕੇ ਪਿੰਡਵਾਸੀਆਂ ਦੀਆਂ ਵੀ ਅੱਖਾਂ ਭਿੱਜ ਗਈਆਂ। ਉਹ ‘ਸ਼ਹੀਦ ਗੁਰਸੇਵਕ ਅਮਰ ਰਹਿਣ’ ਦੇ ਨਾਅਰੇ ਲਗਾਉਂਦੇ ਰਹੇ।
ਗੁਰਸੇਵਕ ਸਿੰਘ ਡੇਢ ਮਹੀਨੇ ਪਹਿਲਾਂ ਛੁੱਟੀ ‘ਤੇ ਆਏ ਸਨ ਅਤੇ 14 ਨਵੰਬਰ ਨੂੰ ਹੀ ਡਿਊਟੀ ‘ਤੇ ਪਰਤੇ ਸਨ। ਗੁਰਸੇਵਕ ਦੇ 3 ਬੱਚਿਆਂ ‘ਚੋਂ ਵੱਡੀ ਧੀ ਸਿਮਰਨ 9 ਸਾਲ ਅਤੇ ਛੋਟੀ ਧੀ ਗੁਰਲੀਨ 7 ਸਾਲਾਂ ਦੀ ਹੈ। ਪੁੱਤਰ ਗੁਰਫਤਿਹ ਸਿੰਘ ਸਿਰਫ਼ 4 ਸਾਲਾਂ ਦਾ ਹੈ। ਇਸ ਤੋਂ ਇਲਾਵਾ ਪਰਿਵਾਰ ਵਿੱਚ ਗੁਰਸੇਵਕ ਦੇ ਮਾਂ-ਬਾਪ, 2 ਭੈਣਾਂ ਅਤੇ 5 ਭਰਾ ਹਨ।