ਪਟਿਆਲਾ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਚੱਲ ਰਹੇ ਰੇੜਕੇ ਵਿਚਾਲੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਐਤਵਾਰ ਨੂੰ ਪਟਿਆਲਾ ‘ਚ ਮੀਡੀਆ ਦੇ ਮੁਖਾਤਿਬ ਹੋਏ। ਸਿੱਧੂ ਨੇ ਇਹ ਪ੍ਰੈੱਸ ਕਾਨਫ਼ਰੰਸ ਕਿਸਾਨਾਂ ਨੂੰ ਸਿੱਧੀ ਅਦਾਇਗੀ ਦੇ ਮੁੱਦੇ ‘ਤੇ ਸੱਦੀ ਸੀ, ਜਿਸ ਨੂੰ ਲੈ ਕੇ ਉਹ ਕੇਂਦਰ ਦੀ ਮੋਦੀ ਸਰਕਾਰ ‘ਤੇ ਖੂਬ ਹਮਲਾਵਰ ਨਜ਼ਰ ਵੀ ਆਏ। ਪਰ ਇਸ ਤੋਂ ਵੱਧ ਸਿੱਧੂ ਕੁਝ ਵੀ ਕਹਿਣ ਦੇ ਮੂਡ ‘ਚ ਨਹੀਂ ਸਨ।
ਦਰਅਸਲ, ਜਿਸ ਵੇਲੇ ਨਵਜੋਤ ਸਿੱਧੂ ਦੀ ਪ੍ਰੈੱਸ ਕਾਨਫ਼ਰੰਸ ਦਾ ਸੱਦਾ ਪੰਜਾਬ ਦੇ ਪੱਤਰਕਾਰਾਂ ਨੂੰ ਭੇਜਿਆ ਗਿਆ, ਉਸ ਵੇਲੇ ਤੋਂ ਹੀ ਕਿਆਸਰਾਈਆਂ ਦਾ ਬਜ਼ਾਰ ਗਰਮ ਸੀ ਕਿ ਸ਼ਾਇਦ ਸਿੱਧੂ ਆਪਣੇ ਸਿਆਸੀ ਭਵਿੱਖ ਨੂੰ ਲੈ ਕੇ ਕੋਈ ਐਲਾਨ ਕਰ ਸਕਦੇ ਹਨ। ਪਰ ਜਿਵੇਂ ਹੀ ਪੱਤਰਕਾਰਾਂ ਦੇ ਸਵਾਲ ਆਉਣੇ ਸ਼ੁਰੂ ਹੋਏ, ਤਾਂ ਸਿੱਧੂ ਨੇ ਆਪਣੇ ਹੀ ਅੰਦਾਜ਼ ‘ਚ ਪੱਤਰਕਾਰਾਂ ਨੂੰ ਜਵਾਬ ਦਿੱਤਾ ਅਤੇ ਕਿਹਾ, “ਤੁਸੀਂ ਸਵਾਲ ਪੁੱਛਣ ‘ਚ ਮਾਹਰ ਹੋ, ਪਰ ਮੈਂ ਹੀ ਘੱਟ ਨਹੀਂ। ਮੈਂ ਜੋ ਕਹਿਣਾ ਸੀ, ਕਹਿ ਦਿੱਤਾ। ਜੇਕਰ ਮੈਂ ਕੁਝ ਹੋਰ ਕਿਹਾ, ਤਾਂ ਤੁਸੀਂ ਹੈੱਡਲਾਈਨ ਬਣਾ ਦੇਣੀ।”
ਹਾਲਾਂਕਿ ਸਿੱਧੂ ਨੇ ਆਪਣੇ ਹੀ ਅੰਦਾਜ਼ ‘ਚ ਕਈ ਸਵਾਲਾਂ ਦੇ ਜਵਾਬ ਦੇ ਵੀ ਦਿੱਤੇ। ਸਿਆਸੀ ਭਵਿੱਖ ਦੇ ਫ਼ੈਸਲੇ ਬਾਰੇ ਪੁੱਛੇ ਸਵਾਲ ‘ਚ ਸਿੱਧੂ ਨੇ ਕਿਹਾ ਕਿ ਉਹਨਾਂ ਨੇ ਕਦੇ ਵੀ ਕੋਈ ਫ਼ੈਸਲਾ ਆਪਣੇ ਹਿੱਤ ‘ਚ ਨਹੀਂ ਲਿਆ, ਹਮੇਸ਼ਾ ਪੰਜਾਬ ਦੇ ਹਿੱਤ ‘ਚ ਫ਼ੈਸਲੇ ਲਏ ਹਨ। ਸਿਆਸੀ ਮੈਦਾਨ ‘ਚ ਵਾਪਸੀ ਬਾਰੇ ਪੁੱਛਣ ‘ਤੇ ਸਿੱਧੂ ਨੇ ਕਿਹਾ ਕਿ ਉਹਨਾਂ ਨੇ ਕਦੇ ਮੈਦਾਨ ਛੱਡਿਆ ਹੀ ਨਹੀਂ। ਉਹਨਾਂ ਅਸਿੱਧੇ ਤੌਰ ‘ਤੇ ਆਪਣੇ ਵਿਰੋਧੀਆਂ ‘ਤੇ ਨਿਸ਼ਾਨਾ ਸਾਧਿਆ ਅਤੇ ਕਿਹਾ, “ਨਾ ਮੈਂ ਗਿਰਾ ਨਾ ਮੇਰੀ ਉਮੀਦੋਂ ਕਾ ਮੀਨਾਰ ਗਿਰਾ..ਲੇਕਿਨ ਮੁਝੇ ਗਿਰਾਨੇ ਕੀ ਕੋਸ਼ਿਸ਼ ਮੇਂ ਹਰ ਸ਼ਖਸ ਕਈ ਬਾਰ ਗਿਰਾ।”
ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੇ ਇਲਜ਼ਾਮਾਂ ‘ਤੇ ਨਵਜੋਤ ਸਿੱਧੂ ਨੇ ਸਰਕਾਰ ਦਾ ਪੱਖ ਵੀ ਨਹੀਂ ਪੂਰਿਆ ਅਤੇ ਸਰਕਾਰ ਦੇ ਖਿਲਾਫ਼ ਵੀ ਬੋਲਣ ਤੋਂ ਬੱਚਦੇ ਨਜ਼ਰ ਆਏ। ਸਿੱਧੂ ਨੇ ਕਿਹਾ, “ਸਰਕਾਰ ਨੇ ਜੋ ਕਿਹਾ, ਉਹ ਕੀਤਾ ਜਾਂ ਨਹੀਂ। ਇਸਦਾ ਫ਼ੈਸਲਾ ਅਸੀਂ ਨਹੀਂ ਪੰਜਾਬ ਦੇ ਲੋਕਾਂ ਨੇ ਕਰਨਾ ਹੈ। ਜੇਕਰ ਸਰਕਾਰ ਨੇ ਕੰਮ ਕੀਤਾ, ਤਾਂ ਦੋਬਾਰਾ ਨਹੀਂ ਤਾਂ ਲਾਂਭੇ।”
ਪ੍ਰੈੱਸ ਕਾਨਫ਼ਰੰਸ ਦੇ ਅੰਤ ‘ਚ ਜਦੋਂ ਨਵਜੋਤ ਸਿੱਧੂ ਤੋਂ ਸਰਕਾਰ ‘ਚ ਵਾਪਸੀ ਬਾਰੇ ਪੁੱਛਿਆ ਗਿਆ, ਤਾਂ ਉਹਨਾਂ ਪ੍ਰੈੱਸ ਕਾਨਫ਼ਰੰਸ ਹੀ ਖ਼ਤਮ ਕਰ ਦਿੱਤੀ ਅਤੇ ਕਿਹਾ, “That’s End!!!”