Home Politics ਸਿੱਧੂ ਦੇ ਤਲਖ ਤੇਵਰ ਬਰਕਰਾਰ, CM ਕੈਪਟਨ ਨੂੰ ਦੇ ਦਿੱਤਾ ਖੁੱਲ੍ਹਾ ਚੈਲੇਂਜ

ਸਿੱਧੂ ਦੇ ਤਲਖ ਤੇਵਰ ਬਰਕਰਾਰ, CM ਕੈਪਟਨ ਨੂੰ ਦੇ ਦਿੱਤਾ ਖੁੱਲ੍ਹਾ ਚੈਲੇਂਜ

ਬਿਓਰੋ। ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ 2022 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਛੱਡ ਕਿਸੇ ਹੋਰ ਪਾਰਟੀ ਵੱਲ ਰੁਖ ਕਰਨ ਦੀਆਂ ਖ਼ਬਰਾਂ ਦਾ ਹੁਣ ਖੁਦ ਸਿੱਧੂ ਨੇ ਅਸਿੱਧੇ ਤੌਰ ਨਾਲ ਖੰਡਨ ਕੀਤਾ ਹੈ। ਸਿੱਧੂ ਨੇ ਆਪਣੇ ਤਾਜ਼ਾ ਟਵੀਟ ‘ਚ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੂੰ ਖੁੱਲ੍ਹਾ ਚੈਲੇਂਜ ਕੀਤਾ ਹੈ ਕਿ ਉਹ ਕਿਸੇ ਵੀ ਦੂਜੀ ਪਾਰਟੀ ਦੇ ਆਗੂ ਨਾਲ ਸਿੱਧੂ ਦੀ ਇੱਕ ਵੀ ਮੀਟਿੰਗ ਦਾ ਇਲਜ਼ਾਮ ਸਾਬਿਤ ਕਰਨ। ਹਾਲਾਂਕਿ ਸਿੱਧੂ ਨੇ ਕਿਸੇ ਦਾ ਨਾਂਅ ਨਹੀਂ ਲਿਆ, ਪਰ ਮੁੱਖ ਮੰਤਰੀ ਦਾ ਉਹ ਬਿਆਨ ਅਸੀਂ ਸਾਰਿਆਂ ਨੇ ਸੁਣਿਆ ਸੀ, ਜਦੋਂ ਇੱਕ ਮੀਡੀਆ ਇੰਟਰਵਿਊ ਦੌਰਾਨ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਸਿੱਧੂ ਕੇਜਰੀਵਾਲ ਦੇ ਸੰਪਰਕ ‘ਚ ਹਨ ਅਤੇ ਉਹਨਾਂ ਨਾਲ 2 ਮੀਟਿੰਗਾਂ ਕਰ ਚੁੱਕੇ ਹਨ।

ਅਹੁਦੇ ਦੀ ਮੰਗ ਸਬੰਧੀ ਵੀ ਦਿੱਤਾ ਸਪੱਸ਼ਟੀਕਰਨ

ਨਵਜੋਤ ਸਿੱਧੂ ਨੇ ਇੱਕ ਵਾਰ ਫਿਰ ਸਰਕਾਰ ਜਾਂ ਸੰਗਠਨ ‘ਚ ਕਿਸੇ ਅਹੁਦੇ ਦੀ ਮੰਗ ਕਰਨ ਦੇ ਮੁੱਦੇ ‘ਤੇ ਵੀ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਸਿੱਧੂ ਨੇ ਦੋਹਰਾਇਆ, “ਮੈਂ ਅੱਜ ਤੱਕ ਕਿਸੇ ਤੋਂ ਕੋਈ ਵੀ ਅਹੁਦਾ ਨਹੀਂ ਮੰਗਿਆ। ਮੈਂ ਸਿਰਫ਼ ਪੰਜਾਬ ਦਾ ਹਿੱਤ ਹੀ ਮੰਗਿਆ ਹੈ।” ਅੱਗੇ ਸਿੱਧੂ ਕਹਿੰਦੇ ਹਨ, “ਮੈਨੂੰ ਕਈ ਵਾਰ ਬੁਲਾ ਕੇ ਕੈਬਨਿਟ ਮੰਤਰੀ ਦੇ ਅਹੁਦੇ ਦਾ ਆਫਰ ਦਿੱਤਾ ਗਿਆ, ਪਰ ਮੈਂ ਉਸ ਨੂੰ ਸਵੀਕਾਰ ਨਹੀਂ ਕੀਤਾ।” ਸਿੱਧੂ ਨੇ ਆਪਣੀ ਹਾਲ ਹੀ ‘ਚ ਕੀਤੀ ਪ੍ਰੈੱਸ ਕਾਨਫ਼ਰੰਸ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ‘ਚ ਸਿੱਧੂ ਕਹਿ ਰਹੇ ਹਨ ਕਿ ਉਹਨਾਂ ਨੇ ਅਤੇ ਉਹਨਾਂ ਦੇ ਪਰਿਵਾਰ ਨੇ ਅੱਜ ਤੱਕ ਕੋਈ ਵੀ ਫ਼ੈਸਲਾ ਆਪਣੇ ਲਈ ਨਹੀਂ ਕੀਤਾ, ਬਲਕਿ ਹਮੇਸ਼ਾ ਪੰਜਾਬ ਦਾ ਹਿੱਤ ਹੀ ਸੋਚਿਆ ਹੈ।

ਹਾਈਕਮਾਨ ‘ਤੇ ਸਿੱਧੂ ਦੀ ਨਜ਼ਰ

ਇੱਕ ਪਾਸੇ ਨਵਜੋਤ ਸਿੱਧੂ ਲਗਾਤਾਰ ਮੁੱਖ ਮੰਤਰੀ ਨਾਲ ਉਲਝਦੇ ਜਾ ਰਹੇ ਹਨ, ਤਾਂ ਓਧਰ ਸਿੱਧੂ ਆਪਣੀ ਨਜ਼ਰ ਹਾਈਕਮਾਨ ‘ਤੇ ਲਗਾਈ ਬੈਠੇ ਹਨ। ਇਹ ਗੱਲ ਕਿਸੇ ਤੋਂ ਲੁਕੀ ਨਹੀਂ ਕਿ ਸਿੱਧੂ ਪੰਜਾਬ ਦੀ ਸਿਆਸਤ ਨਾਲ ਸਬੰਧਤ ਹਰ ਛੋਟੀ-ਵੱਡੀ ਗੱਲ ਸਿੱਧੇ ਹਾਈਕਮਾਨ ਨੂੰ ਰਿਪੋਰਟ ਕਰਦੇ ਹਨ। ਲਿਹਾਜ਼ਾ ਇਸ ਵਾਰ ਵੀ ਸਿੱਧੂ ਹਾਈਕਮਾਨ ਤੋਂ ਹੀ ਮਾਮਲੇ ਦੇ ਹੱਲ ਦੀ ਆਸ ਲਗਾਈ ਬੈਠੇ ਹਨ। ਆਪਣੇ ਟਵੀਟ ‘ਚ ਸਿੱਧੂ ਲਿਖਦੇ ਹਨ, “ਹੁਣ ਇਸ ਮਾਮਲੇ ‘ਚ ਸਾਡੇ ਹਾਈਕਮਾਨ ਨੇ ਦਖਲ ਦਿੱਤਾ ਹੈ। (ਫ਼ੈਸਲੇ ਦਾ) ਇੰਤਜ਼ਾਰ ਕਰਦੇ ਹਾਂ…।”

ਇਥੇ ਇਹ ਵੀ ਕਾਬਿਲੇਗੌਰ ਹੈ ਕਿ ਸਿੱਧੂ ਇਹਨੀਂ ਦਿਨੀਂ ਆਪਣੇ ਟਵੀਟਸ ਨਾਲ ਜੋ ਵੀ ਵੀਡੀਓ ਸ਼ੇਅਰ ਕਰਦੇ ਹਨ, ਉਹਨਾਂ ‘ਚ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਨੀਆਂ ਨਹੀਂ ਭੁੱਲਦੇ। ਮਤਲਬ ਸਾਫ਼ ਹੈ ਕਿ ਸਿੱਧੂ ਲਈ ਕਾਂਗਰਸ ਦਾ ਮਤਲਬ ਸਿਰਫ਼ ਗਾਂਧੀ ਪਰਿਵਾਰ ਹੈ। ਪੰਜਾਬ ‘ਚ ਪਾਰਟੀ ਦੇ ਚਿਹਰੇ ਕੈਪਟਨ ਅਮਰਿੰਦਰ ਸਿੰਘ ਨਾਲ ਤਾਂ ਉਹਨਾਂ ਦਾ ਵੈਸੇ ਹੀ ਛੱਤੀ ਦਾ ਅੰਕੜਾ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments