Home Politics ਟਵਿਟਰ 'ਤੇ ਸਿੱਧੂ ਦੇ ਹਮਲੇ ਜਾਰੀ, ਹੁਣ ਪੁੱਛਿਆ- "ਕਿਵੇਂ ਮਿਲੇਗਾ ਇਨਸਾਫ਼"

ਟਵਿਟਰ ‘ਤੇ ਸਿੱਧੂ ਦੇ ਹਮਲੇ ਜਾਰੀ, ਹੁਣ ਪੁੱਛਿਆ- “ਕਿਵੇਂ ਮਿਲੇਗਾ ਇਨਸਾਫ਼”

ਬਿਓਰੋ। 2 ਦਿਨ ਪਹਿਲਾਂ ਤੱਕ ਇਸ਼ਾਰਿਆਂ-ਇਸ਼ਾਰਿਆਂ ‘ਚ ਕੈਪਟਨ ਸਰਕਾਰ ‘ਤੇ ਸਵਾਲ ਚੁੱਕਣ ਵਾਲੇ ਨਵਜੋਤ ਸਿੱਧੂ ਹੁਣ ਖੁੱਲ੍ਹ ਕੇ ਮੈਦਾਨ ‘ਚ ਉਤਰ ਆਏ ਹਨ ਤੇ ਇਰਾਦਾ ਸਿਆਸੀ ਮੈਦਾਨ ‘ਚ ਸਿੱਧੇ 2-2 ਹੱਥ ਕਰਨ ਦਾ ਹੈ। ਬੇਅਦਬੀ ਮਾਮਲੇ ਨੂੰ ਲੈ ਕੇ ਉਹਨਾਂ ਦੇ ਤਾਜ਼ਾ ਟਵੀਟ ਇਸੇ ਵੱਲ ਇਸ਼ਾਰਾ ਕਰਦੇ ਹਨ। ਹਾਈਕੋਰਟ ਵੱਲੋਂ SIT ਦੀ ਜਾਂਚ ਰੱਦ ਕਰਨ ਦੇ ਆਦੇਸ਼ ਦੀ ਕਾਪੀ ਸਾਹਮਣੇ ਆਉਣ ਤੋਂ ਬਾਅਦ ਸਿੱਧੂ ਨੇ ਇੱਕ ਵਾਰ ਫਿਰ ਸਰਕਾਰ ਦੀ ਨੀਅਤ ‘ਤੇ ਸਵਾਲ ਚੁੱਕੇ ਹਨ।

ਬਾਦਲਾਂ ‘ਤੇ FIR ਕਿਉਂ ਨਹੀਂ- ਸਿੱਧੂ

ਸਿੱਧੂ ਨੇ ਟਵੀਟ ਕਰਦੇ ਹੋਏ ਕਿਹਾ, “ਸਾਨੂੰ ਇਨਸਾਫ਼ ਕਿਵੇਂ ਮਿਲੇਗਾ? ਚਾਰਜਸ਼ੀਟ ‘ਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦਾ ਨਾੰਅ ਆਉਣ ਦੇ 2 ਸਾਲ ਬਾਅਦ ਵੀ ਨਾ ਤਾਂ ਉਹਨਾਂ ਦੇ ਖਿਲਾਫ਼ ਚਲਾਨ ਪੇਸ਼ ਹੋਇਆ ਤੇ ਨਾ ਹੀ FIR ‘ਚ ਉਹਨਾਂ ਦੇ ਨਾੰਅ ਸ਼ਾਮਲ ਕੀਤੇ ਗਏ ਹਨ। ਦੋਵਾਂ ਦੇ ਖਿਲਾਫ਼ ਸਬੂਤ ਸਨ, ਤਾਂ ਉਹਨਾਂ ਦੀ ਜਾਂਚ ਕਿਉਂ ਨਹੀਂ ਹੋਈ ਅਤੇ ਸਬੂਤ ਕੋਰਟ ਸਾਹਮਣੇ ਕਿਉਂ ਨਹੀਂ ਲਿਆਂਦੇ ਗਏ? ਕੇਸ ਨੂੰ ਲਟਕਾਉਣ ਅਤੇ ਕਮਜ਼ੋਰ ਕਰਨ ਲਈ ਜ਼ਿੰਮੇਵਾਰ ਕੌਣ ਹੈ?”

ਇਸ ਤੋਂ ਪਹਿਲਾਂ ਸਿੱਧੂ ਨੇ ਸ਼ੁੱਕਰਵਾਰ ਨੂੰ ਟਵੀਟ ਕਰ ਸਿੱਧੇ ਸੀਐੱਮ ਕੈਪਟਨ ਅਮਰਿੰਦਰ ਸਿੰਘ ‘ਤੇ ਹਮਲਾ ਬੋਲਿਆ ਸੀ। ਸਿੱਧੂ ਨੇ ਟਵਿਟਰ ‘ਤੇ ਲਿਖਿਆ ਸੀ, “ਕੀ ਬੇਅਦਬੀ ਦਾ ਮੁੱਦਾ ਗ੍ਰਹਿ ਮੰਤਰੀ(ਕੈਪਟਨ ਅਮਰਿੰਦਰ ਸਿੰਘ) ਦੀ ਸਭ ਤੋਂ ਵੱਡੀ ਪਹਿਲ ਨਹੀਂ ਹੈ? ਜ਼ਿੰਮੇਵਾਰੀ ਤੋਂ ਭੱਜਣ ਅਤੇ ਸਿਰਫ਼ ਐਡਵੋਕੇਟ ਜਨਰਲ ਨੂੰ ਬਲੀ ਦਾ ਬਕਰਾ ਬਣਾਉਣ ਦਾ ਮਤਲਬ ਹੈ ਕਿ ਐਗਜ਼ੈਕਟਿਵ ਅਥਾਰਿਟੀ ‘ਤੇ ਕਿਸੇ ਦਾ ਕੰਟਰੋਲ ਨਹੀਂ ਹੈ। AG ਨੂੰ ਕੌਣ ਕੰਟਰੋਲ ਕਰਦਾ ਹੈ? ਉਸ ਕਿਸ ਦੇ ਨਿਰਦੇਸ਼ਾਂ ‘ਤੇ ਕੰਮ ਕਰਦੇ ਹਨ? ਜ਼ਿੰਮੇਵਾਰੀਆਂ ਤੋਂ ਭੱਜਣ ਦੇ ਇਸ ਖੇਡ ‘ਚ ਲੀਗਲ ਟੀਮ ਸਿਰਫ਼ ਇੱਕ ਮੋਹਰਾ ਹੈ।”

ਸਿੱਧੂ ‘ਤੇ ਕੈਪਟਨ ਦਾ ਧੜਾ ਵੀ ਹਮਲਾਵਰ

ਸਿੱਧੂ ਦੀ ਲਗਾਤਾਰ ਬਿਆਨਬਾਜ਼ੀ ਨੂੰ ਲੈ ਕੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੇ ਧੜੇ ‘ਚ ਖਲਬਲੀ ਮਚੀ ਹੈ। ਕਾਂਗਰਸ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਤਾਂ ਬਿਨ੍ਹਾਂ ਸਿੱਧੂ ਦਾ ਨਾੰਅ ਲਏ ਹਾਈਕਮਾਨ ਨੂੰ ਚਿੱਠੀ ਲਿਖ ਦਿੱਤੀ ਹੈ ਅਤੇ ਪਾਰਟੀ ਵਿਰੋਧੀ ਬਿਆਨਬਾਜ਼ੀ ‘ਤੇ ਸਖਤ ਨੋਟਿਸ ਲੈਣ ਦੀ ਮੰਗ ਕੀਤੀ ਹੈ।

ਰੰਧਾਵਾ ਨੇ ਵੀ ਖੋਲ੍ਹਿਆ ਮੋਰਚਾ

ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਵੀ ਸਿੱਧੂ ਦੀ ਬਿਆਨਬਾਜ਼ੀ ਨੂੰ ਪਾਰਟੀ ਦੇ ਖਿਲਾਫ਼ ਦੱਸਿਆ ਹੈ। ਇੱਕ ਨਿੱਜੀ ਚੈਨਲ ਨਾਲ ਗੱਲ ਕਰਦੇ ਹੋਏ ਰੰਧਾਵਾ ਨੇ ਕਿਹਾ ਕਿ ਆਖਰ ਸਿੱਧੂ ਨੂੰ ਬੇਅਦਬੀ ਮਾਮਲਿਆਂ ਦੀ ਯਾਦ ਹੁਣ ਕਿਉਂ ਆਈ ਹੈ। ਉਹਨਾਂ ਕਿਹਾ ਕਿ ਮੰਤਰੀ ਰਹਿੰਦੇ ਹੋਏ ਸਿੱਧੂ ਨੇ ਕਦੇ ਇਹ ਮੁੱਦਾ ਨਹੀਂ ਚੁੱਕਿਆ। ਰੰਧਾਵਾ ਨੇ ਕਿਹਾ ਕਿ ਕਾਂਗਰਸ ‘ਚ ਆਉਣ ਤੋਂ ਪਹਿਲਾਂ ਵੀ ਉਹ ਇਸ ਮੁੱਦੇ ‘ਤੇ ਚੁੱਪ ਹੀ ਰਹੇ।

ਸੁਖਜਿੰਦਰ ਰੰਧਾਵਾ ਨੇ ਸਿੱਧੂ ਦੇ ਕਾਂਗਰਸ ਪ੍ਰਤੀ ਵਫ਼ਾਦਾਰੀ ਨੂੰ ਲੈ ਕੇ ਵੀ ਸਵਾਲ ਚੁੱਕੇ। ਉਹਨਾਂ ਕਿਹਾ ਕਿ ਸਿੱਧੂ ਕਿਸੇ ਵੇਲੇ ਕਹਿੰਦੇ ਸਨ ਕਿ ਮਨਮੋਹਨ ਸਿੰਘ ਨਾ ਤਾਂ ਸਰਕਾਰ ਹਨ ਤੇ ਨਾ ਅਸਰਦਾਰ, ਪਰ ਕਾਂਗਰਸ ‘ਚ ਆਉਣ ਤੋਂ ਬਾਅਦ ਉਹਨਾਂ ਨੂੰ ਮਨਮੋਹਨ ਸਿੰਘ ਸਰਦਾਰ ਵੀ ਲੱਗਣ ਲੱਗੇ ਤੇ ਅਸਰਦਾਰ ਵੀ। ਉਹਨਾਂ ਕਿਹਾ ਕਿ ਆਗੂਆਂ ਨੂੰ ਇਸ ਤਰ੍ਹਾਂ ਰੰਗ ਨਹੀਂ ਬਦਲਣਾ ਚਾਹੀਦਾ। ਹਾਲਾਂਕਿ ਰੰਧਾਵਾ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਨਹੀਂ ਲਗਦਾ ਕਿ ਸਿੱਧੂ ਕਾਂਗਰਸ ਪਾਰਟੀ ਨੂੰ ਛੱਡਣਗੇ।

ਅੱਗੇ ਕੀ ਕਰਨਗੇ ਸਿੱਧੂ ?

2022 ਦੀਆਂ ਵਿਧਾਨ ਸਭਾ ਚੋਣਾਂ ਤੋੜ ਪਹਿਲਾਂ ਪੰਜਾਬ ਦੀ ਸਿਆਸਤ ‘ਚ ਸਭ ਤੋਂ ਵੱਧ ਚਰਚਾ ਨਵਜੋਤ ਸਿੱਧੂ ਬਾਰੇ ਹੈ। ਸਿੱਧੂ ਕਾਂਗਰਸ ‘ਚ ਰਹਿਣਗੇ ਜਾਂ ਨਵੀਂ ਸਿਆਸੀ ਪਾਰੀ ਸ਼ੁਰੂ ਕਰਨਗੇ, ਇਸ ‘ਤੇ ਹਾਲੇ ਵੀ ਸਸਪੈਂਸ ਹੈ। ਹਾਲਾਂਕਿ ਪਿਛਲੇ ਦਿਨੀਂ ਉਹਨਾਂ ਨੇ ਆਪਣੇ ਟਵਿਟਰ ਹੈਂਡਲ ਤੋਂ ਕਾਂਗਰਸ ਦਾ ਨਾੰਅ ਹਟਾ ਕੇ ਕੁਝ ਹੱਦ ਤੱਕ ਸੰਕੇਤ ਦੇ ਦਿੱਤੇ ਹਨ ਕਿ ਉਹਨਾਂ ਦਾ ਅਗਲਾ ਕਦਮ ਕੀ ਹੋ ਸਕਦਾ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments