ਅੰਮ੍ਰਿਤਸਰ। ਦੇਸ਼ ‘ਚ ਕੋਰੋਨਾ ਨਾਲ ਹਾਲਾਤ ਲਗਾਤਾਰ ਵਿਗੜ ਰਹੇ ਹਨ ਅਤੇ ਆਕਸੀਜ਼ਨ ਦੀ ਕਮੀ ਦੇ ਚਲਦੇ ਇਹ ਸੰਕਟ ਹੋਰ ਵੱਧ ਗਿਆ ਹੈ। ਪੰਜਾਬ ‘ਚ ਵੀ ਆਕਸੀਜ਼ਨ ਦੀ ਕਮੀ ਜਾਨਲੇਵਾ ਸਾਬਿਤ ਹੋ ਰਹੀ ਹੈ। ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ‘ਚ ਆਕਸੀਜ਼ਨ ਦੀ ਕਮੀ ਦੇ ਚਲਦੇ 6 ਮਰੀਜ਼ਾਂ ਦੀ ਮੌਤ ਹੋ ਗਈ। ਘਟਨਾ ਅੰਮ੍ਰਿਤਸਰ ਦੇ ਨੀਲਕੰਠ ਹਸਪਤਾਲ ਦੀ ਹੈ। ਮਰਨ ਵਾਲੇ 6 ਮਰੀਜ਼ਾਂ ‘ਚੋਂ 5 ਮਰੀਜ਼ ਕੋਰੋਨਾ ਨਾਲ ਪੀੜਤ ਸਨ।
ਜਾਣਕਾਰੀ ਮੁਤਾਬਕ, ਹਸਪਤਾਲ ‘ਚ ਪਿਛਲੇ 24 ਘੰਟਿਆਂ ਤੋਂ ਆਕਸੀਜ਼ਨ ਦੀ ਕਮੀ ਸੀ। ਹਸਪਤਾਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਹਾਲਾਤ ਬਾਰੇ ਦੱਸਿਆ ਸੀ, ਪਰ ਕੋਈ ਮਦਦ ਨਹੀਂ ਮਿਲੀ। ਹਸਪਤਾਲ ਪ੍ਰਬੰਧਕਾਂ ਮੁਤਾਬਕ ਪ੍ਰਸ਼ਾਸਨ ਨੇ ਕਿਹਾ ਕਿ ਹੈ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਆਕਸੀਜ਼ਨ ਸਰਕਾਰੀ ਹਸਪਤਾਲਾਂ ਤੋਂ ਪਹਿਲਾਂ ਨਹੀਂ ਦਿੱਤੀ ਜਾਵੇਗੀ। ਓਧਰ ਸਿਹਤ ਵਿਭਗ ਦੇ ਅਧਿਕਾਰੀ ਮਾਮਲੇ ‘ਚ ਜਾਂਚ ਦੀ ਗੱਲ ਕਹਿ ਰਹੇ ਹਨ।
ਪੰਜਾਬ ‘ਚ 24 ਘੰਟਿਆਂ ‘ਚ ਰਿਕਾਰਡ ਕੇਸ
ਪੰਜਾਬ ‘ਚ ਸ਼ੁੱਕਰਵਾਰ ਨੂੰ ਕੋਰੋਨਾ ਦੇ 6762 ਮਾਮਲੇ ਸਾਹਮਣੇ ਆਏ। ਇਹ ਸੂਬੇ ‘ਚ ਇੱਕ ਦਿਨ ਦਾ ਸਭ ਤੋਂ ਵੱਡਾ ਅੰਕੜਾ ਹੈ। ਇਸਦੇ ਨਾਲ ਹੀ 24 ਘੰਟਿਆਂ ‘ਚ 76 ਮਰੀਜ਼ਾਂ ਦੀ ਮੌਤ ਦੀ ਵੀ ਖ਼ਬਰ ਹੈ, ਜਦਕਿ 44 ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਿਹਤ ਵਿਭਾਗ ਮੁਤਾਬਕ, ਵੱਖ-ਵੱਖ ਹਸਪਤਾਲਾਂ ‘ਚ 500 ਤੋਂ ਵੱਧ ਮਰੀਜ਼ ਆਕਸੀਜ਼ਨ ਸੁਪੋਰਟ ‘ਤੇ ਹਨ।