Home Corona ਕੋਰੋਨਾ: ਕੇਂਦਰ ਲਈ ਪੰਜਾਬ ਕਸੂਰਵਾਰ, ਪਰ ਕੈਪਟਨ ਨੇ ਕੇਂਦਰ ਸਿਰ ਭੰਨਿਆ ਠੀਕਰਾ

ਕੋਰੋਨਾ: ਕੇਂਦਰ ਲਈ ਪੰਜਾਬ ਕਸੂਰਵਾਰ, ਪਰ ਕੈਪਟਨ ਨੇ ਕੇਂਦਰ ਸਿਰ ਭੰਨਿਆ ਠੀਕਰਾ

ਚੰਡੀਗੜ੍ਹ। ਦੇਸ਼ ‘ਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਜਿਸ ਤਰ੍ਹਾਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ, ਉਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਗ-ਬਬੂਲਾ ਹੋ ਗਏ ਹਨ। ਕੈਪਟਨ ਨੇ ਹੁਣ ਉਲਟਾ ਕੇਂਦਰ ਸਰਕਾਰ ਦੇ ਸਿਰ ਹੀ ਠੀਕਰਾ ਭੰਨ ਦਿੱਤਾ ਹੈ।

ਇੱਕ ਬਿਆਨ ਜਾਰੀ ਕਰ ਮੁੱਖ ਮੰਤਰੀ ਵੱਲੋਂ ਕਿਹਾ ਗਿਆ ਕਿ ਜੇਕਰ ਭਾਰਤ ਸਰਕਾਰ ਨੇ 45 ਸਾਲ ਤੋਂ ਵੱਧ ਉਮਰ ਵਰਗ ਦੇ ਵਿਅਕਤੀਆਂ ਲਈ ਕੋਵਿਡ ਟੀਕਾਕਰਨ ਦਾ ਦਾਇਰਾ ਵਧਾਉਣ ਵਿੱਚ 2 ਮਹੀਨੇ ਦੀ ਦੇਰੀ ਨਾ ਕੀਤੀ ਹੁੰਦੀ ਤੇ ਪੰਜਾਬ ਸਰਕਾਰ ਦੀ ਮੰਗ ਮੰਨ ਲਈ ਹੁੰਦੀ, ਤਾਂ ਅੱਜ ਹਾਲਾਤ ਬਿਹਤਰ ਹੁੰਦੇ। ਹਾਲਾਂਕਿ ਉਹਨਾਂ ਕਿਹਾ ਕਿ ਇਸ ਦੇਰੀ ਦੇ ਬਾਵਜੂਦ ਸੂਬੇ ਵੱਲੋਂ ਪ੍ਰਤੀ 10 ਲੱਖ ਦੇ ਹਿਸਾਬ ਨਾਲ ਕੌਮੀ ਔਸਤ ਤੋਂ ਵੱਧ ਟੈਸਟਿੰਗ ਕੀਤੀ ਜਾ ਰਹੀ ਹੈ।

ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਵਾਰ-ਵਾਰ ਭਾਰਤ ਸਰਕਾਰ ਨੂੰ ਲਿਖਿਤ ਰੂਪ ਵਿੱਚ ਅਤੇ ਸੂਬੇ ਦੀ ਮੁੱਖ ਸਕੱਤਰ ਵੱਲੋਂ ਮੀਟਿੰਗਾਂ ਵਿੱਚ ਕਿਹਾ ਗਿਆ ਸੀ ਕਿ ਟੀਕਾਕਰਨ ਦੀ ਮੌਜੂਦਾ ਯੋਜਨਾ ਦੀ ਸਮੀਖਿਆ ਕਰਨ ਦੀ ਲੋੜ ਹੈ। ਮੁੱਖ ਮੰਤਰੀ ਨੇ ਜ਼ੋਰ ਦੇ ਕੇ ਆਖਿਆ ਕਿ ਚੋਣਵੇਂ ਇਲਾਕਿਆਂ ਵਿੱਚ ਸਮੂਹ ਉਮਰ ਵਰਗਾਂ ਨੂੰ ਟੀਕਾਕਰਨ ਤਹਿਤ ਲਿਆਉਣ ਨਾਲ ਬਿਹਤਰ ਨਤੀਜੇ ਹਾਸਲ ਹੋਣਗੇ, ਬਜਾਏ ਇਸਦੇ ਕਿ ਹਰੇਕ ਵਾਰ ਆਬਾਦੀ ਦੇ ਛੋਟੇ ਹਿੱਸੇ ਨੂੰ ਮਿਆਦੀ ਤੌਰ ’ਤੇ ਟੀਕਾਕਰਨ ਹੇਠ ਲਿਆਉਣਾ।

ਸੀਐੱਮ ਨੇ ਕੇਂਦਰ ਦੇ ਇਲਜ਼ਾਮਾਂ ‘ਤੇ ਸਫ਼ਾਈ ਵੀ ਦਿੱਤੀ ਅਤੇ ਕਿਹਾ ਕਿ ਉਹਨਾਂ ਦੀ ਸਰਕਾਰ ਵੱਲੋਂ ਸਮਾਜਿਕ ਇਕੱਠਾਂ ’ਤੇ ਕਰੜੀਆਂ ਪਾਬੰਦੀਆਂ ਲਾਈਆਂ ਗਈਆਂ ਹਨ ਅਤੇ ਸਮੂਹ ਸਿੱਖਿਆ ਸੰਸਥਾਨ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ 11 ਜ਼ਿਲਿਆਂ ਵਿੱਚ ਰਾਤ 9 ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਾਇਆ ਗਿਆ ਹੈ।

ਮੁੱਖ ਮੰਤਰੀ ਨੇ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਤੇ ਅਧਿਆਪਕਾਂ, ਜੱਜਾਂ, ਬੱਸ ਡਰਾਈਵਰਾਂ ਅਤੇ ਕੰਡਕਟਰਾਂ, ਪੰਚਾਂ/ਸਰਪੰਚਾਂ/ਮੇਅਰਾਂ/ਮਿਊਂਸਿਪਲ ਕਮੇਟੀਆਂ, ਪ੍ਰਧਾਨਾਂ/ਕੌਂਸਲਰਾਂ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਲਈ ਕਿੱਤਾ ਆਧਾਰਿਤ ਟੀਕਾਕਰਨ ਹਰ ਥਾਂ ਸ਼ੁਰੂ ਕੀਤੇ ਜਾਣ ਦੀ ਆਪਣੀ ਮੰਗ ਵੀ ਦੁਹਰਾਈ।

ਟੈਸਟਿੰਗ ਦੇ ਅੰਕੜਿਆਂ ਦੀ ਸਥਿਤੀ ਸਪੱਸ਼ਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੇ ਉਭਾਰ ਜੋ ਕਿ ਸਤੰਬਰ 2020 ਦੌਰਾਨ ਵੇਖਣ ਵਿੱਚ ਆਇਆ ਸੀ, ਪਾਜ਼ਿਟਿਵਿਟੀ ਦਰ 10 ਦੇ ਕਰੀਬ ਸੀ ਅਤੇ ਸੂਬੇ ਵੱਲੋਂ ਪ੍ਰਤੀ ਦਿਨ 30,000 ਕੋਵਿਡ ਨਮੂਨਿਆਂ ਦੀ ਜਾਂਚ ਕੀਤੀ ਜਾ ਰਹੀ ਸੀ। ਹੁਣ ਜਦੋਂ ਇਹ ਦਰ 7 ਫੀਸਦੀ ਤੋਂ ਵੱਧ ਹੈ ਤਾਂ ਸੂਬੇ ਵੱਲੋਂ 40,000 ਕੋਵਿਡ ਨਮੂਨਿਆਂ ਦੀ ਪ੍ਰਤੀ ਦਿਨ ਟੈਸਟਿੰਗ ਕੀਤੀ ਜਾ ਰਹੀ ਹੈ। ਉਨਾਂ ਇਹ ਵੀ ਦੱਸਿਆ ਕਿ ਸੂਬੇ ਵੱਲੋਂ RT-PCR ਰਾਹੀਂ 90 ਫੀਸਦੀ ਅਤੇ RAT ਰਾਹੀਂ 10 ਫੀਸਦੀ ਟੈਸਟਿੰਗ ਕੀਤੀ ਜਾ ਰਹੀ ਹੈ ਅਤੇ ਪ੍ਰਤੀ 10 ਲੱਖ ਦੇ ਹਿਸਾਬ ਨਾਲ ਇਹ ਟੈਸਟਿੰਗ 1,96,667 ਤੱਕ ਪਹੁੰਚ ਚੁੱਕੀ ਹੈ, ਜਦੋਂ ਕਿ ਕੌਮੀ ਔਸਤ 1,82,296 ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਦੀ ਸਮਰੱਥਾ ਦਾ ਪਤਾ ਲਾਉਣ ਲਈ ਰਿਪੋਰਟਾਂ ਹਾਸਿਲ ਹੋਣ ਵਿੱਚ ਹੋ ਰਹੀ ਦੇਰੀ ’ਤੇ ਵੀ ਗੌਰ ਕੀਤਾ। ਭੇਜੇ ਗਏ 874 ਨਮੂਨਿਆਂ ਵਿੱਚੋਂ ਅਜੇ ਤੱਕ ਸਿਰਫ 588 ਦੀ ਰਿਪੋਰਟ ਹੀ ਆਈ ਹੈ ਜਿਨਾਂ ਵਿੱਚੋਂ 411 ਨਮੂਨਿਆਂ ਨੂੰ ਬੀ.1.1.7 (ਯੂ.ਕੇ. ਵਾਇਰਸ) ਅਤੇ 2 ਨੂੰ ਐਨ.440ਕੇ ਲਈ ਪਾਜ਼ਿਟਿਵ ਪਾਇਆ ਗਿਆ। ਮੁੱਖ ਮੰਤਰੀ ਨੇ ਕੇਂਦਰ ਨੂੰ ਅਪੀਲ ਕੀਤੀ ਕਿ ਯੂ.ਕੇ. ਵਾਇਰਸ ਦੀ ਮੌਜੂਦਗੀ ਤੋਂ ਦਰਪੇਸ਼ ਚੁਣੌਤੀ ’ਤੇ ਧਿਆਨ ਦਿੱਤੇ ਜਾਣ ਦੀ ਲੋੜ ਹੈ ਅਤੇ ਇਸ ਸਬੰਧੀ ਸੂਬੇ ਨਾਲ ਲੋੜੀਂਦੀ ਜਾਣਕਾਰੀ ਅਤੇ ਸਲਾਹ ਸਾਂਝੀ ਕੀਤੀ ਜਾਵੇ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਸਰਕਾਰ ਦੇ ਆਈ.ਆਈ.ਐਸ.ਈ.ਆਰ., ਇਮਟੈਕ ਅਤੇ ਪੀ.ਜੀ.ਆਈ.ਐਮ.ਈ.ਆਰ. ਵਰਗੇ ਸੰਸਥਾਨ ਸੂਬੇ ਨੂੰ ਸਿਰਫ 100 ਨਮੂਨੇ ਪ੍ਰਤੀ ਦਿਨ ਜਾਂਚ ਕਰਨ ਦੀ ਹੱਦ ਤੱਕ ਹੀ ਸਹਿਯੋਗ ਦੇ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਸਤੰਬਰ 2020 ਦੇ ਪਹਿਲੇ ਉਭਾਰ ਦੌਰਾਨ ਪੰਜਾਬ ਵੱਲੋਂ ਪ੍ਰਤੀ ਪਾਜ਼ਿਟਿਵ ਕੇਸ ਸੰਪਰਕ ਪਤਾ ਲਾਉਣ ਦੀ ਗਿਣਤੀ 10 ਸੰਪਰਕਾਂ ਤੱਕ ਵਧਾ ਦਿੱਤੀ ਸੀ। ਉਨਾਂ ਅੱਗੇ ਦੱਸਿਆ ਕਿ ਹੁਣ ਜਦੋਂ ਇਸ ਮਹਾਂਮਾਰੀ ਦਾ ਦੂਜਾ ਉਭਾਰ ਹੈ ਤਾਂ ਅਸੀਂ ਪ੍ਰਤੀ ਪਾਜ਼ਿਟਿਵ ਕੇਸ ਸੰਪਰਕ ਟ੍ਰੇਸਿੰਗ ਨੂੰ 15 ਸੰਪਰਕਾਂ ਤੱਕ ਵਧਾ ਰਹੇ ਹਾਂ।

RELATED ARTICLES

LEAVE A REPLY

Please enter your comment!
Please enter your name here

Most Popular

Recent Comments