ਅੰਮ੍ਰਿਤਸਰ। ਅਜਨਾਲਾ ‘ਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। BSF ਨੇ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਗਿਰਾਇਆ ਹੈ, ਜਿਸ ਕੋਲੋਂ ਤਲਾਸ਼ੀ ਦੌਰਾਨ 22 ਪੈਕੇਟ ਹੈਰੋਇਨ, 2 AK-47, ਅਸਾਲਟ, 2 ਮੈਗਜ਼ੀਨ, ਇਕ ਮੋਬਾਈਲ ਫੋਨ ਅਤੇ ਪਾਕਿਸਤਾਨੀ ਕਰੰਸੀ ਦੀ ਬਰਾਮਦਗੀ ਹੋਈ ਹੈ।
ਜਾਣਕਾਰੀ ਮੁਤਾਬਕ, BSF ਜਵਾਨ ਰਾਤ ਵੇਲੇ ਬਾਰਡਰ ‘ਤੇ ਪੈਟਰੋਲਿੰਗ ਕਰ ਰਹੇ ਸਨ। ਇਸੇ ਦੌਰਾਨ ਜਵਾਨਾਂ ਨੇ ਕੰਡਿਆਲੀ ਤਾਰ ਕੋਲ ਕੁਝ ਹਲਚਲ ਸੁਣੀ। ਇੱਕ ਪਾਕਿਸਤਾਨੀ ਭਾਰਤੀ ਸਰਹੱਦ ‘ਚ ਘੁਸਪੈਠ ਦੀ ਕੋਸ਼ਿਸ਼ ਕਰ ਰਿਹਾ ਸੀ, BSF ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਤਾਂ ਉਹ ਭੱਜਣ ਲੱਗਿਆ। ਜਿਸ ਤੋਂ ਬਾਅਦ ਜਵਾਨਾਂ ਨੇ ਫ਼ਾਇਰਿੰਗ ਕਰ ਉਸ ਨੂੰ ਢੇਰ ਕਰ ਦਿੱਤਾ।
2 ਤਸਕਰਾਂ ‘ਤੇ ਕੇਸ ਵੀ ਦਰਜ
ਇਸ ਮਾਮਲੇ ‘ਚ ਪੁਲਿਸ ਥਾਣਾ ਲੋਪੋਕੇ ‘ਚ 2 ਤਸਕਰ ਜਗਦੀਸ਼ ਭੂਰਾ ਅਤੇ ਜਸਪਾਲ ਸਿੰਘ ਦੇ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ, ਜਗਦੀਸ਼ ਭੂਰਾ ਇਸ ਵੇਲੇ ਬੈਲਜੀਅਮ ‘ਚ ਹੈ ਅਤੇ ਦੇਸ਼ ਵਿਰੋਧੀ ਸਾਜ਼ਿਸ਼ਾਂ ‘ਚ ਸ਼ਾਮਲ ਹੈ। ਭੂਰਾ ਦਾ ਸਬੰਧ ਪਾਕਿਸਤਾਨ ਦੀ ਖੂਫ਼ੀਆ ਏਜੰਸੀ ISI ਨਾਲ ਦੱਸਿਆ ਜਾ ਰਿਹਾ ਹੈ।