ਦੇਸ਼ ‘ਚ ਕੋਰੋਨਾ ਦੀ ਦੂਜੀ ਲਹਿਰ ਦਾ ਜ਼ਬਰਦਸਤ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਕੋਰੋਨਾ ਦੇ ਤਾਜ਼ਾ ਅੰਕੜੇ ਚਿੰਤਾ ਵਧਾਉਣ ਵਾਲੇ ਹਨ। ਦੇਸ਼ ‘ਚ ਪਹਿਲੀ ਵਾਰ 24 ਘੰਟਿਆਂ ‘ਚ 1 ਲੱਖ 15 ਹਜ਼ਾਰ ਤੋਂ ਵੱਧ ਮਰੀਜ਼ ਸਾਹਮਣੇ ਆਏ ਹਨ। ਇਸਦੇ ਨਾਲ ਹੀ 4 ਅਪ੍ਰੈਲ ਨੂੰ ਮਿਲੇ 1.03 ਲੱਖ ਮਰੀਜ਼ਾਂ ਦਾ ਰਿਕਾਰਡ ਵੀ ਟੁੱਟ ਗਿਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸਤੰਬਰ ‘ਚ ਜਦੋਂ ਕੋਰੋਨਾ ਪੀਕ ‘ਤੇ ਸੀ, ਉਸ ਵੇਲੇ ਕਰੀਬ 98 ਹਜ਼ਾਰ ਕੇਸ ਸਾਹਮਣੇ ਆਏ ਸਨ। ਜੋ ਕਿ ਅੱਜ ਤੱਕ ਦਾ ਸਭ ਤੋਂ ਵੱਡਾ ਅੰਕੜਾ ਸੀ, ਪਰ ਹੁਣ ਕੋਰੋਨਾ ਤੇਜ਼ੀ ਨਾਲ ਖ਼ਤਰਨਾਕ ਰਿਕਾਰਡ ਬਣਾਉਂਦਾ ਨਜ਼ਰ ਆ ਰਿਹਾ ਹੈ।
24 ਘੰਟੇ ‘ਚ 630 ਮੌਤਾਂ
ਦੇਸ਼ ‘ਚ ਪਿਛਲੇ 24 ਘੰਟਿਆਂ ਅੰਦਰ ਕੋਰੋਨਾ ਨਾਲ 630 ਲੋਕਾਂ ਦੀ ਮੌਤ ਹੋ ਗਈ। ਕੋਰੋਨਾ ਨਾਲ ਹੁਣ ਤੱਕ ਦੇਸ਼ ‘ਚ ਕੁੱਲ ਇੱਕ ਲੱਖ 66 ਹਜ਼ਾਰ 177 ਲੋਕਾਂ ਦੀ ਜਾਨ ਜਾ ਚੁੱਕੀ ਹੈ। 24 ਘੰਟਿਆਂ ਅੰਦਰ ਕੋਰੋਨਾ ਨਾਲ 59,856 ਮਰੀਜ਼ ਠੀਕ ਵੀ ਹੋਏ ਹਨ।
4 ਹਫ਼ਤੇ ਬੇਹੱਦ ਗੰਭੀਰ: ਕੇਂਦਰ
ਕੋਰੋਨਾ ਦੇ ਵੱਧਦੇ ਕਹਿਰ ਨੂੰ ਲੈ ਕੇ ਕੇਂਦਰ ਸਰਕਾਰ ਵੀ ਸੰਜੀਦਾ ਹੈ। ਸਿਹਤ ਮੰਤਰਾਲੇ ਮੁਤਾਬਕ, ਕੋਰੋਨਾ ਦੀ ਦੂਜੀ ਲਹਿਰ ਪਹਿਲਾਂ ਨਾਲੋਂ ਵੱਧ ਤੇਜ਼ ਹੈ ਅਤੇ ਦੇਸ਼ ਲਈ ਅਗਲੇ 4 ਹਫ਼ਤੇ ਬੇਹੱਦ ਗੰਭੀਰ ਹਨ। ਸਰਕਾਰ ਨੇ ਕਿਹਾ ਕਿ ਲੋਕਾਂ ਦੀ ਹਿੱਸੇਦਾਰੀ ਦੇ ਨਾਲ ਹੀ ਕੋਰੋਨਾ ਨੂੰ ਹਰਾਇਆ ਜਾ ਸਕਦਾ ਹੈ।
ਕੱਲ੍ਹ PM ਕਰਨਗੇ ਮੰਥਨ
ਕੋਰੋਨਾ ਸੰਕਟ ‘ਤੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ‘ਚ ਵੱਡੀ ਬੈਠਕ ਹੋਵੇਗੀ। ਪੀਐੱਮ ਸਾਰੇ ਮੁੱਖ ਮੰਤਰੀਆਂ ਦੇ ਨਾਲ ਚਰਚਾ ਕਰਕੇ ਹਾਲਾਤ ਦੀ ਸਮੀਖਿਆ ਕਰਨਗੇ। ਬੈਠਕ ‘ਚ ਕੋਰੋਨਾ ਪ੍ਰਭਾਵਿਤ ਸੂਬਿਆਂ ‘ਤੇ ਵੱਧ ਫੋਕਸ ਹੋਵੇਗਾ ਅਤੇ ਵਾਇਰਸ ਦੀ ਰੋਕਥਾਮ ‘ਤੇ ਰਣਨੀਤੀ ਤਿਆਰ ਕੀਤੀ ਜਾਵੇਗੀ। ਇਸਦੇ ਨਾਲ ਹੀ ਵੈਕਸੀਨੇਸ਼ਨ ਪ੍ਰਕਿਰਿਆ ‘ਚ ਤੇਜ਼ੀ ਲਿਆਉਣ ‘ਤੇ ਵੀ ਵਿਚਾਰ ਹੋਵੇਗਾ।