ਅੰਮ੍ਰਿਤਸਰ। ਪਾਕਿਸਤਾਨ ਆਪਣੀਆਂ ਨਾ’ਪਾਕ’ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਖਾਸਕਰ ਉਦੋਂ, ਜਦੋਂ ਦੇਸ਼ ਆਪਣੇ 75ਵੇਂ ਸੁਤੰਤਰਤਾ ਦਿਹਾੜੇ ਦਾ ਜਸ਼ਨ ਮਨਾਉਣ ਦੀ ਤਿਆਰੀ ਕਰ ਰਿਹਾ ਹੈ। 15 ਅਗਸਤ ਤੋਂ ਪਹਿਲਾਂ ਪੰਜਾਬ ਨੂੰ ਦਹਿਲਾਉਣ ਦੀ ਪਾਕਿਸਤਾਨ ਦੀ ਵੱਡੀ ਸਾਜਿਸ਼ ਦਾ ਪਰਦਾਫਾਸ਼ ਹੋਇਆ ਹੈ। ਅੰਮ੍ਰਿਤਸਰ ‘ਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਪਿੰਡ ਬੇਰੜਵਾਲ ਵਿਖੇ ਪਾਕਿਸਤਾਨ ਵੱਲੋਂ ਡਰੋਨ ਜ਼ਰੀਏ ਧਮਾਕਾਖੇਜ਼ ਸਮੱਗਰੀ ਸੁੱਟੀ ਗਈ।
ਪੁਲਿਸ ਨੂੰ ਤਲਾਸ਼ੀ ਦੌਰਾਨ ਮਿਲਿਆ ‘ਟਿਫਿਨ ਬੰਬ’
ਪੰਜਾਬ ਪੁਲਿਸ ਨੂੰ ਪਾਕਿਸਤਾਨ ਵੱਲੋਂ ਸ਼ੱਕੀ ਚੀਜ਼ ਸੁੱਟੇ ਜਾਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਜਦੋਂ ਜਾਂਚ ਸ਼ੁਰੂ ਹੋਈ, ਤਾਂ ਪਤਾ ਲੱਗਿਆ ਕਿ ਸ਼ੱਕੀ ਚੀਜ਼ IED ਟਿਫਿਨ ਬੰਬ ਹੈ। ਇੰਨਾ ਹੀ ਨਹੀਂ, ਟਿਫਿਨ ‘ਚ 5 ਹੈਂਡ ਗ੍ਰਨੇਡ ਵੀ ਮਿਲੇ ਹਨ। ਟਿਫਿਨ ‘ਚ ਸਪ੍ਰਿੰਗ ਅਤੇ ਡੇਟੋਨੇਟਰ ਸਣੇ ਕਈ ਤਰ੍ਹਾਂ ਦੀ ਸਮੱਗਰੀ ਸੀ।
7 ਅਤੇ 8 ਅਗਸਤ ਨੂੰ ਵੇਖੇ ਗਏ ਡਰੋਨ
ਪੰਜਾਬ ਦੇ DGP ਦਿਨਕਰ ਗੁਪਤਾ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਟਿਫਿਨ ਤੋਂ 5 ਹੈਂਡ ਗ੍ਰਨੇਡ ਬਰਾਮਦ ਹੋਏ ਹਨ। ਇਲਾਕੇ ਦੇ ਸਥਾਨਕ ਲੋਕਾਂ ਨੂੰ ਅਸਮਾਨ ਤੋਂ ਕੁਝ ਡਿੱਗਣ ਦੀ ਅਵਾਜ਼ ਸੁਣਾਈ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਸਰਚ ਅਪਰੇਸ਼ਨ ਚਲਾਇਆ ਤਾਂ ਟਿਫਿਨ ਬੰਬ ਬਰਾਮਦ ਹੋਇਆ। DGP ਨੇ ਕਿਹਾ ਕਿ ਸਰਹੱਦ ਪਾਰ ਤੋਂ ਇਹ ਟਿਫਿਨ ਡਰੋਨ ਜ਼ਰੀਏ ਸੁੱਟਿਆ ਗਿਆ ਸੀ। ਟਿਫਿਨ ਸੁੱਟਣ ਤੋਂ ਬਾਅਦ ਡਰੋਨ ਵਾਪਸ ਚਲਿਆ ਗਿਆ। ਭਾਰਤ-ਪਾਕਿ ਸਰਹੱਦ ‘ਤੇ 7 ਅਤੇ 8 ਅਗਸਤ ਨੂੰ 2 ਡਰੋਨ ਵੇਖੇ ਗਏ ਸਨ।
ਕੌਮੀ ਖੂਫੀਆ ਏਜੰਸੀਆਂ ਨੂੰ ਦਿੱਤੀ ਜਾਣਕਾਰੀ
ਇਸ ਘਟਨਾ ਦੀ ਜਾਣਕਾਰੀ ਖੂਫੀਆ ਏਜੰਸੀਆਂ ਨੂੰ ਭੇਜ ਦਿੱਤੀ ਗਈ ਹੈ। ਇਸਦੇ ਨਾਲ ਹੀ ਨੇੜਲੇ ਇਲਾਕਿਆਂ ‘ਚ ਸਰਚ ਅਪਰੇਸ਼ਨ ਵੀ ਚਲਾਇਆ ਜਾ ਰਿਹਾ ਹੈ। DGP ਮੁਤਾਬਕ, ਪੁਲਿਸ ਇਸ ਨੂੰ ਲੈ ਕੇ ਕਾਫੀ ਸਤਰਕ ਹੈ ਅਤੇ ਜੋ ਵੀ ਜਾਣਕਾਰੀ ਮਿਲੇਗੀ, ਉਹ ਸਬੰਧਤ ਏਜੰਸੀਆਂ ਨਾਲ ਸਾਂਝੀ ਕੀਤੀ ਜਾਵੇਗੀ।
ਸੁਤੰਤਰਤਾ ਦਿਵਸ ਤੋਂ ਠੀਕ ਪਹਿਲਾਂ ਪਾਕਿਸਤਾਨ, ਪੰਜਾਬ ਅਤੇ ਜੰਮੂ-ਕਸ਼ਮੀਰ ਦੀ ਸਰਹੱਦ ‘ਤੇ ਆਪਣੀ ਸਰਗਰਮੀ ਵਧਾ ਚੁੱਕਿਆ ਹੈ। ਉਹ ਲਗਾਤਾਰ ਭਾਰਤ ਦੀ ਸਰਜ਼ਮੀਂ ‘ਤੇ ਡਰੋਨ ਭੇਜ ਰਿਹਾ ਹੈ। ਇਸ ਤੋਂ ਪਹਿਲਾਂ ਵੀ ਪਾਕਿਸਤਾਨ, ਅੰਮ੍ਰਿਤਸਰ ‘ਚ ਡਰੋਨ ਤੋਂ ਹਥਿਆਰ ਸੁੱਟ ਚੁੱਕਿਆ ਹੈ।