ਬਿਓਰੋ। ਕੋਰੋਨਾ ਦਾ ਟੀਕਾ ਲਗਵਾਉਣ ਤੋਂ ਬਾਅਦ ਵੈਕਸੀਨੇਸ਼ਨ ਸਰਟੀਫਿਕੇਟ ਹਾਸਲ ਕਰਨ ਲਈ ਹੁਣ ਤੁਹਾਨੂੰ ਜਿਆਦਾ ਇੰਤਜਾਰ ਨਹੀਂ ਕਰਨਾ ਪਵੇਗਾ। ਸਰਕਾਰ ਨੇ ਵੈਕਸੀਨ ਸਰਟੀਫਿਕੇਟ ਹਾਸਲ ਕਰਨ ਦੀ ਪ੍ਰਕਿਰਿਆ ਨੂੰ ਅਸਾਨ ਬਣਾਉਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਹੁਣ ਕੋਰੋਨਾ ਵੈਕਸੀਨੇਸ਼ਨ ਦਾ ਸਰਟੀਫਿਕੇਟ ਵਟਸਐਪ ਜ਼ਰੀਏ ਕੁਝ ਹੀ ਸਕਿੰਟਾਂ ‘ਚ ਹਾਸਲ ਕੀਤਾ ਜਾ ਸਕੇਗਾ। ਸਰਕਾਰ ਦੇ ਇਸ ਫੈਸਲੇ ਨਾਲ ਉਹਨਾਂ ਲੋਕਾਂ ਨੂੰ ਸੁਵਿਧਾ ਮਿਲੇਗੀ, ਜਿਹਨਾਂ ਨੂੰ ਕੋਵਿਨ ਪੋਰਟਲ ਜਾਂ ਐਪ ਤੋਂ ਵੈਕਸੀਨ ਸਰਟੀਫਿਕੇਟ ਹਾਸਲ ਕਰਨ ‘ਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਿਹਤ ਮੰਤਰੀ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਜਾਣਕਾਰੀ
ਸਿਹਤ ਮੰਤਰਾਲੇ ਨੇ ਦੱਸਿਆ ਕਿ ਜੋ ਸ਼ਖਸ ਵੈਕਸੀਨੇਸ਼ਨ ਸਰਟੀਫਿਕੇਟ ਹਾਸਲ ਕਰਨਾ ਚਾਹੁੰਦਾ ਹੈ, ਉਸ ਨੂੰ ਆਪਣੇ ਮੋਬਾਈਲ ਤੋਂ ਇੱਕ ਵਟਸਐਪ ਨੰਬਰ ‘ਤੇ ਮੈਸੇਜ ਭੇਜਣਾ ਪਵੇਗਾ। ਇਸ ਤੋਂ ਬਾਅਦ ਕੁਝ ਸਕਿੰਟਾਂ ਬਾਅਦ ਹੀ ਵੈਕਸੀਨੇਸ਼ਨ ਸਰਟੀਫਿਕੇਟ ਉਸ ਨੂੰ ਫੋਨ ‘ਤੇ ਭੇਜ ਦਿੱਤਾ ਜਾਵੇਗਾ।
ਇਸ ਤਰ੍ਹਾਂ ਮਿਲੇਗਾ ਵੈਕਸੀਨੇਸ਼ਨ ਦਾ ਸਰਟੀਫਿਕੇਟ
ਸਰਟੀਫਿਕੇਟ ਹਾਸਲ ਕਰਨ ਲਈ +91 9013151515 ਨੰਬਰ ਨੂੰ ਮੋਬਾਈਲ ‘ਚ ਸੇਵ ਕਰਨਾ ਪਵੇਗਾ। ਇਸ ਤੋਂ ਬਾਅਦ ਕੋਵਿਡ ਸਰਟੀਫਿਕੇਟ ਲਿਖ ਕੇ ਇਸ ਨੂੰ ਮੈਸੇਜ ‘ਤੇ ਭੇਜਣਾ ਪਵੇਗਾ। ਜਿਸ ਨੰਬਰ ਨੂੰ ਵੈਕਸੀਨੇਸ਼ਨ ਲਈ ਰਜਿਸਟ੍ਰੇਸ਼ਨ ਕਰਵਾਇਆ ਹੋਵੇਗਾ, ਉਸ ਨੰਬਰ ‘ਤ OTP ਆਵੇਗਾ। ਉਸ ਨੂੰ ਵਾਪਸ ਵਟਸਐਪ ਦੇ ਮੈਸੇਜ ਬਾਕਸ ‘ਚ ਲਿਖ ਕੇ ਭੇਜਣਾ ਹੈ। ਇਸ ਤੋਂ ਬਾਅਦ ਕੁਝ ਸਕਿੰਟਾਂ ‘ਚ ਕੋਵਿਡ ਸਰਟੀਫਿਕੇਟ ਆ ਜਾਵੇਗਾ।
ਕਾਂਗਰਸੀ ਸਾਂਸਦ ਨੇ ਵੀ ਤਾਰੀਫ਼ ਕੀਤੀ
ਕਾਂਗਰਸੀ ਸਾਂਸਦ ਸ਼ਸ਼ੀ ਥਰੂਰ ਨੇ ਸਰਕਾਰ ਦੇ ਇਸ ਕਦਮ ਦੀ ਤਾਰੀਫ਼ ਕੀਤੀ ਹੈ। ਉਹਨਾਂ ਕਿਹਾ ਕਿ ਕੋਵਿਨ ਐਪ ਦੇ ਅਲੋਚਕ ਹੁੰਦੇ ਹੋਏ ਵੀ ਮੈਂ ਕਹਾਂਗਾ ਕਿ ਸਰਕਾਰ ਨੇ ਇੱਕ ਸ਼ਾਨਦਾਰ ਕਦਮ ਚੁੱਕਿਆ ਹੈ।
ਪਹਿਲਾਂ CoWin ਅਤੇ Umang ਐਪ ‘ਤੇ ਮਿਲਦਾ ਸੀ ਸਰਟੀਫਿਕੇਟ
ਇਸ ਤੋਂ ਪਹਿਲਾਂ ਵੈਕਸੀਨੇਸ਼ਨ ਸਰਟੀਫਿਕੇਟ ਡਾਊਨਲੋਡ ਕਰਨ ਲਈ ਕੋਵਿਨ ਐਪ ਜਾਂ ਪੋਰਟਲ, ਆਰੋਗਿਆ ਸੇਤੂ ਅਤੇ ਉਮੰਗ ਐਪ ਦੀ ਮਦਦ ਲੈਣੀ ਪੈਂਦੀ ਸੀ। ਇਸ ਪ੍ਰਕਿਰਿਆ ਨਾਲ ਹੁਣ ਵੀ ਸਰਟੀਫਿਕੇਟ ਹਾਸਲ ਕੀਤਾ ਜਾ ਸਕਦਾ ਹੈ। ਵੈਕਸੀਨ ਦੀ ਇੱਕ ਡੋਜ਼ ਲੈਣ ਤੋਂ ਬਾਅਦ ਪ੍ਰੋਵਿਜ਼ਨਲ ਅਤੇ ਦੋਵੇਂ ਡੋਜ਼ ਤੋਂ ਬਾਅਦ ਫਾਈਨਲ ਸਰਟੀਫਿਕੇਟ ਦਿੱਤਾ ਜਾਂਦਾ ਹੈ।