ਬਿਓਰੋ। ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀ ਮੰਨੇ ਜਾਣ ਵਾਲੇ ਪ੍ਰਤਾਪ ਬਾਜਵਾ ਇੱਕ ਵਾਰ ਫਿਰ ਪੰਜਾਬ ਦੀ ਸਿਆਸਤ ‘ਚ ਸਰਗਰਮ ਹੋਣ ਦੀ ਿਤਆਰੀ ‘ਚ ਹਨ। ਇੱਕ ਨਿੱਜੀ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਸਾਫ਼ ਕਿਹਾ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਲੜਨਗੇ। ਬਾਜਵਾ ਮੁਤਾਬਕ, ਉਹ ਕਾਂਗਰਸ ਹਾਈਕਮਾਨ ਨੂੰ ਵੀ ਇਸ ਬਾਰੇ ਜਾਣਕਾਰੀ ਦੇ ਚੁੱਕੇ ਹਨ। ਹਾਲਾਂਕਿ ਬਾਜਵਾ ਕਿਸ ਸੀਟ ਤੋਂ ਚੋਣ ਦੰਗਲ ‘ਚ ਤਾਲ ਠੋਕਣਗੇ, ਇਹ ਫਿਲਹਾਲ ਉਹਨਾਂ ਵੱਲੋਂ ਨਹੀਂ ਦੱਸਿਆ ਗਿਆ ਹੈ। ਦੱਸ ਦਈਏ ਕਿ ਕਾਦੀਆਂ ਪ੍ਰਤਾਪ ਬਾਜਵਾ ਦਾ ਜੱਦੀ ਹਲਕਾ ਹੈ, ਜਿਥੋਂ ਫਿਲਹਾਲ ਉਹਨਾਂ ਦੇ ਭਰਾ ਫਤਿਹ ਜੰਗ ਬਾਜਵਾ ਵਿਧਾਇਕ ਹਨ।
ਚੋਣਾਂ ਤੋਂ ਪਹਿਲਾਂ ਕਾਰਵਾਈ ਦੀ ਮੰਗ
ਪ੍ਰਤਾਪ ਬਾਜਵਾ ਵੀ ਕਾਂਗਰਸ ਦੇ ਉਹਨਾਂ ਆਗੂਆਂ ‘ਚ ਸ਼ੁਮਾਰ ਹਨ, ਜੋ ਬੇਅਦਬੀ ਕੇਸ ‘ਚ ਕਾਰਵਾਈ ਨਾ ਹੋਣ ‘ਤੇ ਪਾਰਟੀ ਦੇ ਨੁਕਸਾਨ ਦੀ ਗੱਲ ਕਹਿ ਰਹੇ ਹਨ। ਬਾਜਵਾ ਨੇ ਸਾਫ ਕਿਹਾ ਕਿ ਜੇਕਰ ਸਰਕਾਰ ਨੇ ਦੋਸ਼ੀਆਂ ‘ਤੇ ਕਾਰਵਾਈ ਨਾ ਕੀਤੀ, ਤਾਂ ਕਾਂਗਰਸੀ ਵਿਧਾਇਕਾਂ ਲਈ ਜਨਤਾ ਕੋਲ ਜਾਣਾ ਮੁਸ਼ਕਿਲ ਹੋਵੇਗਾ। ਬਾਜਵਾ ਨੇ ਸੀਐੱਮ ਕੈਪਟਨ ਤੋਂ ਇੱਕ ਮਹੀਨੇ ਅੰਦਰ ਠੋਸ ਕਾਰਵਾਈ ਦੀ ਮੰਗ ਕੀਤੀ ਹੈ।
ਬਾਜਵਾ ਕਿਸਦੇ ਲਈ ਚੁਣੌਤੀ ?
ਪ੍ਰਤਾਪ ਬਾਜਵਾ ਦੇ ਰਿਸ਼ਤੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨਾਲ ਚੰਗੇ ਨਹੀਂ ਹਨ। ਬਾਜਵਾ ਕਈ ਵਾਰ ਕੈਪਟਨ ਸਰਕਾਰ ਦੀ ਤਿੱਖੀ ਅਲੋਚਨਾ ਕਰ ਚੁੱਕੇ ਹਨ। ਮੰਨਿਆ ਜਾਂਦਾ ਹੈ ਕਿ ਬਾਜਵਾ ਦੀ ਨਜ਼ਰ ਸੀਐੱਮ ਦੇ ਅਹੁਦੇ ‘ਤੇ ਹੈ। ਸ਼ਾਇਦ ਇਹੀ ਕਾਰਨ ਹੈ ਕਿ ਉਹ ਰਾਜ ਸਭਾ ਦੀ ਮੈਂਬਰਸ਼ਿਪ ਛੱਡ ਕੇ ਵਿਧਾਨ ਸਭਾ ‘ਚ ਐਂਟਰੀ ਕਰਨਾ ਚਾਹੁੰਦੇ ਹਨ।
ਪ੍ਰਤਾਪ ਬਾਜਵਾ ਦਾ ਸਿਆਸੀ ਸਫ਼ਰ
ਪ੍ਰਤਾਪ ਬਾਜਵਾ 1992 ‘ਚ ਪਹਿਲੀ ਵਾਰ ਵਿਧਾਇਕ ਚੁਣੇ ਗਏ। 2002 ਅਤੇ 2007 ‘ਚ ਵੀ ਉਹ ਵਿਧਾਨ ਸਭਾ ਪਹੁੰਚਣ ‘ਚ ਕਾਮਯਾਬ ਰਹੇ। 2002 ਤੋਂ 2007 ਦਰਮਿਆਨ ਉਹ ਕੈਪਟਨ ਸਰਕਾਰ ‘ਚ ਮੰਤਰੀ ਵੀ ਰਹੇ। ਹਾਲਾਂਕਿ 2009 ‘ਚ ਉਹ ਵਿਧਾਇਕੀ ਛੱਡ ਕੇ ਸਾਂਸਦ ਬਣ ਗਏ। ਅਦਾਕਾਰ ਅਤੇ ਬੀਜੇਪੀ ਉਮੀਦਵਾਰ ਵਿਨੋਦ ਖੰਨਾ ਨੂੰ ਹਰਾ ਕੇ ਉਹਨਾਂ ਨੇ ਲੋਕ ਸਭਾ ‘ਚ ਐਂਟਰੀ ਲਈ। ਇਸੇ ਵਿਚਾਲੇ 2013 ‘ਚ ਬਾਜਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਾਏ ਗਏ, ਪਰ 2017 ਦੀਆਂ ਚੋਣਾਂ ਤੋਂ ਠੀਕ ਪਹਿਲਾਂ ਕੈਪਟਨ ਦੇ ਵਿਰੋਧ ਦੇ ਚਲਦੇ ਬਾਜਵਾ ਤੋਂ ਪ੍ਰਧਾਨਗੀ ਵਾਪਸ ਲੈ ਲਈ ਗਈ।