Home Corona ਕੈਪਟਨ ਨੇ ਕੇਂਦਰ ਸਰਕਾਰ 'ਤੇ ਲਗਾਇਆ ਮਤਰੇਈ ਮਾਂ ਵਾਲਾ ਸਲੂਕ, ਜਾਣੋ ਵਜ੍ਹਾ

ਕੈਪਟਨ ਨੇ ਕੇਂਦਰ ਸਰਕਾਰ ‘ਤੇ ਲਗਾਇਆ ਮਤਰੇਈ ਮਾਂ ਵਾਲਾ ਸਲੂਕ, ਜਾਣੋ ਵਜ੍ਹਾ

ਚੰਡੀਗੜ੍ਹ। ਪੰਜਾਬ ‘ਚ ਕੋਰੋਨਾ ਦੇ ਤਾਜ਼ਾ ਹਾਲਾਤ ਵਿਚਾਲੇ ਆਕਸੀਜ਼ਨ ਦੇ ਸੰਕਟ ਸਣੇ ਹੋਰ ਸਮੱਸਿਆਵਾਂ ਨੂੰ ਲੈ ਕੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਮੁੱਖ ਮੰਤਰੀ ਨੇ ਪੰਜਾਬ ਨੂੰ ਮਿਲੀ ਮਦਦ ਦੀ ਤੁਲਨਾ ਬਾਕੀ ਸੂਬਿਆਂ ਨਾਲ ਕਰਦਿਆਂ ਕੇਂਦਰ ਸਰਕਾਰ ‘ਤੇ ਪੰਜਾਬ ਨਾਲ ਮਤਰੇਈ ਮਾਂ ਵਰਗਾ ਸਲੂਕ ਕਰਨ ਦੀ ਗੱਲ ਕਹੀ ਹੈ। ਇਸਦੇ ਨਾਲ ਹੀ PGI ਵਰਗੀਆਂ ਕੇਂਦਰੀ ਸੰਸਥਾਵਾਂ ‘ਤੇ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਨਾ ਕਰਨ ਦਾ ਵੀ ਇਲਜ਼ਾਮ ਲਗਾਇਆ ਹੈ। ਸੀਐੱਮ ਕੈਪਟਨ ਸੂਬੇ ਦੇ ਕਾਂਗਰਸੀ ਸੰਸਦ ਮੈਂਬਰਾਂ ਨਾਲ ਵਰਚੁਅਲ ਮੀਟਿੰਗ ਨੂੰ ਸੰਬੋਧਿਤ ਕਰ ਰਹੇ ਸਨ।

ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ- ਕੈਪਟਨ

ਮੁੱਖ ਮੰਤਰੀ ਨੇ ਇਲਜ਼ਾਮ ਲਾਇਆ ਕਿ ਕੋਵਿਡ ਖਿਲਾਫ ਜੰਗ ਵਿੱਚ ਜ਼ਰੂਰੀ ਲੋੜੀਂਦੀ ਸਪਲਾਈ ਦੇ ਮਾਮਲੇ ਵਿੱਚ ਪੰਜਾਬ ਨਾਲ ਕੇਂਦਰ ਵੱਲੋਂ ਮਤਰੇਈ ਮਾਂ ਵਾਲਾ ਵਿਵਹਾਰ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਕਿ ਬੀਜੇਪੀ ਸਾਸ਼ਿਤ ਗੁਆਂਢੀ ਸੂਬੇ ਹਰਿਆਣਾ ਨੂੰ ਪੰਜਾਬ ਨਾਲੋਂ ਵੱਧ ਆਕਸੀਜਨ ਕੋਟਾ ਅਤੇ ਹੋਰ ਟੈਂਕਰ ਮਿਲ ਰਹੇ ਹਨ।

ਕੈਪਟਨ ਨੇ ਕਿਹਾ ਕਿ ਪੰਜਾਬ ਪ੍ਰਤੀ ਕੇਂਦਰ ਦੀ ਉਦਾਸੀਨਤਾ ਇਸ ਤੱਥ ਤੋਂ ਵੀ ਝਲਕਦੀ ਹੈ ਕਿ ਹੋਰ ਸੂਬਿਆਂ ਨੂੰ ਟੋਸੀਲੀਜੁਮਬ ਦੀਆਂ ਵਧੇਰੇ ਸ਼ੀਸ਼ੀਆਂ ਦਿੱਤੀਆਂ ਗਈਆਂ ਸਨ, ਜਿਨ੍ਹਾਂ ਦੀ ਦਰਾਮਦ ਅਤੇ ਵੰਡ ਭਾਰਤ ਸਰਕਾਰ ਦੁਆਰਾ ਕੰਟਰੋਲ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸੂਬੇ ਨੇ 650 ਸ਼ੀਸ਼ੀਆਂ ਦੀ ਮੰਗ ਕੀਤੀ ਸੀ, ਪਰ ਸ਼ੁਰੂਆਤੀ ਪੜਾਅ ਵਿਚ ਸਿਰਫ 200 ਹੀ ਦਿੱਤੀਆਂ ਗਈਆਂ ਜਿਨ੍ਹਾਂ ਦੀ ਵੰਡ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਕੀਤੀ ਗਈ। ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਰੈਮਡੀਸਿਵਰ ਦੀ ਸਪਲਾਈ ਬਹੁਤ ਘੱਟ ਹੈ, ਕਿਉਂਕਿ ਸੂਬੇ ਨੂੰ ਅਲਾਟ ਕੀਤੀਆਂ 50000 ਸ਼ੀਸ਼ੀਆਂ ਦੀ ਸਪਲਾਈ ਬਹੁਤ ਹੌਲੀ ਹੈ।

‘ਵਾਰ-ਵਾਰ ਪੱਤਰ ਲਿਖਣ ਦੇ ਬਾਵਜੂਦ ਸੁਣਵਾਈ ਨਹੀਂ’

ਕੈਪਟਨ ਅਮਰਿੰਦਰ ਸਿੰਘ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਸੂਬੇ ਵੱਲੋਂ ਵਾਰ-ਵਾਰ ਬੇਨਤੀਆਂ ਕਰਨ ਅਤੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਸੂਬੇ ਦਾ ਆਕਸੀਜ਼ਨ ਕੋਟਾ ਵਧਾਉਣ ਲਈ ਨਿੱਜੀ ਤੌਰ ‘ਤੇ ਪੱਤਰ ਲਿਖਣ ਦੇ ਬਾਵਜੂਦ ਸੂਬਾ ਹਾਲੇ ਵੀ ਲੋੜੀਂਦੀ ਆਕਸੀਜਨ ਦੀ ਘਾਟ ਨਾਲ ਜੂਝ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੂਬੇ ਨੂੰ ਆਪਣੀਆਂ ਮੌਜੂਦਾ ਲੋੜਾਂ ਪੂਰੀਆਂ ਕਰਨ ਲਈ 195 ਮੀਟਰਿਕ ਟਨ ਦਾ ਕੋਟਾ ਨਾਕਾਫੀ ਹੈ ਅਤੇ ਟੈਂਕਰਾਂ ਦੀ ਘਾਟ ਕਾਰਨ ਇਸ ਕੋਟੇ ਵਾਲੀ ਆਕਸੀਜਨ ਦੀ ਵੀ ਪੂਰੀ ਤਰ੍ਹਾਂ ਲਿਫਟਿੰਗ ਨਹੀਂ ਕੀਤੀ ਜਾ ਸਕੀ। ਉਨ੍ਹਾਂ ਕਿਹਾ ਕਿ ਸੂਬੇ ਦਾ ਇਸ ਸਮੇਂ ਨੇੜਲੇ ਸਰੋਤਾਂ (ਦੇਹਰਾਦੂਨ, ਪਾਣੀਪਤ, ਰੁੜਕੀ) ਵੱਲ 120 ਮੀਟਰਿਕ ਟਨ ਦਾ ਬੈਕਲਾਗ ਪਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਥਿਤੀ ਬਹੁਤ ਗੰਭੀਰ ਹੈ ਅਤੇ ਪੰਜਾਬ ਇਸ ਸਮੇਂ 12 ਘੰਟਿਆਂ ਦੇ ਆਕਸੀਜਨ ਸਪਲਾਈ ਚੱਕਰ ਦਾ ਪ੍ਰਬੰਧ ਕਰ ਰਿਹਾ ਹੈ।

ਕੇਂਦਰੀ ਸੰਸਥਾਵਾਂ ‘ਤੇ ਸਹਿਯੋਗ ਨਾ ਦੇਣ ਦਾ ਇਲਜ਼ਾਮ

ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਵਾਰ-ਵਾਰ ਬੇਨਤੀਆਂ ਦੇ ਬਾਵਜੂਦ, ਕੇਂਦਰੀ ਸੰਸਥਾਵਾਂ ਜਿਵੇਂ IISER ਮੁਹਾਲੀ ਨੇ ਕਦੇ ਵੀ ਕੋਵਿਡ ਟੈਸਟਿੰਗ ਵਿੱਚ ਸਮਰਥਨ ਨਹੀਂ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ AIIMS ਬਠਿੰਡਾ, ਜਿਸਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨੇ 5 ਸਾਲ ਪਹਿਲਾਂ ਰੱਖਿਆ ਸੀ, ਵੀ ਗੰਭੀਰ ਕੋਵਿਡ ਕੇਅਰ ਮੁਹੱਈਆ ਨਹੀਂ ਕਰਵਾ ਸਕਿਆ। PGI, ਜੋ ਕਿ ਇਸ ਖੇਤਰ ਦੇ ਮੁੱਖ ਰੈਫਰਲ ਹਸਪਤਾਲ ਵਜੋਂ ਸਥਾਪਿਤ ਕੀਤਾ ਗਿਆ ਸੀ, ਪੰਜਾਬ ਤੋਂ ਰੈਫਰ ਕੀਤੇ ਜ਼ਿਆਦਾਤਰ ਮਰੀਜਾਂ ਨੂੰ ਦਾਖਲ ਕਰਨ ਤੋਂ ਇਨਕਾਰ ਕਰ ਰਿਹਾ ਹੈ (ਭਾਵੇਂ ਖੁਦ ਚੱਲ ਕੇ ਆਉਣ ਵਾਲੇ ਮਰੀਜ਼ ਦਾਖਲ ਕੀਤੇ ਜਾ ਰਹੇ ਹਨ) ਅਤੇ ਇਹ ਪੰਜਾਬ ਦੇ ਕਾਲਜਾਂ ਨਾਲੋਂ ਵੀ ਘੱਟ ਟੈਸਟ ਕਰਵਾ ਰਿਹਾ ਹੈ।

ਦੋਵੇਂ ਸਦਨਾਂ ਦੇ ਕਾਂਗਰਸੀ ਸੰਸਦ ਮੈਂਬਰਾਂ ਨਾਲ ਮੀਟਿੰਗ ਦੌਰਾਨ ਵੱਖ-ਵੱਖ ਮੁੱਦਿਆਂ ‘ਤੇ ਸਰਕਾਰ ਦੀ ਮੁਖਾਲਫਤ ਕਰਨ ਵਾਲੇ ਸਾਂਸਦ ਪ੍ਰਤਾਪ ਬਾਜਵਾ ਅਤੇ ਸ਼ਮਸ਼ੇਰ ਦੂਲੋਂ ਵੀ ਸ਼ਾਮਲ ਹੋਏ। ਮੀਟਿੰਗ ਦੌਰਾਨ ਸੀਐੱਮ ਨੇ ਕਾਂਗਰਸੀ ਸੰਸਦ ਮੈਂਬਰਾਂ ਨੂੰ ਆਕਸੀਜਨ, ਟੈਂਕਰਾਂ, ਵੈਕਸੀਨ ਤੇ ਜ਼ਰੂਰੀ ਦਵਾਈਆਂ ਦੀ ਲੋੜੀਂਦੀ ਸਪਲਾਈ ਲਈ ਕੇਂਦਰ ‘ਤੇ ਦਬਾਅ ਬਣਾਉਣ ਲਈ ਕਿਹਾ, ਤਾਂ ਜੋ ਮਹਾਂਮਾਰੀ ਦੀ ਦੂਜੀ ਲਹਿਰ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਸੂਬਾ ਸਰਕਾਰ ਦੀ ਮਦਦ ਹੋ ਸਕੇ।

ਸੰਸਦ ਮੈਂਬਰਾਂ ਵੱਲੋਂ ਮਦਦ ਦਾ ਵਾਅਦਾ

ਮੁੱਖ ਮੰਤਰੀ ਨਾਲ ਮੀਟਿੰਗ ਦੌਰਾਨ ਦੋਵੇਂ ਸਦਨਾਂ ਦੇ ਸੰਸਦ ਮੈਂਬਰਾਂ ਨੇ ਵਾਅਦਾ ਕੀਤਾ ਕਿ ਉਨ੍ਹਾਂ ਦੇ ਐਮ.ਪੀ.ਲੈਡ ਫੰਡ ਦੀ ਵਰਤੋਂ ਸਰਕਾਰੀ ਹਸਪਤਾਲਾਂ ਵਿੱਚ ਆਕਸੀਜਨ ਉਤਪਾਦਨ ਪਲਾਂਟ ਸਥਾਪਤ ਕਰਨ ਲਈ ਕੀਤੀ ਜਾਵੇ, ਤਾਂ ਜੋ ਪੰਜਾਬ ਵਿੱਚ ਇਲਾਜ ਲਈ ਗੁਆਂਢੀ ਸੂਬਿਆਂ ਤੋਂ ਮਰੀਜ਼ਾਂ ਦੇ ਇਲਾਜ ਲਈ ਆਉਣ ਕਾਰਨ ਸੂਬੇ ਵਿੱਚ ਮਰੀਜ਼ਾਂ ਦੇ ਵੱਧ ਭਾਰ ਪੈਣ ਦੀ ਸਥਿਤੀ ਨਾਲ ਨਜਿੱਠਣ ਲਈ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਪੂਰਤੀ ਕੀਤੀ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਆਕਸੀਜਨ, ਟੈਂਕਰਾਂ, ਵੈਕਸੀਨ ਤੇ ਦਵਾਈਆਂ ਦੀ ਘਾਟ ਤੋਂ ਇਲਾਵਾ ਸੂਬਾ ਵੈਂਟੀਲੇਟਰ ਫਰੰਟ ‘ਤੇ ਵੀ ਜੂਝ ਰਿਹਾ ਹੈ, ਕਿਉਂਕਿ ਭਾਰਤ ਸਰਕਾਰ ਵੱਲੋਂ ਪ੍ਰਾਪਤ 809 ਵੈਂਟੀਲੇਟਰਾਂ ਵਿੱਚੋਂ 108 ਨੂੰ ਸਥਾਪਤ ਕਰਨ ਲਈ ਕੋਈ ਵੀ ਬੀ.ਈ.ਐਲ. ਇੰਜੀਨੀਅਰ ਨਹੀਂ ਹੈ।

ਵੈਕਸੀਨ ਦੀ ਸਪਲਾਈ ‘ਚ ਦੇਰੀ ਦਾ ਮੁੱਦਾ ਵੀ ਉਠਿਆ

ਟੀਕਾਕਰਨ ਦੇ ਸਬੰਧ ਵਿੱਚ ਗੱਲ ਕਰਦਿਆਂ ਸੰਸਦ ਮੈਂਬਰਾਂ ਨੇ ਭਾਰਤ ਸਰਕਾਰ ਵੱਲੋਂ ਵਾਰ-ਵਾਰ ਟੀਕਿਆਂ ਦੀ ਸਪਲਾਈ ਵਿੱਚ ਦੇਰੀ ਅਤੇ ਘੱਟ ਸਪਲਾਈ ਕਰਨ ‘ਤੇ ਚਿੰਤਾ ਪ੍ਰਗਟਾਈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਉਪਲੱਬਧਤਾ ਨੂੰ ਤੇਜ਼ ਕਰਨ ਲਈ ਕੇਂਦਰ ਸਰਕਾਰ ਅਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੋਵਾਂ ਨਾਲ ਲਗਾਤਾਰ ਰਾਬਤਾ ਬਣਾ ਰਹੀ ਹੈ।

ਮੀਟਿੰਗ ਵਿੱਚ ਸ਼ਾਮਲ ਲੋਕ ਸਭਾ ਮੈਂਬਰਾਂ ਵਿੱਚ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ, ਪਟਿਆਲਾ ਤੋਂ ਪਰਨੀਤ ਕੌਰ, ਫਤਹਿਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ, ਖਡੂਰ ਸਾਹਿਬ ਤੋਂ ਜਸਬੀਰ ਸਿੰਘ ਗਿੱਲ, ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ, ਜਲੰਧਰ ਤੋਂ ਸੰਤੋਖ ਸਿੰਘ ਚੌਧਰੀ, ਸ੍ਰੀ ਆਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਤੇ ਫਰੀਦਕੋਟ ਤੋਂ ਮੁਹੰਮਦ ਸਦੀਕ, ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸਮਸ਼ੇਰ ਸਿੰਘ ਦੂਲੋ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments