ਚੰਡੀਗੜ੍ਹ। ਬੇਅਦਬੀਆਂ ਤੇ ਗੋਲੀ ਕਾਂਡ ਦੀ ਜਾਂਚ ਰੱਦ ਕਰਨ ਦੇ ਹਾਈਕੋਰਟ ਦੇ ਫ਼ੈਸਲੇ ਤੋਂ ਬਾਅਦ ਸੂਬੇ ਦੀ ਸਿਆਸਤ ਸਿਖਰਾਂ ‘ਤੇ ਹੈ। ਇਸੇ ਤਹਿਤ ਸੋਮਵਾਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਸੀਐੱਮ ਰਿਹਾਇਸ਼ ਦੇ ਘੇਰਾਓ ਦੀ ਕੋਸ਼ਿਸ਼ ਕੀਤੀ ਗਈ। ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਇਹ ਆਗੂ ਜਦੋਂ ਸੀਐੱਮ ਰਿਹਾਇਸ਼ ਵੱਲ ਵਧਣ ਲੱਗੇ, ਤਾਂ ਪੁਲਿਸ ਨੇ ਬੈਰੀਕੇਡਿੰਗ ਲਗਾ ਕੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।

ਪੁਲਿਸ ਵੱਲੋਂ ‘ਆਪ’ ਵਿਧਾਇਕਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਿਆਂ ਦੋਵਾਂ ਵਿਚਾਲੇ ਧੱਕਾਮੁੱਕੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ। ਪਰ ‘ਆਪ’ ਆਗੂ ਪਿੱਛੇ ਹਟਣ ਨੂੰ ਤਿਆਰ ਨਹੀਂ ਸਨ।
ਜਦੋਂ ਪੁਲਿਸ ਦੇ ਵਾਰ-ਵਾਰ ਸਮਝਾਉਣ ਦੇ ਬਾਵਜੂਦ ‘ਆਪ’ ਵਿਧਾਇਕ ਪਿੱਛੇ ਹਟਣ ਨੂੰ ਤਿਆਰ ਨਾ ਹੋਏ, ਤਾਂ ਆਖਰ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ‘ਚ ਲੈ ਲਿਆ। ‘ਆਪ’ ਦਾ ਇਲਜ਼ਾਮ ਹੈ ਕਿ ਸਰਕਾਰ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਲੋਕਤੰਤਰ ਦਾ ਘਾਣ ਹੋਇਆ- ਹਰਪਾਲ ਚੀਮਾ
‘ਆਪ’ ਆਗੂਆਂ ਨੂੰ ਹਿਰਾਸਤ ‘ਚ ਲਏ ਜਾਣ ਨੂੰ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਲੋਕਤੰਤਰ ਦਾ ਘਾਣ ਦੱਸਿਆ। ਚੀਮਾ ਨੇ ਕਿਹਾ ਕਿ ਸਰਕਾਰ ਦੋਸ਼ੀਆਂ ਨੂੰ ਬਚਾ ਰਹੀ ਹੈ, ਜਦਕਿ ਜਿਹੜੇ (ਆਪ ਆਗੂ) ਸ਼ਾਂਤੀਪੂਰਣ ਪ੍ਰਦਰਸ਼ਨ ਕਰ ਰਹੇ ਹਨ, ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।
ਕੀ ਕਿਹਾ ਸੀ ਹਾਈਕੋਰਟ ਨੇ ?
ਦੱਸ ਦਈਏ ਕਿ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਨੂੰ ਰੱਦ ਕਰਨ ਦਾ ਫ਼ੈਸਲਾ ਸੁਣਾਇਆ ਗਿਆ ਹੈ। ਮਾਮਲੇ ‘ਚ ਅਰੋਪੀ ਪੁਲਿਸ ਮੁਲਾਜ਼ਮ ਗੁਰਦੀਪ ਪੰਧੇਰ ਵੱਲੋਂ ਪਾਈ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਕਿਹਾ ਕਿ SIT ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਜਾਂਚ ਸਹੀ ਨਹੀਂ ਕੀਤੀ ਗਈ, ਜਿਸਦੇ ਚਲਦੇ ਨਵੀਂ SIT ਦਾ ਗਠਨ ਕਰ ਮਾਮਲੇ ਦੀ ਦੋਬਾਰਾ ਜਾਂਚ ਕੀਤੀ ਜਾਵੇ।