ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਅੰਦਰ ਜਾਰੀ ਕਾਟੋ-ਕਲੇਸ਼ ‘ਤੇ ਬੇਸ਼ੱਕ ਹਾਈਕਮਾਨ ਨੇ ਹਾਲੇ ਤੱਕ ਚੁੱਪ ਧਾਰੀ ਹੋਈ ਹੈ, ਪਰ ਹਾਈਕਮਾਨ ਨੂੰ ਹਥਿਆਰ ਬਣਾ ਕੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਆਗੂਆਂ ਨੂੰ ਦੋ-ਟੁੱਕ ਕਹਿ ਦਿੱਤਾ ਹੈ ਕਿ ‘ਆਫਤ ‘ਚ ਮੌਕਾ’ ਤਲਾਸ਼ਣ ਵਾਲਿਆਂ ਤੋਂ ਸਾਵਧਾਨ ਰਹੋ। ਉਹਨਾਂ ਕਿਹਾ ਕਿ ਹਾਈਕਮਾਨ ‘ਤੇ ਭਰੋਸਾ ਰੱਖੋ, ਜਲਦ ਹੀ ਪੂਰੇ ਮਾਮਲੇ ਦਾ ਹੱਲ ਕੱਢਿਆ ਜਾਵੇਗਾ।
ਸੁਨੀਲ ਜਾਖੜ ਨੇ ਪ੍ਰੱੈਸ ਨੂੰ ਜਾਰੀ ਬਿਆਨ ‘ਚ ਕਿਹਾ, “ਕੋਟਕਪੂਰਾ ਕੇਸ ‘ਚ SIT ਬਾਰੇ ਆਏ ਹਾਈਕੋਰਟ ਦੇ ਫ਼ੈਸਲੇ ਤੋਂ ਬਾਅਦ ਚਿੰਤਾਵਾਂ ਜਾਇਜ਼ ਹਨ, ਪਰ ਪੰਜਾਬ ਸਰਕਾਰ ਅਤੇ ਹਾਈਕਮਾਨ ਦੋਵੇਂ ਹੀ ਇਸ ਮੁੱਦੇ ਨੂੰ ਲੈ ਕੇ ਬੇਹੱਦ ਗੰਭੀਰ ਹਨ। ਇਸ ਲਈ ਇਨਸਾਫ਼ ਜ਼ਰੂਰ ਹੋਵੇਗਾ। ਪਰ ਇਸ ਮੁੱਦੇ ਦੀ ਆੜ ‘ਚ ਬਗਾਵਤ ਦੇ ਰਾਹ ਤੁਰ ਪੈਣਾ ਅਤੇ ਮੀਟਿੰਗਾਂ ਕਰਕੇ ਉਸ ਨੂੰ ਇੱਕ ਮੁਹਿੰਮ ਦਾ ਨਾੰਅ ਦੇਣਾ ਬੇਹੱਦ ਗਲਤ ਹੈ।” ਉਹਨਾਂ ਕਿਹਾ ਕਿ ਇਹਨਾਂ ਆਗੂਆਂ ਨੂੰ ਕੋਰੋਨਾ ਦੇ ਇਸ ਮੁਸ਼ਕਿਲ ਕਾਲ ‘ਚ ਵੀ ਲੋਕਾਂ ਦੀ ਜਾਨ ਨਾਲੋਂ ਵੱਧ ਆਪਣੇ ਨਿੱਜੀ ਹਿੱਤ ਪਿਆਰੇ ਲੱਗ ਰਹੇ ਹਨ।
ਅਸਿੱਧੇ ਤੌਰ ‘ਤੇ ਪ੍ਰਤਾਪ ਬਾਜਵਾ ਨੂੰ ਘੇਰਦਿਆਂ ਸੁਨੀਲ ਜਾਖੜ ਨੇ ਕਿਹਾ, “ਆਪਣੀਆਂ ਮੀਟਿੰਗਾਂ ‘ਚ ਸ਼ਾਮਲ ਆਗੂਆਂ ਦੇ ਝੂਠੇ ਅੰਕੜੇ ਦੇ ਕੇ ਕੁਝ ਆਗੂ ਮੁਹਿੰਮ ਦੀ ਲੀਡਰਸ਼ਿਪ ਕਰਨ ਦਾ ਭਰਮ ਫੈਲਾ ਰਹੇ ਹਨ। ਪਾਰਟੀ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਇਹਨਾਂ ਆਗੂਆਂ ‘ਤੇ ਹਾਈਕਮਾਨ ਦੀ ਪੂਰੀ ਨਜ਼ਰ ਹੈ। ਇਸ ਲਈ ਅਜਿਹੇ ਆਗੂਆਂ ਦਾ ਸਾਥ ਘਾਟੇ ਦਾ ਸੌਦਾ ਹੀ ਸਾਬਿਤ ਹੋਵੇਗਾ।” ਹਾਲਾਂਕਿ ਜਾਖੜ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਸੀਨੀਅਰ ਆਗੂ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ, ਤਾਂ ਉਸਦੇ ਮਸਲੇ ਹੱਲ ਕਰਨ ਲਈ ਹਾਈਕਮਾਨ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪਾਰਟੀ ਆਗੂ ਆਪਣੇ ਕੋਵਿਡ ਰੋਕਥਾਮ ਲਈ ਸਰਕਾਰ ਵੱਲੋਂ ਦਿੱਤੇ ਪ੍ਰੋਗਰਾਮ ‘ਤੇ ਫੋਕਸ ਕਰਨ ਅਤੇ 21 ਮਈ ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ ਕੋਵਿਡ ਤੋਂ ਬਚਾਓ ਲਈ ਸੇਵਾ ਕਾਰਜ ਕਰਦੇ ਹੋਏ ਮਨਾਈ ਜਾਵੇ।