Home Entertainment ਡੋਨੇਸ਼ਨ 'ਤੇ ਵਿਵਾਦ ਵਿਚਾਲੇ ਬਿਗ ਬੀ ਦੀ 10 ਸਾਲ ਪੁਰਾਣੀ ਚਿੱਠੀ ਵਾਇਰਲ,...

ਡੋਨੇਸ਼ਨ ‘ਤੇ ਵਿਵਾਦ ਵਿਚਾਲੇ ਬਿਗ ਬੀ ਦੀ 10 ਸਾਲ ਪੁਰਾਣੀ ਚਿੱਠੀ ਵਾਇਰਲ, ਪੜ੍ਹੋ ਕਿਸ ਨੂੰ ਅਤੇ ਕਿਉਂ ਲਿਖੀ ਸੀ ਚਿੱਠੀ ?

ਬਿਓਰੋ। ਕੋਰੋਨਾ ਮਰੀਜ਼ਾਂ ਦੀ ਮਦਦ ਲਈ DSGMC ਨੂੰ 2 ਕਰੋੜ ਰੁਪਏ ਦੇਣ ਨੂੰ ਲੈ ਕੇ ਸੁਪਰਸਟਾਰ ਅਮਿਤਾਭ ਬੱਚਨ ਸੁਰਖੀਆਂ ‘ਚ ਹਨ ਜਾਂ  ਕਹਿ ਦਈਏ ਕਿ ਵਿਵਾਦਾਂ ‘ਚ ਹਨ। ਕਿਉਂਕਿ ਇਸ ਦਾਨ ਤੋਂ ਬਾਅਦ ਇੱਕ ਵਾਰ ਫਿਰ ਅਮਿਤਾਭ ਦਾ ਨਾੰਅ 84 ਦੰਗਿਆਂ ਦੇ ਨਾਲ ਜੋੜਿਆ ਜਾਣ ਲੱਗਿਆ ਹੈ। ਮੰਗ ਉਠ ਰਹੀ ਹੈ ਕਿ DSGMC ਅਮਿਤਾਭ ਨੂੰ ਉਹਨਾਂ ਦੇ 2 ਕਰੋੜ ਰੁਪਏ ਵਾਪਸ ਦੇਣ। DSGMC ਪ੍ਰਧਾਨ ਇਸ ਤੋਂ ਇਨਕਾਰ ਕਰ ਚੁੱਕੇ ਹਨ ਅਤੇ ਅਮਿਤਾਭ ਨੇ ਵੀ ਕੋਈ ਪ੍ਰਤੀਕਿਰਿਆ ਨਹੀ ਦਿੱਤੀ, ਪਰ ਇਸ ਵਿਚਾਲੇ ਹੁਣ ਬਿਗ ਬੀ ਦੀ ਇੱਕ 10 ਸਾਲ ਪੁਰਾਣੀ ਚਿੱਠੀ ਸਾਹਮਣੇ ਆਈ ਹੈ।

ਚਿੱਠੀ ‘ਚ ਅਮਿਤਾਭ ਦਾ ਸਪੱਸ਼ਟੀਕਰਨ

ਇਹ ਚਿੱਠੀ ਅਮਿਤਾਭ ਬੱਚਨ ਨੇ ਸਾਲ 2011 ‘ਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖੀ ਸੀ। ਇਸ ਚਿੱਠੀ ‘ਚ ਅਮਿਤਾਭ ਬੱਚਨ ਵੱਲੋਂ ਉਹਨਾਂ ‘ਤੇ ਲੱਗੇ ਸਿੱਖ ਕਤਲੇਆਮ ਲਈ ਭੀੜ ਨੂੰ ਉਕਸਾਉਣ ਵਾਲੇ ਇਲਜ਼ਾਮਾਂ ‘ਤੇ ਸਪੱਸ਼ਟੀਕਰਨ ਦਿੱਤਾ ਗਿਆ ਸੀ। ਪੱਤਰ ‘ਚ ਉਹਨਾਂ ਨੇ ਸਾਫ਼ ਕਿਹਾ ਸੀ ਕਿ ਉਹ ਸਿੱਖ ਕੌਮ ਨੂੰ ਠੇਸ ਪਹੁੰਚਾਉਣ ਬਾਰੇ ਸਪਨੇ ‘ਚ ਵੀ ਨਹੀਂ ਸੋਚ ਸਕਦੇ। 1984 ‘ਚ ਸਿੱਖ ਕਤਲੇਆਮ ਦੌਰਾਨ ਉਹਨਾਂ ‘ਤੇ ਹਿੰਸਾ ਭੜਕਾਉਣ ਦੇ ਲਗਾਏ ਜਾ ਰਹੇ ਇਲਜ਼ਾਮ ਗਲਤ ਹਨ।

84 ਦੇ ਦੰਗੇ ਕਾਲਾ ਚੈਪਟਰ- ਅਮਿਤਾਭ

ਅਮਿਤਾਭ ਬੱਚਨ ਨੇ ਪੱਤਰ ‘ਚ ਸਾਫ਼ ਤੌਰ ‘ਤੇ ਲਿਖਿਆ ਸੀ ਕਿ ਨਹਿਰੂ-ਗਾਂਧੀ ਪਰਿਵਾਰ ਨਾਲ ਉਹਨਾਂ ਦੇ ਸਬੰਧ ਰਹੇ ਹਨ। ਹਰ ਸੁੱਖ-ਦੁੱਖ ‘ਚ ਉਹ ਇੱਕ-ਦੂਜੇ ਦੇ ਘਰ ਆਉਂਦੇ-ਜਾਂਦੇ ਸਨ, ਪਰ ਦੰਗਿਆਂ ‘ਚ ਉਹਨਾਂ ਦੀ ਕੋਈ ਭੂਮਿਕਾ ਨਹੀਂ ਹੈ। ਉਹਨਾਂ ਨੇ ਲਿਖਿਆ, “1984 ‘ਚ ਸਿੱਖ ਵਿਰੋਧੀ ਦੰਗਿਆਂ ਦੀ ਘਟਨਾ ਦੇਸ਼ ਦੇ ਇਤਿਹਾਸ ‘ਚ ਹਮੇਸ਼ਾ ਇੱਕ ਧੁੰਦਲਾ ਅਤੇ ਕਾਲਾ ਚੈਪਟਰ ਹੈ।” ਉਹਨਾਂ ਨੇ ਪੱਤਰ ‘ਚ ਇਹ ਵੀ ਲਿਖਿਆ ਕਿ ਉਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਕਦੇ ਠੇਸ ਨਹੀਂ ਪਹੁੰਚਾ ਸਕਦੇ, ਕਿਉਂਕਿ ਉਹਨਾਂ ਦਾ ਪਰਿਵਾਰ ਉਹਨਾਂ ਨੂੰ ਸਿੱਖੀ ਬਾਰੇ ਹੀ ਦੱਸਦਾ ਰਿਹਾ ਹੈ।

ਕਿਉਂ ਲਿਖੀ ਸੀ ਚਿੱਠੀ ?

ਅਮਿਤਾਭ ਬੱਚਨ ਨੇ ਇਹ ਪੱਤਰ ਉਸ ਵੇਲੇ ਲਿਖਿਆ, ਜਦੋਂ ਖਾਲਸਾ ਪੰਥ ਦੇ ਜਨਮ ਅਸਥਾਨ ਸ੍ਰੀ ਅਨੰਦਪੁਰ ਸਾਹਿਬ ‘ਚ ਇਤਿਹਾਸਕ ਇਮਾਰਤ ਵਿਰਾਸਤ-ਏ-ਖਾਲਸਾ ਦੇ ਉਦਘਾਟਨੀ ਸਮਾਗਮ ‘ਚ ਸ਼ਾਮਲ ਹੋਣ ਲਈ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਸੱਦਾ ਭੇਜਿਆ ਗਿਆ ਸੀ। ਉਹਨਾਂ ਨੇ ਇਹ ਸੱਦਾ ਸਵੀਕਾਰ ਵੀ ਕਰ ਲਿਆ ਸੀ ਅਤੇ ਇਸ ਸਮਾਗਮ ‘ਚ ਆਉਣਾ ਚਾਹੁੰਦੇ ਸਨ। ਬਾਅਦ ‘ਚ ਉਹਨਾਂ ਨੇ ਇਸ ਲਈ ਇਨਕਾਰ ਕਰ ਦਿੱਤਾ, ਕਿਉਂਕਿ ਉਹ ਇਸ ਇਤਿਹਾਸਕ ਸਮਾਗਮ ‘ਚ ਕਿਸੇ ਸ਼ਰਮਿੰਦਗੀ ਦਾ ਕਾਰਨ ਨਹੀਂ ਬਣਨਾ ਚਾਹੁੰਦੇ ਸਨ। ਜਦੋਂ ਸਮਾਗਮ ਖ਼ਤਮ ਹੋ ਗਿਆ, ਤਾਂ ਉਹਨਾਂ ਨੇ ਆਪਣੇ ਉੱਪਰ ਲਗਾਏ ਇਲਜ਼ਾਮਾਂ ਦਾ ਖੰਡਨ ਕੀਤਾ ਸੀ।

ਹੁਣ ਕੀ ਹੈ ਨਵਾਂ ਵਿਵਾਦ ?

ਦੱਸਣਯੋਗ ਹੈ ਕਿ ਕੋਰੋਨਾ ਮਰੀਜ਼ਾਂ ਦੀ ਮਦਦ ਲਈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਕੋਵਿਡ ਹਸਪਤਾਲ ਤਿਆਰ ਕੀਤਾ ਹੈ, ਜਿਸਦੇ ਲਈ ਦੁਨੀਆ ਭਰ ਤੋਂ ਮਦਦ ਮਿਲ ਰਹੀ ਹੈ। ਅਮਿਤਾਭ ਬੱਚਨ ਨੇ ਵੀ ਕਮੇਟੀ ਨੂੰ 2 ਕਰੋੜ ਰੁਪਏ ਦਾ ਦਾਨ ਦਿੱਤਾ ਸੀ। ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਸਣੇ ਕਈ ਸਿੱਖ ਆਗੂਆਂ ਨੇ ਇਸਦਾ ਵਿਰੋਧ ਕੀਤਾ ਸੀ ਅਤੇ ਅਮਿਤਾਭ ਨੂੰ ਸਿੱਖ ਵਿਰੋਧੀ ਦੱਸਦੇ ਹੋਏ ਉਹਨਾਂ ਨੂੰ ਪੈਸੇ ਵਾਪਸ ਕਰਨ ਦੀ ਮੰਗ ਕੀਤੀ ਸੀ। ਜੀਕੇ ਨੇ ਇਸ ਮਾਮਲੇ ‘ਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਸ਼ਿਕਾਇਤ ਕਰਕੇ ਦਖਲ ਦੀ ਮੰਗ ਕੀਤੀ ਸੀ।

RELATED ARTICLES

LEAVE A REPLY

Please enter your comment!
Please enter your name here

Most Popular

Recent Comments