Home Defence CDS ਬਿਪਿਨ ਰਾਵਤ ਨੂੰ ਆਖਰੀ ਸੈਲਿਊਟ...ਰਾਸ਼ਟਰਪਤੀ-ਪ੍ਰਧਾਨ ਮੰਤਰੀ ਸਣੇ ਤਮਾਮ ਵੱਡੇ ਲੀਡਰਾਂ ਨੇ...

CDS ਬਿਪਿਨ ਰਾਵਤ ਨੂੰ ਆਖਰੀ ਸੈਲਿਊਟ…ਰਾਸ਼ਟਰਪਤੀ-ਪ੍ਰਧਾਨ ਮੰਤਰੀ ਸਣੇ ਤਮਾਮ ਵੱਡੇ ਲੀਡਰਾਂ ਨੇ ਜਤਾਇਆ ਸੋਗ…ਇਥੇ ਪੜ੍ਹੋ ਕਿਸਨੇ ਕੀ ਕਿਹਾ?

ਬਿਓਰੋ। ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਦਾ ਬੁੱਧਵਾਰ ਨੂੰ ਤਮਿਲਨਾਡੂ ਦੇ ਕੁੰਨੂਰ ਵਿੱਚ ਇੱਕ ਹੈਲੀਕਾਪਟਰ ਹਾਦਸੇ ‘ਚ ਦੇਹਾਂਤ ਹੋ ਗਿਆ। ਇਸ ਹਾਦਸੇ ਵਿੱਚ CDS ਰਾਵਤ ਤੋਂ ਇਲਾਵਾ ਉਹਨਾਂ ਦੀ ਪਤਨੀ ਸਣੇ ਹੈਲੀਕਾਪਟਰ ‘ਚ ਸਵਾਰ 14 ਵਿੱਚੋਂ 13 ਲੋਕਾਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਦੇਸ਼ ਭਰ ਵਿੱਚ ਸੋਗ ਦੀ ਲਹਿਰ ਹੈ।

ਰਾਵਤ ਦੇ ਦੇਹਾਂਤ ਤੋਂ ਦੁਖੀ ਹਾਂ- ਰਾਸ਼ਟਰਪਤੀ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕਰਕੇ ਕਿਹਾ ਕਿ ਜਨਰਲ ਬਿਪਿਨ ਰਾਵਤ ਅਤੇ ਉਹਨਾਂ ਦੀ ਪਤਨੀ ਮਧੁਲਿਕਾ ਜੀ ਦੇ ਦੇਹਾਂਤ ਤੋਂ ਦੁਖੀ ਅਤੇ ਹੈਰਾਨ ਹਾਂ। ਦੇਸ਼ ਨੇ ਆਪਣੇ ਸਭ ਤੋਂ ਬਹਾਦਰ ਪੁੱਤਰਾਂ ‘ਚੋਂ ਇੱਕ ਨੂੰ ਗੁਆ ਦਿੱਤਾ। ਮਾਤਭੂਮੀ ਲਈ ਉਹਨਾਂ ਦੀ 4 ਦਹਾਕਿਆਂ ਦੀ ਨਿਸਵਾਰਥ ਸੇਵਾ ਅਸਧਾਰਨ ਵੀਰਤਾ ਨਾਲ ਚਿੰਨ੍ਹਿਤ ਸੀ। ਉਹਨਾਂ ਦੇ ਪਰਿਵਾਰ ਪ੍ਰਤੀ ਮੇਰੀ ਹਮਦਰਦੀ।

ਰਾਵਤ ਨੂੰ ਕਦੇ ਨਹੀਂ ਭੁੱਲੇਗਾ ਦੇਸ਼- PM

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹਾਦਸੇ ‘ਤੇ ਦੁੱਖ ਜਤਾਉਂਦਿਆਂ ਕਿਹਾ, “ਮੈਂ ਤਮਿਲਨਾਡੂ ‘ਚ ਹੋਏ ਹੈਲੀਕਾਪਟਰ ਹਾਦਸੇ ਤੋਂ ਬੇਹੱਦ ਦੁਖੀ ਹਾਂ, ਜਿਸ ਵਿੱਚ ਅਸੀਂ ਜਨਰਲ ਬਿਪਿਨ ਰਾਵਤ, ਉਹਨਾਂ ਦੀ ਪਤਨੀ ਅਤੇ ਸਸ਼ਤਰ ਬਲਾਂ ਦੇ ਹੋਰ ਕਰਮੀਆਂ ਨੂੰ ਗੁਆ ਦਿੱਤਾ ਹੈ। ਉਹਨਾਂ ਨੇ ਪੂਰੀ ਲਗਨ ਨਾਲ ਭਾਰਤ ਦੀ ਸੇਵਾ ਕੀਤੀ। ਮੇਰੀ ਹਮਦਰਦੀ ਪੀੜਤ ਪਰਿਵਾਰਾਂ ਦੇ ਨਾਲ ਹੈ।”

ਬਿਪਿਨ ਰਾਵਤ ਦੇ ਯੋਗਦਾਨ ਬਾਰੇ ਪੀਐੱਮ ਮੋਦੀ ਨੇ ਕਿਹਾ, “ਜਨਰਲ ਬਿਪਿਨ ਰਾਵਤ ਬਿਹਤਰੀਨ ਫੌਜੀ ਸਨ। ਇੱਕ ਸੱਚੇ ਦੇਸ਼ਭਗਤ। ਭਾਰਤ ਦੇ ਪਹਿਲੇ CDS ਦੇ ਰੂਪ ‘ਚ ਸਾਡੇ ਸਸ਼ਤਰ ਬਲਾਂ ਅਤੇ ਸੁਰੱਖਿਆ ਤੰਤਰ ਦੇ ਆਧੁਨਿਕੀਕਰਨ ‘ਚ ਵੱਡਾ ਯੋਗਦਾਨ ਦਿੱਤਾ।” ਉਹਨਾਂ ਕਿਹਾ ਕਿ ਭਾਰਤ ਦੇ ਪਹਿਲੇ CDS ਦੇ ਰੂਪ ‘ਚ ਜਨਰਲ ਰਾਵਤ ਨੇ ਰੱਖਿਆ ਸੁਧਾਰਾਂ ਸਣੇ ਸਾਡੇ ਸੁਰੱਖਿਆ ਬਲਾਂ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ‘ਤੇ ਕੰਮ ਕੀਤਾ। ਉਹ ਆਪਣੇ ਨਾਲ ਫੌਜ ਵਿੱਚ ਸੇਵਾ ਕਰਨ ਦਾ ਇੱਕ ਚੰਗਾ ਤਜ਼ਰਬਾ ਲੈ ਕੇ ਆਏ। ਭਾਰਤ ਉਹਨਾਂ ਦੀ ਅਸਧਾਰਨ ਸੇਵਾ ਨੂੰ ਕਦੇ ਨਹੀਂ ਭੁੱਲੇਗਾ।

ਦੇਸ਼ ਲਈ ਬੇਹੱਦ ਦੁਖਦ ਦਿਨ- ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਟਵੀਟ ਕਰਕੇ ਹਾਦਸੇ ‘ਤੇ ਦੁੱਖ ਜਤਾਇਆ। ਉਹਨਾਂ ਕਿਹਾ ਕਿ ਦੇਸ਼ ਲਈ ਇੱਕ ਬਹੁਤ ਹੀ ਦੁਖਦ ਦਿਨ, ਕਿਉਂਕਿ ਅਸੀਂ ਆਪਣੇ CDS ਜਨਰਲ ਬਿਪਿਨ ਰਾਵਤ ਜੀ ਨੂੰ ਇੱਕ ਬੇਹੱਦ ਹੀ ਦੁਖਦ ਹਾਦਸੇ ‘ਚ ਗੁਆ ਦਿੱਤਾ ਹੈ। ਉਹ ਸਾਡੇ ਬਹਾਦਰ ਫੌਜੀਆਂ ਵਿੱਚੋਂ ਇੱਕ ਸਨ, ਜਿਹਨਾਂ ਨੇ ਪੂਰੀ ਭਗਤੀ ਦੇ ਨਾਲ ਮਾਤਭੂਮੀ ਦੀ ਸੇਵਾ ਕੀਤੀ ਹੈ। ਉਹਨਾਂ ਦੇ ਅਨੁਕਰਨੀ ਯੋਗਦਾਨ ਅਤੇ ਪ੍ਰਤੀਬੱਧਤਾ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਮੈਨੂੰ ਗਹਿਰਾ ਦੁੱਖ ਹੋਇਆ ਹੈ।

ਰਾਵਤ ਨੇ ਪੂਰੇ ਮਨ ਨਾਲ ਦੇਸ਼ ਸੇਵਾ ਕੀਤੀ- ਰਾਜਨਾਥ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਟਵੀਟ ਕਰਦੇ ਹੋਏ ਕਿਹਾ ਕਿ ਜਨਰਲ ਰਾਵਤ ਨੇ ਅਸਧਾਰਨ ਹਿੰਮਤ ਅਤੇ ਪੂਰੇ ਮਨ ਨਾਲ ਦੇਸ਼ ਦੀ ਸੇਵਾ ਕੀਤੀ। ਪਹਿਲਾਂ ਚੀਫ ਆਫ ਡਿਫੈਂਸ ਸਟਾਫ ਦੇ ਰੂਪ ‘ਚ ਉਹਨਾਂ ਨੇ ਸਾਡੇ ਸੁਰੱਖਿਆ ਬਲਾਂ ਦੀ ਇਕਜੁਟਤਾ ਦੀ ਯੋਜਨਾ ਤਿਆਰ ਕੀਤੀ ਸੀ।

ਦੁੱਖ ਦੇ ਸਮੇਂ ‘ਚ ਪੂਰਾ ਭਾਰਤ ਇਕਜੁੱਟ- ਰਾਹੁਲ

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ, “ਮੇਰੀ ਹਮਦਰਦੀ ਜਨਰਲ ਰਾਵਤ ਅਤੇ ਉਹਨਾਂ ਦੀ ਪਤਨੀ ਦੇ ਪਰਿਵਾਰ ਦੇ ਨਾਲ ਹੈ। ਇਹ ਇੱਕ ਬੇਹੱਦ ਮੰਦਭਾਗੀ ਘਟਨਾ ਸੀ। ਇਸ ਮੁਸ਼ਕਿਲ ਘੜੀ ਵਿੱਚ ਅਸੀਂ ਉਹਨਾਂ ਦੇ ਨਾਲ ਹਾਂ। ਹਾਦਸੇ ‘ਚ ਜਾਨ ਗਵਾਉਣ ਵਾਲੇ ਸਾਰੇ ਲੋਕਾਂ ਨੂੰ ਸ਼ਰਧਾਂਜਲੀ। ਇਸ ਦੁੱਖ ਦੀ ਘੜੀ ‘ਚ ਭਾਰਤ ਇਕਜੁੱਟ ਖੜ੍ਹਾ ਹੈ।”

ਪੰਜਾਬ ਦੇ CM ਨੇ ਵੀ ਜਤਾਇਆ ਦੁੱਖ

ਪੰਜਾਬ ਦੇ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਵੀ ਸੋਗ ਜਤਾਇਆ ਅਤੇ ਟਵਿਟਰ ‘ਤੇ ਲਿਖਿਆ, “ਦੁੱਖਦਾਈ ਹੈਲੀਕਾਪਟਰ ਹਾਦਸੇ ‘ਚ CDS ਬਿਪਿਨ ਰਾਵਤ, ਉਹਨਾਂ ਦੀ ਪਤਨੀ ਅਤੇ ਬਾਕੀ ਲੋਕਾਂ ਦੀ ਮੌਤ ‘ਤੇ ਮੇਰੀ ਡੂੰਘੀ ਹਮਦਰਦੀ ਹੈ।” ਸੀਐੱਮ ਨੇ ਪਰਿਵਾਰਾਂ ਦੇ ਨਾਲ ਹਮਦਰਦੀ ਜਤਾਈ ਹੈ।

ਕੈਪਟਨ ਤੇ ਸੁਖਬੀਰ ਨੇ ਵੀ ਦਿੱਤੀ ਸ਼ਰਧਾਂਜਲੀ

ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ, “ਇੱਕ ਮੰਦਭਾਗੇ ਹੈਲੀਕਾਪਟਰ ਕ੍ਰੈਸ਼ ਵਿਚ CDS ਬਿਪਿਨ ਰਾਵਤ ਦੇ ਅਚਨਚੇਤ ਹੋਏ ਦੇਹਾਂਤ ਤੋਂ ਦੁਖੀ ਹਾਂ। ਬੇਹੱਦ ਸਨਮਾਨ ਅਤੇ ਲਗਨ ਦੇ ਨਾਲ ਉਨ੍ਹਾਂ ਨੇ ਦੇਸ਼ ਦੀ ਸੇਵਾ ਕੀਤੀ ਹੈ। ਮੇਰੀ ਦਿਲੋਂ ਹਮਦਰਦੀ। RIP

ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਹਾਦਸੇ ‘ਤੇ ਦੁੱਖ ਜਤਾਇਆ। ਉਹਨਾਂ ਲਿਖਿਆ, “ਵਿਛੜੀਆਂ ਰੂਹਾਂ ਨੂੰ ਮੇਰੀ ਸ਼ਰਧਾਂਜਲੀ। ਅਕਾਲ ਪੁਰਖ ਦੁਖੀ ਪਰਿਵਾਰਾਂ ਨੂੰ ਸਦਮਾ ਬਰਦਾਸ਼ਤ ਕਰਨ ਦਾ ਬਲ ਬਖਸ਼ੇ। ਇੱਕ ਫੌਜੀ ਕਦੇ ਨਹੀਂ ਮਰਦਾ, ਉਹ ਅਮਰ ਹੋ ਜਾਂਦਾ ਹੈ।”

RELATED ARTICLES

LEAVE A REPLY

Please enter your comment!
Please enter your name here

Most Popular

Recent Comments