ਚੰਡੀਗੜ੍ਹ। ਪੰਜਾਬ ‘ਚ ਵਧਦੇ ਕੋਰੋਨਾ ਦੇ ਮਾਮਲੇ ਦਿਨ-ਬ-ਦਿਨ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ। ਤੇ ਹੁਣ ਇੱਕ ਅਜਿਹਾ ਰੁਝਾਨ ਸਾਹਮਣੇ ਆਇਆ ਹੈ, ਜਿਸਨੇ ਲੋਕਾਂ ‘ਚ ਹੋਰ ਵੀ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਲੁਧਿਆਣਾ ਦੇ CMC ਹਸਪਤਾਲ ਵੱਲੋਂ ਜਾਰੀ ਰੁਝਾਨ ਮੁਤਾਬਕ 6 ਅਪ੍ਰੈਲ, 2021 ਨੂੰ ਕੋਰੋਨਾ ਪੀਕ ‘ਤੇ ਹੋਵੇਗਾ।
ਮੰਗਲਵਾਰ ਨੂੰ ਚੰਡੀਗੜ੍ਹ ‘ਚ ਹੋਈ ਕੋਵਿਡ ਰਿਵਿਊ ਬੈਠਕ ‘ਚ CMC ਲੁਧਿਆਣਾ ਵੱਲੋਂ ਪੇਸ਼ ਕੀਤੇ ਰੁਝਾਨ ਦੱਸਦਿਆਂ ਇਹ ਸੂਚਨਾ ਦਿੱਤੀ ਗਈ ਕਿ ਕੁਝ ਜ਼ਿਲ੍ਹਿਆਂ ਵਿੱਚ ਪਾਜ਼ੇਟਿਵ ਕੇਸਾਂ ਅਤੇ ਮੌਤਾਂ ਦੀ ਗਿਣਤੀ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਵਧਦੇ ਕੇਸਾਂ ਸਬੰਧੀ ਇਸ ਰੁਝਾਨ ਅਨੁਸਾਰ 6 ਅਪ੍ਰੈਲ, 2021 ਨੂੰ ਕੋਰੋਨਾ ਦਾ ਪੀਕ ਹੋਵੇਗਾ। ਅਨੁਮਾਨਾਂ ਮੁਤਾਬਕ ਮਈ, 2021 ਦੇ ਅੱਧ ਜਾਂ ਅਖੀਰ ਵਿੱਚ ਕੇਸਾਂ ਦੀ ਗਿਣਤੀ ਘਟਣ ਲੱਗੇਗੀ।
ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਕਿ ਜਲੰਧਰ, ਲੁਧਿਆਣਾ, ਪਟਿਆਲਾ, ਮੋਹਾਲੀ, ਹੁਸ਼ਿਆਰਪੁਰ ਤੇ ਕਪੂਰਥਲਾ ਵਿੱਚ ਹੋਰ ਕੇਸ ਆਉਣ ਦੀ ਸੰਭਾਵਨਾ ਹੈ ਅਤੇ ਇਹ ਵੀ ਸੰਭਾਵਨਾ ਹੈ ਕਿ 40 ਸਾਲ ਜਾਂ ਇਸ ਤੋਂ ਘੱਟ ਦੇ ਨੌਜਵਾਨਾਂ ਵਿੱਚ ਇਹ ਕੇਸ ਸਭ ਤੋਂ ਵੱਧ ਹੋਣਗੇ।