ਬਿਓਰੋ। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਵੀ ਕੋਰੋਨਾ ਦੀ ਚਪੇਟ ‘ਚ ਆ ਗਏ ਹਨ। ਹਰਮਨਪ੍ਰੀਤ ਨੂੰ ਪਿਛਲੇ 4 ਦਿਨਾਂ ਤੋਂ ਬੁਖਾਰ ਸੀ, ਜਿਸ ਤੋਂ ਬਾਅਦ ਸੋਮਵਾਰ ਨੂੰ ਉਹਨਾਂ ਨੇ ਆਪਣਾ ਟੈਸਟ ਕਰਵਾਇਆ ਅਤੇ ਮੰਗਲਵਾਰ ਨੂੰ ਆਈ ਰਿਪੋਰਟ ‘ਚ ਉਹ ਸੰਕ੍ਰਮਿਤ ਪਾਏ ਗਏ ਹਨ। ਹਾਲਾਂਕਿ ਉਹਨਾਂ ਦੀ ਤਬੀਅਤ ਠੀਕ ਦੱਸੀ ਜਾ ਰਹੀ ਹੈ ਅਤੇ ਉਹਨਾਂ ਨੇ ਖੁਦ ਨੂੰ ਘਰ ‘ਚ ਹੀ ਆਈਸੋਲੇਟ ਕੀਤਾ ਹੈ।
ਹਰਮਨਪ੍ਰੀਤ ਨੇ ਟਵਿਟਰ ਜ਼ਰੀਏ ਖੁਦ ਦੇ ਸੰਕ੍ਰਮਿਤ ਹੋਣ ਬਾਰੇ ਜਾਣਕਾਰੀ ਦਿੱਤੀ। ਅਤੇ ਉਹਨਾਂ ਸਾਰਿਆਂ ਨੂੰ ਵੀ ਟੈਸਟ ਕਰਵਾਉਣ ਲਈ ਕਿਹਾ, ਜੋ ਪਿਛਲੇ ਦਿਨੀਂ ਹਰਮਨ ਦੇ ਸੰਪਰਕ ‘ਚ ਆਏ ਹਨ।
ਹਰਮਨਪ੍ਰੀਤ ਹਾਲ ਹੀ ‘ਚ ਸਾਊਥ ਅਫਰੀਕਾ ਦੇ ਨਾਲ ਖੇਡੀ ਗਈ ਵਨਡੇ ਸੀਰੀਜ਼ ‘ਚ ਸ਼ਾਮਲ ਸਨ, ਪਰ 5ਵੇਂ ਮੈਚ ‘ਚ ਸੱਟ ਲੱਗਣ ਦੇ ਚਲਦੇ ਉਹ ਟੀ-20 ਸੀਰੀਜ਼ ਨਹੀਂ ਖੇਡ ਸਕੇ। 5 ਵਨਡੇ ਮੈਚਾਂ ਦੀ ਸੀਰੀਜ਼ ‘ਚ ਹਰਮਨ ਨੇ ਇੱਕ ਹਾਫ਼ ਸੈਂਚੁਰੀ ਦੇ ਨਾਲ 160 ਦੌੜਾੰ ਬਣਾਈਆਂ ਸਨ।
ਇਸ ਤੋਂ ਪਹਿਲਾਂ ਹਾਲ ਹੀ ‘ਚ ਹੋਈ ਰੋਡ ਸੇਫਟੀ ਵਰਲਡ ਸੀਰੀਜ਼ ‘ਚ ਖੇਡਣ ਵਾਲੇ 4 ਖਿਡਾਰੀ ਵੀ ਕੋਰੋਨਾ ਪਾਜ਼ੀਟਿਵ ਆ ਚੁੱਕੇ ਹਨ। ਇਹਨਾਂ ‘ਚ ਸਚਿਨ ਤੇਂਦੁਲਕਰ, ਯੁਸੁਫ ਪਠਾਨ, ਇਰਫਾਨ ਪਠਾਨ ਅਤੇ ਸੁਬਰਮਣੀਅਮ ਬਦਰੀਨਾਥ ਦਾ ਨਾੰਅ ਸ਼ਾਮਲ ਹੈ। ਹਾਲਾਂਕਿ ਯੁਵਰਾਜ ਸਿੰਘ ਤੇ ਮੁਹੰਮਦ ਕੈਫ ਵਰਗੇ ਖਿਡਾਰੀਆਂ ਦੇ ਸਿਰ ‘ਤੇ ਵੀ ਕੋਰੋਨਾ ਦਾ ਸਾਇਆ ਮੰਡਰਾ ਰਿਹਾ ਹੈ। ਕਿਉਂਕਿ 16 ਮਾਰਚ ਨੂੰ ਸਚਿਨ ਤੇਂਦੁਲਕਰ ਨੇ ਡ੍ਰੈਸਿੰਗ ਰੂਮ ‘ਚ ਇਹਨਾਂ ਸਾਰੇ ਖਿਡਾਰੀਆਂ ਨਾਲ ਕੇਕ ਕੱਟਿਆ ਸੀ।