ਨਵੀਂ ਦਿੱਲੀ। ਪੰਜਾਬ ‘ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬੀਜੇਪੀ ਨੇ ਵੀ ਆਪਣੀ ਤਿਆਰੀ ਤੇਜ਼ ਕਰ ਦਿੱਤੀ ਹੈ। ਆਮ ਤੌਰ ‘ਤੇ ਹਿੰਦੂਆਂ ਦੀ ਪਾਰਟੀ ਮੰਨੇ ਜਾਣ ਵਾਲੀ ਬੀਜੇਪੀ ਦੀ ਨਜ਼ਰ ਹੁਣ ਸਿੱਖ ਵੋਟ ਬੈਂਕ ‘ਤੇ ਹੈ। ਬੁੱਧਵਾਰ ਨੂੰ ਬੀਜੇਪੀ ਨੇ ਦਿੱਲੀ ‘ਚ ਕਈ ਸਿੱਖ ਚਿਹਰਿਆਂ ਨੂੰ ਇਕੱਠੇ ਪਾਰਟੀ ‘ਚ ਸ਼ਾਮਲ ਕਰਵਾਇਆ।
ਦਿੱਲੀ ‘ਚ ਬੀਜੇਪੀ ਦੇ ਮੁੱਖ ਦਫ਼ਤਰ ‘ਚ ਆਯੋਜਿਤ ਪ੍ਰੋਗਰਾਮ ‘ਚ ਵੱਖ-ਵੱਖ ਖੇਤਰਾਂ ਨਾਲ ਸਬੰਧਤ 7 ਸਿੱਖ ਚਿਹਰੇ ਬੀਜੇਪੀ ‘ਚ ਸ਼ਾਮਲ ਹੋਏ, ਜਿਹਨਾਂ ‘ਚ ਵਧੇਰੇਤਰ ਸਿੱਖ ਬੁੱਧੀਜੀਵੀ ਹਨ। ਹਾਲਾਂਕਿ ਇਹਨਾਂ ‘ਚੋਂ ਕੋਈ ਵੀ ਸਿਆਸੀ ਤੌਰ ‘ਤੇ ਵੱਧ ਸਰਗਰਮ ਨਹੀਂ ਹਨ, ਪਰ ਪਾਰਟੀ ਦਾ ਮੰਨਣਾ ਹੈ ਕਿ ਅਗਾਮੀ ਚੋਣਾਂ ‘ਚ ਇਸਦਾ ਫ਼ਾਇਦਾ ਮਿਲੇਗਾ।
ਕੌਣ-ਕੌਣ ਸ਼ਾਮਲ ਹੋਇਆ ?
- ਜਸਵਿੰਦਰ ਸਿੰਘ, ਸਾਬਕਾ ਵੀਸੀ, ਗੁਰੂ ਕਾਸ਼ੀ ਯੂਨੀਵਰਸਿਟੀ
- ਹਰਿੰਦਰ ਸਿੰਘ ਕਾਹਲੋਂ, ਸਾਬਕਾ ਪ੍ਰਧਾਨ, AISSF
- ਕੁਲਦੀਪ ਸਿੰਘ, ਸਾਬਕਾ ਪ੍ਰਧਾਨ, AISSF
- ਰਿਟਾਇਰਡ ਕਰਨਲ ਜੈਬੰਸ ਸਿੰਘ, ਪਟਿਆਲਾ
- ਐਡਵੋਕੇਟ ਨਿਰਮਲ ਸਿੰਘ, ਮੋਹਾਲੀ
- ਐਡਵੋਕੇਟ ਜਗਮੋਹਨ ਸਿੰਘ, ਪਟਿਆਲਾ
- ਛੱਤਰਪਾਲ ਸਿੰਘ, ਸਾਬਕਾ ਅਕਾਲੀ ਆਗੂ
ਸ਼ਾਹ, ਨੱਢਾ ਦੇ ਨਾਲ ਮੈਰਾਥਨ ਮੰਥਨ
ਬੀਜੇਪੀ ‘ਚ ਇਹਨਾਂ ਸਿੱਖ ਚਿਹਰਿਆਂ ਨੂੰ ਸ਼ਾਮਲ ਕਰਨ ਤੋਂ ਇੱਕ ਦਿਨ ਪਹਿਲਾਂ ਮੰਗਲਵਾਰ ਨੂੰ ਦਿੱਲੀ ‘ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬੀਜੇਪੀ ਦੀ ਵੱਡੀ ਬੈਠਕ ਹੋਈ। ਅਮਿਤ ਸ਼ਾਹ ਅਤੇ ਜੇਪੀ ਨੱਢਾ ਦੀ ਅਗਵਾਈ ‘ਚ ਹੋਈ ਬੈਠਕ ‘ਚ ਪੰਜਾਬ ਬੀਜੇਪੀ ਦੇ ਇੰਚਾਰਜ, ਪ੍ਰਧਾਨ ਸਣੇ ਤਮਾਮ ਆਗੂ ਸ਼ਾਮਲ ਹੋਏ। ਸ਼ਾਹ ਨੇ ਪਾਰਟੀ ਆਗੂਆਂ ਤੋਂ ਪੂਰੇ ਸਿਆਸੀ ਹਾਲਾਤ ਦਾ ਫੀਡਬੈਕ ਲਿਆ ਅਤੇ ਪੂਰੀ ਮਜਬੂਤੀ ਨਾਲ ਅੱਗੇ ਵਧਣ ਦੀ ਹਦਾਇਤ ਦਿੱਤੀ।
ਇਸ ਵਾਰ ਇਕੱਲੇ ਚੋਣ ਲੜਨ ਦੀ ਚੁਣੌਤੀ
ਪੰਜਾਬ ‘ਚ ਬੀਜੇਪੀ ਹੁਣ ਤੱਕ ਅਕਾਲੀ ਦਲ ਨਾਲ ਚੋਣ ਲੜਦੀ ਰਹੀ ਹੈ ਅਤੇ 10 ਸਾਲਾਂ ਤੱਕ ਬਾਦਲ ਸਰਕਾਰ ‘ਚ ਹਿੱਸੇਦਾਰ ਵੀ ਰਹੀ ਹੈ। ਪਰ ਖੇਤੀ ਕਾਨੂੰਨਾਂ ਦੇ ਚਲਦੇ ਦੋਵੇਂ ਪਾਰਟੀਆਂ ਦੀਆਂ ਰਾਹਾਂ ਵੱਖ-ਵੱਖ ਹੋ ਚੁੱਕੀਆਂ ਹਨ। ਬੀਜੇਪੀ ਦਾ ਸਾਥ ਛੱਡਣ ਤੋਂ ਬਾਅਦ ਅਕਾਲੀ ਦਲ ਨੇ BSP ਨਾਲ ਗਠਜੋੜ ਕਰਕੇ ਦਲਿਤਾਂ ਨੂੰ ਲੁਭਾਉਣ ਦੀ ਕੋਸ਼ਿਸ਼ ‘ਚ ਹੈ, ਉਥੇ ਹੀ ਬੀਜੇਪੀ ਇਕੱਲੇ ਆਪਣੇ ਦਮ ‘ਤੇ 117 ਸੀਟਾਂ ਉੱਪਰ ਚੋਣ ਲੜਨ ਦੀ ਤਿਆਰੀ ‘ਚ ਹੈ। ਲਿਹਾਜ਼ਾ ਪਾਰਟੀ ਹਿੰਦੂਆਂ ਦੇ ਨਾਲ-ਨਾਲ ਸਿੱਖਾਂ ਨੂੰ ਵੀ ਆਪਣੇ ਨਾਲ ਲਿਆਉਣਾ ਚਾਹੁੰਦੀ ਹੈ।