ਚੰਡੀਗੜ੍ਹ। ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ SIT ਨੇ ਸਾਬਕਾ ਸੀਐੱਮ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਲਈ ਹੁਣ 22 ਜੂਨ ਦੀ ਤਾਰੀਖ ਤੈਅ ਕਰ ਦਿੱਤੀ ਹੈ। ਪਹਿਲਾਂ ਉਹਨਾਂ ਤੋਂ 16 ਜੂਨ ਨੂੰ ਪੁੱਛਗਿੱਛ ਹੋਣੀ ਸੀ, ਪਰ ਬਾਦਲ ਨੇ ਬਿਮਾਰੀ ਦਾ ਹਵਾਲਾ ਦੇ ਕੇ ਤਾਰੀਖ ਅੱਗੇ ਪਾਉਣ ਦੀ ਮੰਗ ਕੀਤੀ ਸੀ।
ਇਸਦੇ ਨਾਲ ਹੀ SIT ਵੱਲੋਂ ਪੁੱਛਗਿੱਛ ਦੀ ਜਗ੍ਹਾ ‘ਚ ਵੀ ਤਬਦੀਲੀ ਕੀਤੀ ਗਈ ਹੈ। ਪਹਿਲਾਂ SIT ਵੱਲੋਂ ਬਾਦਲ ਨੂੰ PSPCL ਦੇ ਰੈਸਟ ਹਾਊਸ ‘ਚ ਸੱਦਿਆ ਗਿਆ ਸੀ, ਹੁਣ ਬਾਦਲ ਦੀ ਮੰਗ ‘ਤੇ SIT ਖੁਦ ਉਹਨਾਂ ਦੀ ਸਰਕਾਰੀ ਰਿਹਾਇਸ਼ ‘ਤੇ ਪਹੁੰਚ ਕੇ ਪੁੱਛਗਿੱਛ ਕਰੇਗੀ।
SIT ਵੱਲੋਂ ਦਿੱਤੇ ਗਏ ਵੇਰਵੇ ਮੁਤਾਬਕ, ਸਾਬਕਾ ਮੁੱਖ ਮੰਤਰੀ ਨੂੰ ਕਿਹਾ ਗਿਆ ਹੈ ਕਿ ਉਹ 22 ਜੂਨ ਨੂੰ ਸਵੇਰੇ 10.30 ਵਜੇ ਸੈਕਟਰ-4 ਵਿਚਲੇ ਆਪਣੇ MLA ਫਲੈਟ ‘ਤੇ ਉਪਲਬਧ ਰਹਿਣ ਅਤੇ ਜੇਕਰ ਕੋਈ ਸਬੂਤ ਹੈ, ਤਾਂ ਉਹ ਵੀ ਕੋਲ ਰੱਖਣ। SIT ਨੇ ਲਿਖਿਆ ਹੈ ਕਿ ਬਾਦਲ ਦੀ ਉਮਰ ਅਤੇ ਸਿਹਤ ਨੂੰ ਵੇਖਦਿਆਂ ਹੁਣ SIT ਖੁਦ ਉਹਨਾਂ ਕੋਲ ਪਹੁੰਚ ਕੇ ਪੁੱਛ-ਪੜਤਾਲ ਕਰੇਗੀ।